For the best experience, open
https://m.punjabitribuneonline.com
on your mobile browser.
Advertisement

ਚੋਣ ਜਿੱਤਾਂ ਦੀ ਬੱਲੇ ਬੱਲੇ ਤੋਂ ਅਗਾਂਹ

06:23 AM Dec 23, 2023 IST
ਚੋਣ ਜਿੱਤਾਂ ਦੀ ਬੱਲੇ ਬੱਲੇ ਤੋਂ ਅਗਾਂਹ
Advertisement

ਅਵਿਜੀਤ ਪਾਠਕ

ਸਫਲਤਾ ਤੇ ਜਿੱਤ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋਣਾ ਹਮੇਸ਼ਾ ਸੌਖਾ ਤੇ ਦਿਲ ਖਿੱਚਵਾਂ ਹੁੰਦਾ ਹੈ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਾਡੇ ਬਹੁਤ ਸਾਰੇ ਟੈਲੀਵਿਜ਼ਨ ਐਂਕਰ, ਸਿਆਸੀ ਵਿਸ਼ਲੇਸ਼ਕ ਅਤੇ ‘ਚੋਣ ਮਾਹਿਰ’ ਜ਼ੋਰ-ਸ਼ੋਰ ਨਾਲ ‘ਮੋਦੀ ਦੇ ਜਾਦੂ’ ਦੇ ਸੋਹਲੇ ਗਾ ਰਹੇ ਹਨ। ਉਹ ਹੋਰ ਕਰ ਵੀ ਕੀ ਸਕਦੇ ਹਨ? ਖ਼ਾਸਕਰ ਉਦੋਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਥਾਹ ਊਰਜਾ, ਬਿਆਨਬਾਜ਼ੀ ਦੀ ਤਾਕਤ ਅਤੇ ਵਿਆਪਕ ਜਨਤਕ ਅਪੀਲ ਸਦਕਾ ਇਕ ਵਾਰ ਮੁੜ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਕੱਲੇ ਹੀ ਭਾਜਪਾ ਦੀ ਜਿੱਤ ਯਕੀਨੀ ਬਣਾ ਸਕਦੇ ਹਨ; ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਸਖ਼ਤ ਮੁਕਾਬਲੇ ਵਾਲੇ ਸੂਬਿਆਂ ਤੱਕ ਵਿਚ ਵੀ, ਜਿਥੇ ਬਹੁਤ ਸਾਰੇ ਚੋਣ ਮਾਹਿਰ ਤੱਕ ਕਾਂਗਰਸ ਨੂੰ ਅਹਿਮ ਧਿਰ ਮੰਨ ਰਹੇ ਸਨ। ਫਿਰ ਵੀ ਜਿੱਤ ਦੇ ਇਸ ਸਰੂਰ ਅਤੇ ਹਾਰ ਗਿਆਂ ਦੇ ਹੌਸਲੇ ਹੋਰ ਢਹਿ ਢੇਰੀ ਹੋ ਜਾਣ ਦੌਰਾਨ ਇਹ ਸਵਾਲ ਵਾਰ-ਵਾਰ ਤੰਗ ਕਰ ਰਿਹਾ ਹੈ: ਭਾਜਪਾ ਜਿਸ ਸਿਆਸੀ-ਸੱਭਿਆਚਾਰਕ ਵਿਸ਼ਵ ਦ੍ਰਿਸ਼ਟੀ ਦੀ ਨੁਮਾਇੰਦਗੀ ਕਰਦੀ ਹੈ, ਕੀ ਉਸ ਵਿਚ ਸਭ ਕੁਝ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਇਸ ਨੂੰ ਭਾਵੇਂ ਚੋਣ ਜਿੱਤਾਂ ਦੇ ਤਰਕ ਅਤੇ ਇਸ ਨਾਲ ਜੁੜੇ ਅੰਕੜਿਆਂ ਦੇ ਹਿਸਾਬ-ਕਿਤਾਬ ਰਾਹੀਂ ਵਾਜਬ ਬਣਾਇਆ ਗਿਆ ਹੋਵੇ; ਜਾਂ ਫਿਰ ਇਸ ਮਾਮਲੇ ਵਿਚ, ਕੀ ਪ੍ਰਧਾਨ ਮੰਤਰੀ ਦੇ ਸਿਆਸੀ ਵਿਰੋਧੀ ਕਿਸੇ ਲਗਾਤਾਰ ਸੱਭਿਆਚਾਰਕ ਸੰਘਰਸ਼ ਤੋਂ ਬਿਨਾਂ ਕਦੇ ਸਫਲ ਹੋ ਸਕਦੇ ਹਨ? ਸਾਡੇ ਸਿਆਸੀ ਵਿਸ਼ਲੇਸ਼ਕ ਸ਼ਾਇਦ ਹੀ ਕਦੇ ਇਨ੍ਹਾਂ ਗੰਭੀਰ ਮੁੱਦਿਆਂ ਉਤੇ ਵਿਚਾਰ-ਚਰਚਾ ਕਰਦੇ ਹੋਣ ਜਾਂ ਮਹਿਜ਼ ਜਿੱਤਣ ਦੀ ਰਣਨੀਤੀ ਤੋਂ ਅਗਾਂਹ ਦੇਖਦੇ ਹੋਣ!
ਮਸਲਨ, ਹਾਵੀ ਸਿਆਸੀ ਵਿਖਿਆਨ ਦੀਆਂ ਤਿੰਨ ਕੇਂਦਰੀ ਖ਼ੂਬੀਆਂ ਬਾਰੇ ਸੋਚੋ ਜਿਨ੍ਹਾਂ ਨੇ ਸੱਭਿਆਚਾਰਕ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ: (ੳ) ਹਿੰਦੂਤਵ- ਪਿਆਰ ਤੇ ਕਰੁਣਾ ਦੀ ਧਾਰਮਿਕਤਾ ਵਜੋਂ ਨਹੀਂ, ਰਾਸ਼ਟਰ/ਕੌਮ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਵਾਸਤੇ ਪਛਾਣ ਚਿੰਨ੍ਹ ਵਜੋਂ; (ਅ) ਵਿਅਕਤੀ ਪੂਜਾ ਵਾਲਾ ਆਲਮ ਜਿਹੜਾ ਸਾਨੂੰ ਸਿਖਰਲੇ ਆਗੂ ਦੀਆਂ ‘ਅਲੌਕਿਕ’ ਖ਼ੂਬੀਆਂ ਰਾਹੀਂ ਕੀਲ ਲੈਣ ਵਾਲੇ ਮਹਿਜ਼ ਬੰਦੀ ਦਰਸ਼ਕਾਂ ਤੱਕ ਸੀਮਤ ਕਰ ਦਿੰਦਾ ਹੈ; ਅਤੇ (ੲ) ਟਰੌਲ ਆਰਮੀ (ਆਨਲਾਈਨ ਗਾਲੀ-ਗਲੋਚ ਕਰਨ ਤੇ ਨਫ਼ਰਤ ਫੈਲਾਉਣ ਵਾਲੇ ਲੋਕ) ਅਤੇ ਸਿਆਸੀ ਆਗੂਆਂ ਦੇ ਭਾਸ਼ਣਾਂ ਰਾਹੀਂ ਪ੍ਰਚਾਰੀ ਜਾਣ ਵਾਲੀ ਨਫ਼ਰਤ ਤੇ ਇਸ ਨਾਲ ਜੁੜੀ ਹੋਈ ਜ਼ਹਿਰੀਲੀ ਸ਼ਬਦਾਵਲੀ ਦੇ ਮਨੋਵਿਗਿਆਨ ਨੂੰ ਆਮ ਵਰਤਾਰਾ ਬਣਾ ਦਿੱਤਾ ਜਾਣਾ। ਸੱਭਿਆਚਾਰਕ ਤੇ ਮਨੋਵਿਗਿਆਨਕ ਖੇਤਰ ਵਿਚ ਲੱਗਿਆ ਇਹ ਜ਼ਖ਼ਮ ਇੰਨਾ ਡੂੰਘਾ ਹੈ ਕਿ ਕਿਸੇ ਸੱਭਿਆਚਾਰਕ ਪੁਨਰ-ਜਾਗ੍ਰਿਤੀ ਤੋਂ ਬਿਨਾਂ ਬਦਲਵੀਂ/ਆਜ਼ਾਦ ਸਿਆਸਤ ਦੀ ਕਲਪਨਾ ਕਰਨਾ ਵੀ ਨਾਮੁਮਕਿਨ ਹੈ, ਭਾਵੇਂ ਭਾਜਪਾ ਦੇ ਵਿਰੋਧੀ ਕਿਵੇਂ ਨਾ ਕਿਵੇਂ ਢੁਕਵੀਆਂ ‘ਰਣਨੀਤੀਆਂ’ ਜਾਂ ‘ਸੋਸ਼ਲ ਇੰਜਨੀਅਰਿੰਗ’ ਰਾਹੀਂ ਚੋਣਾਂ ਜਿੱਤਣ ਵਿਚ ਕਾਮਯਾਬ ਵੀ ਹੋ ਜਾਣ।
ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਤੱਤੇ/ਉਗਰ (ਮਿਲੀਟੈਂਟ) ਹਿੰਦੂਤਵ ਦੀ ਵਿਚਾਰਧਾਰਾ ਰਾਹੀਂ ਆਉਣ ਵਾਲੇ ਅਤਿ-ਰਾਸ਼ਟਰਵਾਦ ਦੇ ਬਿਰਤਾਂਤ ਦਾ ਟਾਕਰਾ ਉਸ ਤਰ੍ਹਾਂ ਦੀ ਨਰਮ ਹਿੰਦੂਤਵ ਵਰਗੀ ਚੀਜ਼ ਨਾਲ ਨਹੀਂ ਕੀਤਾ ਜਾ ਸਕਦਾ ਜਿਸ ਦੀ ਕਲਪਨਾ ਮੱਧ ਪ੍ਰਦੇਸ਼ ਵਿਚ ਕਮਲ ਨਾਥ ਵਰਗੇ ਆਗੂਆਂ ਨੇ ਕੀਤੀ ਹੈ। ਇਸੇ ਤਰ੍ਹਾਂ ਹੀ ਜਾਤ ਆਧਾਰਿਤ ਮਰਦਮਸ਼ੁਮਾਰੀ ਦਾ ਤਰਕ ਵੀ ਚੱਲ ਨਹੀਂ ਸਕਿਆ ਜਿਸ ਨੂੰ ਵਿਰੋਧੀ ਧਿਰ ਨੇ ਹਿੰਦੂਤਵ ਪ੍ਰਤੀ ਖਿੱਚ ਨੂੰ ਘਟਾਉਣ ਲਈ ਸਟੀਕ ਰਣਨੀਤੀ ਵਜੋਂ ਦੇਖਿਆ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ ਕਿਉਂਕਿ ਭਾਜਪਾ ਹੁਣ ਮਹਿਜ਼ ਉੱਚੀਆਂ ਜਾਤਾਂ ਦੇ ਕੁਲੀਨਾਂ ਦੀ ਪਾਰਟੀ ਨਹੀਂ ਰਹੀ ਸਗੋਂ ਇਸ ਨੇ ਆਪਣਾ ਆਧਾਰ ਕਾਫ਼ੀ ਫੈਲਾ ਲਿਆ ਹੈ। ਦਰਅਸਲ, ਓਬੀਸੀਜ਼ (ਹੋਰ ਪਛੜੇ ਵਰਗ) ਅਤੇ ਦੂਜੀਆਂ ਹਾਸ਼ੀਏ ’ਤੇ ਧੱਕੀਆਂ ਜਾਤਾਂ ਜਾਂ ਇਥੋਂ ਤੱਕ ਕਿ ਆਦੀਵਾਸੀ/ਕਬਾਇਲੀ ਭਾਈਚਾਰੇ ਨਾਲ ਸਬੰਧਿਤ ਸੱਤਾ ਦੇ ਖ਼ਾਹਿਸ਼ਮੰਦ ਅਜਿਹੇ ਲੋਕਾਂ ਨੂੰ ਲੱਭਣਾ ਔਖਾ ਨਹੀਂ ਹੈ ਜਿਹੜੇ ਹਿੰਦੂਤਵ ਦੀ ਉਸ ‘ਜੋੜਨ ਵਾਲੀ’ ਅਪੀਲ ਨਾਲ ਕਰੀਬੀ ਗੂੜ੍ਹੇ ਸਬੰਧ ਰੱਖਣ ਦੀ ਕੋਸ਼ਿਸ਼ ਵਿਚ ਹਨ ਜਿਸ ਰਾਹੀਂ ਆਰਐਸਐਸ ਆਪਣਾ ਨਵੀਂ ਤਰ੍ਹਾਂ ਦਾ ਦਬਦਬਾ ਬਣਾਉਣਾ ਚਾਹੁੰਦੀ ਹੈ। ਆਰਐਸਐਸ ਨੇ ਪਹਿਲਾਂ ਹੀ ਦੇਸ਼ ਵਿਚ ਆਪਣੀਆਂ ਸ਼ਾਖ਼ਾਵਾਂ ਦਾ ਵਿਸ਼ਾਲ ਜਾਲ ਫੈਲਾਇਆ ਹੋਇਆ ਹੈ। ਹੁਣ ਇਹ ਮੰਨ ਲੈਣ ਦਾ ਵੇਲਾ ਆ ਗਿਆ ਹੈ ਕਿ ਤੱਤੇ ਹਿੰਦੂ ਰਾਸ਼ਟਰਵਾਦ ਨਾਲ ਧਰਮ ਨੂੰ ਪਿਆਰ, ਕਰੁਣਾ ਅਤੇ ਸਮਾਜਿਕ ਨਿਆਂ ਦੀ ਭਾਵਨਾ ਵਜੋਂ ਮੁੜ ਪਰਿਭਾਸ਼ਿਤ ਕੀਤੇ ਬਿਨਾਂ ਨਹੀਂ ਲੜਿਆ ਜਾ ਸਕਦਾ। ਧਰਮ ਦੀ ਉਹ ਭਾਵਨਾ ਜਿਸ ਨੂੰ ਸੰਤ ਕਬੀਰ ਅਤੇ ਨਾਰਾਇਣਾ ਗੁਰੂ ਵਰਗੇ ਸਾਡੇ ਮਹਾਨ ਸੰਤਾਂ ਅਤੇ ਅਧਿਆਤਮਕ ਰਹਿਨੁਮਾਵਾਂ ਨੇ ਸਾਕਾਰ ਕੀਤਾ ਹੈ।
ਇਸੇ ਤਰ੍ਹਾਂ ਸਾਨੂੰ ਧਾਰਮਿਕ ਬਹੁਲਵਾਦ, ਸੱਭਿਆਚਾਰਕ ਵੰਨ-ਸਵੰਨਤਾ ਅਤੇ ਦਿਆਲੂ ਰਾਸ਼ਟਰਵਾਦ ਨਾਲ ਤਾਲਮੇਲ ਬਣਾ ਕੇ ਚੱਲ ਸਕਣ ਵਾਲੇ ਅਧਿਆਤਮਕਤਾ ਨਾਲ ਭਰਪੂਰ ਧਰਮ ਨਿਰਪੱਖ ਅਤੇ ਸਮਾਨਤਾਵਾਦੀ ਸਟੇਟ/ਰਿਆਸਤ ਦੇ ਵਿਚਾਰ ਨੂੰ ਹਰਮਨਪਿਆਰਾ ਬਣਾਉਣ ਲਈ ਮਹਾਤਮਾ ਗਾਂਧੀ ਤੇ ਰਵਿੰਦਰ ਨਾਥ ਟੈਗੋਰ, ਮਹਾਤਮਾ ਜੋਤੀਰਾਓ ਫੂਲੇ ਤੇ ਡਾ. ਭੀਮ ਰਾਓ ਅੰਬੇਡਕਰ ਅਤੇ ਜਵਾਹਰ ਲਾਲ ਨਹਿਰੂ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੀਆਂ ਸ਼ਖ਼ਸੀਅਤਾਂ ਤੋਂ ਸਾਰਥਕ ਅੰਤਰ-ਦ੍ਰਿਸ਼ਟੀ ਹਾਸਲ ਕਰਨ ਦੀ ਲੋੜ ਹੈ। ਇਸ ਲਈ ਮੈਕਿਆਵੇਲੀਅਨ ‘ਰਣਨੀਤੀਆਂ’ ਤੋਂ ਪਰੇ ਸੱਭਿਆਚਾਰਕ ਖੇਤਰ ਵਿਚ ਹਾਂ ਪੱਖੀ ਤੇ ਉਸਾਰੂ ਕੰਮ ਕਰਨ ਦੀ ਲੋੜ ਹੈ।
ਪ੍ਰਧਾਨ ਮੰਤਰੀ ਦੀ ਬਹੁਤ ਹੀ ਸੋਚ-ਸਮਝ ਕੇ ਸਿਰਜੀ ਗਈ ‘ਵੱਡ ਆਕਾਰੀ’ (larger than life) ਦਿੱਖ, ਹਾਕਮ ਪਾਰਟੀ ਦੇ ਅੰਦਰ ਬਾਕੀ ਸਾਰੀਆਂ ਆਵਾਜ਼ਾਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਜਾਣਾ ਅਤੇ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਜ਼ੋਰਦਾਰ ਜਿੱਤ ਦਰਜ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸੰਸਦ ਵਿਚ ਦਾਖ਼ਲ ਹੋਣ ਸਮੇਂ ‘ਮੋਦੀ ਮੋਦੀ’ ਦਾ ਸ਼ੋਰ ਮਚਾਇਆ ਜਾਣਾ ਆਦਿ ਸਾਰੇ ਢੰਗ-ਤਰੀਕੇ ਸਾਡੀ ਜਮਹੂਰੀਅਤ ਦੀ ਡਿੱਗਦੀ ਹੋਈ ਸਿਹਤ ਦਾ ਪ੍ਰਤੀਕ ਹਨ। ਲੋਕਤੰਤਰ ਦਾ ਮਤਲਬ ਹੈ ਸਾਂਝੀ ਲੀਡਰਸ਼ਿਪ; ਇਹ ਸੰਵਾਦ, ਨਿਮਰਤਾ ਅਤੇ ਦਇਆਵਾਨ ਢੰਗ ਨਾਲ ਸੁਣਨ ਨਾਲ ਸਬੰਧਿਤ ਹੈ। ਇਸ ਦੇ ਉਲਟ ਸਾਨੂੰ ਇਨ੍ਹੀਂ ਦਿਨੀਂ ਜਮਹੂਰੀਅਤ ਦੀ ਸੰਵਾਦਮਈ ਭਾਵਨਾ ਦਾ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ। ਫਿਰ ਜਦੋਂ ਆਮ ਨਾਗਰਿਕਾਂ ਦੇ ਤੌਰ ’ਤੇ ਅਸੀਂ ਆਪਣੇ ਆਪ ਨੂੰ ਇਸ ਵਿਅਕਤੀ ਪੂਜਾ ਦੇ ਸੱਭਿਆਚਾਰ ਵਿਚ ਕੀਲੇ ਜਾਣ ਦਿੰਦੇ ਹਾਂ, ਤਾਂ ਅਸੀਂ ਜਾਗਰੂਕ ਤੇ ਚੇਤਨ ਨਾਗਰਿਕਾਂ ਵਜੋਂ ਆਪਣੀ ਭੂਮਿਕਾ ਨਿਭਾਉਣ ਵਿਚ ਨਾਕਾਮ ਰਹਿੰਦੇ ਹਾਂ।
