ਐਰੋਸਿਟੀ ਤੇ ਨੇੜਲੇ ਪਿੰਡਾਂ ਦੀ ਬਿਜਲੀ ਸਪਲਾਈ ਚਾਰ ਦਿਨਾਂ ਤੋਂ ਠੱਪ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 11 ਜੁਲਾਈ
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੇੜੇ ਪੈਂਦੀ ਐਰੋਸਿਟੀ ਅਤੇ ਈਕੋਸਿਟੀ ਸਮੇਤ ਕਈ ਨੇੜਲੇ ਪਿੰਡਾਂ ਵਿੱਚ ਪਿਛਲੇ ਚਾਰ ਦਨਿ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਐਰੋਸਿਟੀ, ਈਕੋਸਿਟੀ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਅੱਜ ਏਅਰਪੋਰਟ ਮਾਰਗ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਲੋਕਾਂ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਕੋਸਿਆ। ਲੋਕਾਂ ਨੇ ਦੱਸਿਆ ਕਿ ਚਾਰ ਦਨਿ ਤੋਂ ਬਿਜਲੀ ਬੰਦ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਕਈ ਥਾਈਂ ਅਜੇ ਵੀ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਬੀਤੇ ਦਨਿੀਂ ਆਏ ਜ਼ਰੂਰ ਸੀ ਪਰ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਕੁਝ ਨਹੀਂ ਕੀਤਾ। ਇਸੇ ਦੌਰਾਨ ਚੱਕਾ ਜਾਮ ਦੀ ਸੂਚਨਾ ਮਿਲਦਿਆਂ ਹੀ ਮੁਹਾਲੀ ਦੇ ਐੱਸਡੀਐੱਮ ਸਰਬਜੀਤ ਕੌਰ ਅਤੇ ਡੀਐੱਸਪੀ (ਸਿਟੀ-2) ਹਰਸਿਮਰਤ ਸਿੰਘ ਬੱਲ ਨੇ ਮੌਕੇ ’ਤੇ ਕੇ ਪਹੁੰਚ ਬਿਜਲੀ-ਪਾਣੀ ਦੀ ਬਹਾਲੀ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ।
ਟੀਡੀਆਈ ਦੇ ਵਸਨੀਕਾਂ ਨੇ ਵੀ ਸੂਬਾ ਸਰਕਾਰ ਅਤੇ ਬਿਲਡਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਸੈਕਟਰ ਵਾਸੀ ਪੀਕੇ ਗੁਪਤਾ, ਕੁਲਦੀਪ ਰਾਜਪੂਤ, ਸਤਨਾਮ ਸਿੰਘ, ਅਦਿੱਤਿਆ, ਚਰਨਜੀਤ ਸਿੰਘ, ਨਿਤਨਿ ਕਾਲੜਾ ਅਤੇ ਹੋਰਨਾਂ ਨੇ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਅਧਿਕਾਰੀ ਦਫ਼ਤਰ ਬੰਦ ਕਰਕੇ ਖਿਸਕ ਗਏ ਹਨ। ਇਉਂ ਹੀ ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਸੈਕਟਰ-110 ਦੇ ਬੈਨਰ ਹੇਠ ਸੈਕਟਰ-110 ਅਤੇ ਸੈਕਟਰ-111 ਦੇ ਵਸਨੀਕਾਂ ਨੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਰੂਪਨਗਰ ’ਚ ਬਿਜਲੀ ਸਪਲਾਈ ਬਹਾਲ
ਰੂਪਨਗਰ/ਘਨੌਲੀ (ਜਗਮੋਹਨ ਸਿੰਘ): ਲਗਾਤਾਰ ਤਿੰਨ ਦਨਿ ਮੀਂਹ ਪੈਣ ਤੋਂ ਬਾਅਦ ਅੱਜ ਸਵੇਰੇ ਧੁੱਪ ਨਿਕਲਣ ਉਪਰੰਤ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅੱਜ ਲੋਕਾਂ ਨੇ ਕਾਫੀ ਸਮੇਂ ਬਾਅਦ ਆਸਮਾਨ ਵਿੱਚ ਪਈ ਸਤਰੰਗੀ ਪੀਂਘ ਵੇਖੀ। ਬੀਤੀ ਰਾਤ ਮੀਂਹ ਹਟ ਜਾਣ ਉਪਰੰਤ ਅੱਜ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਦਾ ਕਾਫੀ ਘਟ ਗਿਆ। ਪਾਵਰਕੌਮ ਮੁਲਾਜ਼ਮ ਅੱਜ ਸਾਰਾ ਦਨਿ ਬਿਜਲੀ ਸਪਲਾਈ ਨੂੰ ਸੁਚਾਰੂ ਕਰਨ ਵਿੱਚ ਰੁੱਝੇ ਰਹੇ। ਸ਼ਹਿਰੀ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ, ਜਦੋਂ ਕਿ ਪਿੰਡਾਂ ਵਿੱਚ ਖੰਭਿਆਂ ਦੀਆਂ ਪੂਰੀਆਂ ਦੀਆਂ ਪੂਰੀਆਂ ਲਾਈਨਾਂ ਹੀ ਧਰਤੀ ’ਤੇ ਵਿਛਣ ਕਾਰਨ ਮਹਿਕਮੇ ਦੇ ਕਰਮਚਾਰੀ ਬਦਲਵੇ ਪ੍ਰਬੰਧਾਂ ਰਾਹੀਂ ਬਿਜਲੀ ਪਹੁੰਚਾਉਣ ਦੇ ਰਾਹ ਤਲਾਸ਼ਣ ਵਿੱਚ ਜੁਟੇ ਹੋਏ ਸਨ। ਕਈ ਕੰਪਨੀਆਂ ਦੀਆਂ ਇੰਟਰਨੈੱਟ ਸੇਵਾਵਾਂ ਦੋ ਦਿਨਾਂ ਦੀਆਂ ਤਰ੍ਹਾਂ ਅੱਜ ਤੀਜੇ ਦਨਿ ਵੀ ਠੱਪ ਰਹੀਆਂ, ਜਿਸ ਕਾਰਨ ਬੈਂਕਾਂ ਵਿੱਚ ਕੰਮ ਕਰਾਉਣ ਆਏ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।