ਕੁੱਟਮਾਰ ਮਾਮਲੇ ’ਚ ਕਾਰਵਾਈ ਨਾ ਹੋਣ ਤੋਂ ਬਿਜਲੀ ਮੁਲਾਜ਼ਮ ਖ਼ਫ਼ਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਜੁਲਾਈ
ਪਾਵਰਕੌਮ ਮੁਲਾਜ਼ਮ ਜਥੇਬੰਦੀਆਂ ਦੇ ਵਫ਼ਦ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੁਲੀਸ ਵੱਲੋਂ ਬੀਤੇ ਦਨਿੀਂ ਦੋ ਬਿਜਲੀ ਮੁਲਾਜ਼ਮ ਆਗੂਆਂ ਨਾਲ ਕੁੱਟਮਾਰ ਕਰ ਕੇ ਲੁੱਟ ਖੋਹ ਦੇ ਦੋ ਮਾਮਲਿਆਂ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਸਬੰਧਤ ਥਾਣਿਆਂ ਦੀ ਬਿਜਲੀ ਬੰਦ ਕਰਨ ਲਈ ਮਜਬੂਰ ਹੋਣਗੇ। ਇੱਥੇ ਆਗੂਆਂ ਦੇ ਵਫ਼ਦ ਨੇ ਸੁੰਦਰ ਨਗਰ ਡਿਵੀਜ਼ਨ ਦੇ ਐਕਸੀਅਨ ਜਗਮੋਹਣ ਸਿੰਘ ਜੰਡੂ ਨਾਲ ਮੁਲਾਕਾਤ ਕੀਤੀ। ਅਧਿਕਾਰੀ ਨੇ ਪੀਐਸਈਬੀ ਐਂਪਲਾਈਜ ਫੈੱਡਰੇਸ਼ਨ ਏਟਕ ਦੇ ਸੂਬਾ ਜਨਰਲ ਸਕੱਤਰ ਰਛਪਾਲ ਸਿੰਘ, ਜ਼ੋਨ ਪ੍ਰਧਾਨ ਸਤੀਸ਼ ਕੁਮਾਰ, ਟੀਐਸਯੂ ਦੇ ਸੂਬਾ ਜਥੇਬੰਦਕ ਸਕੱਤਰ ਐਡੀਸ਼ਨਲ ਐਸਡੀਓ ਇੰਜ. ਰਘਵੀਰ ਸਿੰਘ ਅਤੇ ਐਸਸੀਬੀਸੀ ਐਂਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਹੇਠਲੇ ਵਫ਼ਦ ਨੂੰ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਥਾਣਾ ਜਮਾਲਪੁਰ ਅਤੇ ਬਸਤੀ ਜੋਧੇਵਾਲ ਦੀ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਉਨ੍ਹਾਂ ਨੇ ਥਾਣਿਆਂ ਅੱਗੇ ਧਰਨੇ ਦੇਣ ਤੇ ਬਿਜਲੀ ਬੰਦ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਪੀੜ੍ਹਤ ਮੁਲਾਜਮ ਦੀਪਕ ਕੁਮਾਰ, ਕਰਤਾਰ ਸਿੰਘ, ਜੇਈ ਸਤਪਾਲ ਸਿੰਘ, ਅਮਰਜੀਤ ਸਿੰਘ, ਬਲਬੀਰ ਬੀਰਾ ਅਤੇ ਹੋਰ ਆਗੂ ਹਾਜ਼ਰ ਸਨ।