ਜੇ ਮੋਦੀ ਦੇ ਸਿਆਸੀ ਵਿਰੋਧੀ ਇਸ ਤਰ੍ਹਾਂ ਦੀ ਵਿਅਕਤੀਵਾਦੀ ਪੂਜਾ ਉਤੇ ਆਧਾਰਿਤ ਸਿਆਸਤ (ਜਿਹੜੀ ਸਿਆਸਤ ਸਟੇਟ/ਰਿਆਸਤ ਦੀਆਂ ਭਲਾਈ ਨੀਤੀਆਂ ਜਿਵੇਂ ਮੁਫ਼ਤ ਵੈਕਸੀਨ ਜਾਂ ਮੁਫ਼ਤ ਰਾਸ਼ਨ ਨੂੰ ਸੁੰਗੇੜ ਕੇ ਮਹਿਜ਼ ਦਾਨ/ਖ਼ੈਰਾਤ ਜਾਂ ਕਿਸੇ ‘ਮਸੀਹਾ’ ਦੀਆਂ ਸੌਗਾਤਾਂ ਦਾ ਰੂਪ ਦੇ ਦਿੰਦੀ ਹੈ) ਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੱਭਿਆਚਾਰ ਤੇ ਸਿਆਸੀ ਸਿੱਖਿਆ ਦੇ ਖੇਤਰ ਵਿਚ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਲੋਕਾਂ ਨਾਲ ਧੀਰਜ ਤੇ ਦਇਆ ਨਾਲ ਸੰਚਾਰ ਰਚਾਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣਾ ਹੋਵੇਗਾ ਕਿ ਲੋਕਤੰਤਰ ਉਨ੍ਹਾਂ ਦਾ ਹੱਕ ਹੈ; ਇਹ ਉਨ੍ਹਾਂ ਦੀ ਸਮੂਹਿਕ ਮੁਕਤੀ ਲਈ ਹੈ। ਇਸ ਲਈ ਜ਼ਰੂਰੀ ਹੈ ਕਿ ਨਵ-ਉਦਾਰਵਾਦੀ ਨਿਜ਼ਾਮ ਵਿਚ ਮੁਕਾਬਲੇਬਾਜ਼ੀ ਆਧਾਰਿਤ ਮੁਫ਼ਤਖ਼ੋਰੀ ਦੀਆਂ ਨੀਤੀਆਂ ਪਿੱਛੇ ਭੱਜਣ ਦੀ ਥਾਂ ਸਿੱਖਿਆ ਤੇ ਰੁਜ਼ਗਾਰ ਦੇ ਮੌਕਾ ਪੈਦਾ ਕਰਨ ਦੀ ਮੰਗ ਕਰਨਾ ਜ਼ਿਆਦਾ ਅਹਿਮ ਹੈ ਕਿਉਂਕਿ ਇਹ ਨਿਜ਼ਾਮ ਉਂਝ ਤਾਂ ਅਮੀਰਾਂ ਦਾ ਪੱਖ ਪੂਰਦਾ ਹੈ ਅਤੇ ਸੱਭਿਆਚਾਰਕ ਰਾਸ਼ਟਰਵਾਦ ਨੂੰ ਆਪਣੇ ਨਾਲ ਗੂੜ੍ਹੀ ਦੋਸਤੀ ਰੱਖਣ ਵਾਲੇ ਪੂੰਜੀਵਾਦ ਨਾਲ ਜੋੜਦਾ ਹੈ। ਇਹ ਅਸਲ ਵਿਚ ਲੰਮੀ ਸੱਭਿਆਚਾਰਕ ਲੜਾਈ ਹੈ।
ਇਹੀ ਨਹੀਂ, ਮੌਜੂਦਾ ਸਿਆਸੀ ਸੱਭਿਆਚਾਰ ਵਿਚ ਜ਼ਹਿਰੀਲੀ ਭਾਸ਼ਾ ਦੇ ਆਮ ਵਰਗੀ ਬਣ ਜਾਣ ਦੇ ਸਿੱਟੇ ਵਜੋਂ ਜਨਤਕ ਘੇਰੇ ਵਿਚ ਸੱਭਿਅਕ ਬਹਿਸ ਅਤੇ ਸੰਵਾਦ ਲਈ ਮੁਆਫ਼ਕ ਮਾਹੌਲ ਸਿਰਜਣਾ ਮੁਸ਼ਕਿਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ‘ਮੂਰਖੋਂ ਕਾ ਸਰਦਾਰ’ ਆਖ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਦੂਜੇ ਪਾਸੇ, ਰਾਹੁਲ ਗਾਂਧੀ ਵੀ ‘ਮੁਹੱਬਤ ਕੀ ਦੁਕਾਨ’ ਦੇ ਆਪਣੇ ਨਾਅਰੇ ਦੇ ਬਾਵਜੂਦ ਕ੍ਰਿਕਟ ਸੰਸਾਰ ਕੱਪ ਦੇ ਫਾਈਨਲ ਮੈਚ ਵਿਚ ਭਾਰਤ ਦੀ ਆਸਟਰੇਲੀਆ ਹੱਥੋਂ ਹੋਈ ਹਾਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੂੰ ‘ਪਨੌਤੀ’ (ਬਦਸ਼ਗਨਾ) ਕਹਿਣ ਦੇ ਲਾਲਚ ਤੋਂ ਬਚਣ ਵਿਚ ਨਾਕਾਮ ਰਹਿੰਦੇ ਹਨ। ਇਸ ਸਮੂਹਿਕ ਗਿਰਾਵਟ ਬਾਰੇ ਸੋਚਣ ਦੀ ਲੋੜ ਹੈ।
ਕੀ ਅਜਿਹੀ ਨਫ਼ਰਤ ਤੇ ਮਾਨਸਿਕ ਹਿੰਸਾ ਵਾਲੀ ਸੋਚ ਤੋਂ ਮੁਕਤ ਵੱਖਰੀ ਤਰ੍ਹਾਂ ਦੇ ਸਿਆਸੀ ਸੱਭਿਆਚਾਰ ਦੀ ਸਿਰਜਣਾ ਸੰਭਵ ਹੈ? ਜਾਂ ਫਿਰ ਅਸੀਂ ਇਸ ਗੱਲ ਨੂੰ ਮਨਜ਼ੂਰ ਕਰਦੇ ਰਹਾਂਗੇ ਕਿ ਜਦੋਂ ਤੱਕ ਇਹ ਤੁਹਾਡੇ ਚੋਣਾਂ ਜਿੱਤਣ ਲਈ ਮਦਦਗਾਰ ਹੈ ਤਾਂ ਸਭ ਕੁਝ ਜਾਇਜ਼ ਹੈ?
*ਲੇਖਕ ਸਮਾਜ ਸ਼ਾਸਤਰੀ ਹੈ।

Advertisement

Advertisement
Author Image

joginder kumar

View all posts

Advertisement
Advertisement
×