ਕੋਟਸ਼ਮੀਰ ’ਚ ਸੀਵਰੇਜ ਪਾਉਣ ਲਈ 19.28 ਕਰੋੜ ਜਾਰੀ: ਚੇਅਰਮੈਨ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਦਸੰਬਰ
‘ਪੁਰਾਣੀਆਂ ਸਰਕਾਰਾਂ ਵੱਲੋਂ ਅਣਗੌਲੇ ਰਹੇ ਬਠਿੰਡਾ (ਦਿਹਾਤੀ) ਵਿਧਾਨ ਸਭਾ ਹਲਕੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਿਹਰਬਾਨ ਹੋ ਗਈ ਹੈ। ਹਲਕੇ ਅੰਦਰ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਹੁਣ ਬਠਿੰਡਾ (ਦਿਹਾਤੀ) ਵਿਧਾਨ ਸਭਾ ਹਲਕੇ ਦੇ ਪਿੰਡ ਕੋਟਸ਼ਮੀਰ ਵਿਚ ਸੀਵਰੇਜ ਪਾਇਆ ਜਾਵੇਗਾ, ਉਥੇ ਹੀ ਪਿੰਡ ਤਿਓਣਾ ਅਤੇ ਜੋਧਪੁਰ ਰੋਮਾਣਾ ਵਿਚ ਦੋ ਨਵੇਂ ਬਿਜਲੀ ਦੇ ਗਰਿੱਡ ਬਣਾਏ ਜਾਣਗੇ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਟਸ਼ਮੀਰ ਨਗਰ ਵਿਚ ਆਧੁਨਿਕ ਸੀਵਰੇਜ ਵਿਛਾਉਣ ਲਈ 19.28 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤਿਓਣਾ ਅਤੇ ਜੋਧਪੁਰ ਰੋਮਾਣਾ ਵਿਚ ਬਿਜਲੀ ਦੇ ਦੋ ਨਵੇਂ ਗਰਿੱਡ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਗਰਿੱਡ ਬਣਨ ਨਾਲ ਇਸ ਖੇਤਰ ਨੂੰ ਵੱਡਾ ਫਾਇਦਾ ਹੋਵੇਗਾ।
ਭੱਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਕੋਟਸ਼ਮੀਰ ਵਿਚ ਹੀ ਇਕ ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਲਈ ਖਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਰੀਬ ਇਕ ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਦਿਹਾਤੀ ਹਲਕੇ ਅੰਦਰ ਵਿਕਾਸ ਦੇ ਕਰੀਬ 40 ਪ੍ਰੋਜੈਕਟ ਚੱਲ ਰਹੇ ਹਨ। ਭੱਲਾ ਨੇ ਹਲਕੇ ਦੇ ਵਿਕਾਸ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਦੱਸਿਆ ਕਿ ਸੰਗਤ ਮੰਡੀ ਦੇ ਸੀਵਰੇਜ ਸਿਸਟਮ ਲਈ ਵੀ 2.5 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ।