ਪੋਲਿੰਗ ਕੇਂਦਰਾਂ ਵਿੱਚ ਪਹੁੰਚਿਆ ਚੋਣ ਅਮਲਾ
ਜਸਵੰਤ ਜੱਸ
ਫਰੀਦਕੋਟ, 14 ਅਕਤੂਬਰ
ਪੰਜਾਬ ਭਰ ਵਿੱਚ ਭਲਕੇ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਤੇ ਸੁਰੱਖਿਆ ਅਮਲਾ ਪੋਲਿੰਗ ਬੂਥਾਂ ’ਤੇ ਪੁੱਜ ਗਿਆ। ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ 381 ਬੂਥਾਂ ਲਈ ਪੋਲਿੰਗ ਪਾਰਟੀਆਂ ਤੇ ਸੁਰੱਖਿਆ ਦਸਤੇ ਆਦਿ ਨੂੰ ਸਬੰਧਤ ਸਬ-ਡਿਵੀਜ਼ਨਲ ਮੈਜਿਸਟਰੇਟਾਂ ਵੱਲੋਂ ਰਵਾਨਾ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਦੀ ਸਥਿਤੀ ਬਣਾਈ ਰੱਖਣ ਅਤੇ ਬਿਨਾਂ ਕਿਸੇ ਭੈਅ ਆਪਣੀ ਵੋਟ ਦੀ ਵਰਤੋਂ ਕਰਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਭਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਪੰਚਾਇਤੀ ਚੋਣਾਂ ਲਈ ਕੁੱਲ 413 ਬੂਥ ਹਨ, ਜਿਨ੍ਹਾਂ ਵਿੱਚ 30 ਪੋਲਿੰਗ ਸਟੇਸ਼ਨਾਂ ਤੇ ਸਰਬਸੰਮਤੀ ਹੋਈ ਹੈ ਅਤੇ 2 ਬੂਥਾਂ ’ਤੇ ਕੋਈ ਵੀ ਨਾਮਜ਼ਦਗੀ ਨਹੀਂ ਭਰੀ ਗਈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 381 ਬੂਥਾਂ ਲਈ 381 ਪੋਲਿੰਗ ਪਾਰਟੀਆਂ ਨੂੰ ਬੈਲੇਟ ਪੇਪਰ ਅਤੇ ਹੋਰ ਚੋਣ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਰੀਦਕੋਟ ਬਲਾਕ ਵਿੱਚ 297 ਉਮੀਦਵਾਰ ਸਰਪੰਚ ਅਤੇ 817 ਉਮੀਦਵਾਰ ਪੰਚ ਚੋਣ ਲੜਨਗੇ, ਬਲਾਕ ਕੋਟਕਪੂਰਾ ਵਿੱਚ 141 ਉਮੀਦਵਾਰ ਸਰਪੰਚ ਅਤੇ 547 ਉਮੀਦਵਾਰ ਪੰਚ ਅਤੇ ਇਸੇ ਤਰ੍ਹਾਂ ਬਲਾਕ ਜੈਤੋ ਵਿੱਚ 160 ਉਮੀਦਵਾਰ ਸਰਪੰਚ ਅਤੇ 626 ਉਮੀਦਵਾਰ ਪੰਚ ਬਣਨ ਲਈ ਚੋਣ ਲੜਨਗੇ।
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹੇ ਦੇ 9 ਬਲਾਕਾਂ (ਬਠਿੰਡਾ, ਭਗਤਾ, ਗੋਨਿਆਣਾ, ਮੌੜ, ਨਥਾਣਾ, ਫੂਲ, ਰਾਮਪੁਰਾ, ਸੰਗਤ ਅਤੇ ਬਲਾਕ ਤਲਵੰਡੀ ਸਾਬੋ) ਦੇ 318 ਪਿੰਡਾਂ ’ਚੋਂ 281 ਪਿੰਡਾਂ ’ਚ ਵੱਖ-ਵੱਖ ਥਾਵਾਂ ’ਤੇ ਬਣਾਏ ਗਏ 826 ਬੂਥਾਂ ’ਤੇ ਚੋਣ ਅਮਲਾ ਪਹੁੰਚ ਗਿਆ ਹੈ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਉਪਰੰਤ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਵੋਟਾਂ ਲਈ ਕਰੀਬ 5 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਵਿਖੇ ਪਛਾਣ ਦੇ ਪ੍ਰਮਾਣ ਵਜੋਂ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਨੌਕਰੀ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਅਤੇ ਲੜਾਈ ਝਗੜਾ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮਾਨਸਾ ਵਿੱਚ 547 ਪੋਲਿੰਗ ਬੂਥ ਬਣਾਏ
ਮਾਨਸਾ (ਜੋਗਿੰਦਰ ਸਿੰਘ ਮਾਨ): ਲੋਕਤੰਤਰ ਦੀਆਂ ਮੁੱਢਲੀਆਂ ਇਕਾਈਆਂ ਦੀਆਂ ਵੋਟਾਂ ਪਵਾਉਣ ਸਬੰਧੀ ਅੱਜ ਚੋਣ ਅਮਲਾ ਚੋਣ ਸਮੱਗਰੀ ਲੈਕੇ ਪੋਲਿੰਗ ਬੂਥਾਂ ’ਤੇ ਪਹੁੰਚ ਗਿਆ। ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਕਿਹਾ ਕਿ ਭਲਕੇ ਪੈਣ ਵਾਲੀਆਂ ਵੋਟਾਂ ਲਈ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਪਿੰਡ ਵਾਸੀ ਬਗੈਰ ਕਿਸੇ ਡਰ ਅਤੇ ਭੈਅ ਦੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਭੀਖੀ ਅਤੇ ਝੁਨੀਰ ਬਲਾਕਾਂ ਵਿੱਚ 547 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 245 ਪਿੰਡਾਂ ਵਿੱਚੋਂ 21 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ, ਜਦੋਂ ਕਿ ਬਾਕੀਆਂ ਨੂੰ ਚੁਣਨ ਲਈ 224 ਪਿੰਡਾਂ ਦੇ ਵੋਟਰ ਆਪਣੀਆਂ ਵੋਟਾਂ ਦੀ ਵਰਤੋਂ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਵੋਟਾਂ ਵਾਲੇ ਦਿਨ ਡਰਾਈ ਡੇਅ ਐਲਾਨਿਆ ਗਿਆ ਹੈ ਜਿਸ ਦੌਰਾਨ ਸ਼ਰਾਬ ਵੇਚਣ ਅਤੇ ਸਟੋਰ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸਾਰੇ ਪਿੰਡਾਂ ਦੇ ਚੋਣ ਬੂਥ ਉਪਰ ਲੋੜੀਂਦਾ ਸੁਰੱਖਿਆ ਅਮਲਾ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਸ ਅਮਲੇ ਨੂੰ ਆਪਣੀ ਡਿਊਟੀ ਗੰਭੀਰਤਾ ਨਾਲ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।