ਚੋਣਾਂ ’ਚ ਝਟਕਿਆਂ ਨੇ ਕਾਂਗਰਸ ਨੂੰ ਵਿਚਾਰਕ ਤੌਰ ’ਤੇ ਦੀਵਾਲੀਆ ਬਣਾਇਆ: ਨੱਢਾ
ਨਵੀਂ ਦਿੱਲੀ, 13 ਅਕਤੂਬਰ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਕਾਂਗਰਸ ਨੂੰ ਚੋਣਾਂ ’ਚ ਲਗਾਤਾਰ ਮਿਲ ਰਹੇ ਝਟਕਿਆਂ ਨੇ ਪਾਰਟੀ ਦੇ ਮੁਖੀ ਮਲਿਕਾਰਜੁਨ ਖੜਗੇ ਨੂੰ ਵਿਚਾਰਕ ਤੌਰ ’ਤੇ ਦੀਵਾਲੀਆ ਬਣਾ ਦਿੱਤਾ ਹੈ। ਉਨ੍ਹਾਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਵੱਲੋਂ ਹੁਕਮਰਾਨ ਪਾਰਟੀ ’ਤੇ ਦਹਿਸ਼ਤਗਰਦੀ ਦਾ ਠੱਪਾ ਲਗਾਉਣਾ ਆਪਣੇ ‘ਨਾਕਾਮ ਉਤਪਾਦ’ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਨੱਢਾ ਨੇ ਇਕ ਬਿਆਨ ’ਚ ਕਿਹਾ ਕਿ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਹਾਲਤ ਇੰਨੀ ਤਰਸਯੋਗ ਹੋ ਗਈ ਹੈ ਕਿ ਹਰ ਕਿਸੇ ਨੂੰ ਇਸ ਦਾ ਦੁੱਖ
ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੜਗੇ ਨੂੰ ਕਾਂਗਰਸ ਪ੍ਰਤੀ ਲੋਕਾਂ ਦੇ ਡਿੱਗਦੇ ਭਰੋਸੇ ਅਤੇ ਵਾਰ ਵਾਰ ਚੋਣਾਂ ਹਾਰਨ ਬਾਰੇ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਕਿਹੜੀ ਪਾਰਟੀ ਦੇਸ਼ ਵਿਰੋਧੀ ਤਾਕਤਾਂ, ਸ਼ਹਿਰੀ ਨਕਸਲੀਆਂ ਅਤੇ ਦੇਸ਼ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਹਮਾਇਤ ਕਰਦੀ ਹੈ। ਨੱਢਾ ਦਾ ਇਹ ਬਿਆਨ ਖੜਗੇ ਵੱਲੋਂ ਭਾਜਪਾ ਨੂੰ ਦਹਿਸ਼ਤਗਰਦਾਂ ਦੀ ਪਾਰਟੀ ਕਰਾਰ ਦੇਣ ਮਗਰੋਂ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੋਦੀ ਦੀਆਂ ਲੋਕ ਅਤੇ ਗਰੀਬ ਪੱਖੀ ਨੀਤੀਆਂ ਨੂੰ ਚੁਣੌਤੀ ਦੇਣ ਦੇ ਅਸਮਰੱਥ ਹੈ ਅਤੇ ਉਸ ਦਾ ਸਾਰਾ ਜ਼ੋਰ ਭਾਜਪਾ ਤੇ ਮੋਦੀ ਨੂੰ ਗਾਲ੍ਹਾਂ ਕੱਢਣ ਅਤੇ ਮੁਲਕ ਨੂੰ ਬਦਨਾਮ ਕਰਨ ’ਚ ਲੱਗਾ ਹੋਇਆ ਹੈ। -ਪੀਟੀਆਈ