ਚੋਣਾਂ ਦੇ ਵਾ-ਵਰੋਲੇ
ਮਨਮੋਹਨ ਸਿੰਘ ਦਾਊਂ
ਬਚਪਨ ਨੂੰ ਚੇਤੇ ਕਰਦਿਆਂ, ਯਾਦ ਆਉਂਦੇ ਹਨ ਜੂਨ ਮਹੀਨੇ ਤਪਦੀ ਰੁੱਤੇ ਪੰਜਾਬ ’ਚ ਉੱਠਦੇ ਵਾ-ਵਰੋਲਿਆਂ ਦਾ ਸਮਾਂ। ਪੰਜਾਬ ’ਚ ਜੇਠ ਦਾ ਮਹੀਨਾ ਅਤਿ ਗਰਮੀ ਕਾਰਨ ਲੂਆਂ ਚੱਲਣ ਦਾ ਮੰਨਿਆ ਜਾਂਦਾ ਸੀ। ਹੁਣ ਉਦੋਂ ਵਰਗੀਆਂ ਲੂਆਂ ਨਹੀਂ ਚੱਲਦੀਆਂ। ਰਾਹੀ ਹੰਭ ਜਾਂਦੇ ਸਨ। ਪੰਛੀ ਤ੍ਰਾਹ-ਤ੍ਰਾਹ ਕਰਦੇ ਆਲ੍ਹਣੇ ਭਾਲਦੇ ਸਨ। ਬਨਸਪਤੀ ਲੂਸੀ ਜਾਂਦੀ ਸੀ। ਸਿਆਣੇ ਕਹਿੰਦੇ ਹੁੰਦੇ ਸਨ ਵਾ-ਵਰੋਲੇ ਬਹੁਤ ਖ਼ਤਰਨਾਕ ਹੁੰਦੇ। ਇਨ੍ਹਾਂ ਦੀ ਲਪੇਟ ’ਚ ਆਉਣ ਤੋਂ ਬਚ ਕੇ ਰਹਿਣਾ ਚੰਗਾ ਹੁੰਦਾ। ਗਰਦੋ-ਗੁਬਾਰ ਗਰਮੀ ਦੀ ਤਪਸ਼ ਨਾਲ ਧਰਤੀ ’ਤੇ ਗਲੋਟਣੀਆਂ ਲੈਂਦਾ, ਉਤਾਂਹ ਅੰਬਰਾਂ ਨੂੰ ਅਜਿਹਾ ਚੜ੍ਹਦਾ ਸੀ ਕਿ ਆਪਣੀ ਘੁੰਮਣ-ਘੇਰੀ ’ਚ ਕੱਖ-ਕੰਡਾ, ਘਾਹ ਫੂਸ ਜੋ ਵੀ ਲਪੇਟ ਵਿੱਚ ਆਉਂਦਾ, ਵਾ-ਵਰੋਲਾ ਆਪਣੀ ਪਕੜ ’ਚ ਲੈ ਉਡਾ ਲੈਂਦਾ। ਕਈ ਵਾ-ਵਰੋਲਿਆਂ ਨੂੰ ਬੋਦੀ ਵਾਲਾ ਵੀ ਕਿਹਾ ਜਾਂਦਾ। ਤੱਕਣ ਵਾਲੇ ਤੱਕਦੇ ਰਹਿ ਜਾਂਦੇ ਕਿ ਇਹ ਕੀ ਹੋ ਗਿਆ। ਕਿੱਥੋਂ ਆਇਆ ਤੇ ਕਿੱਥੇ ਲੈ ਗਿਆ। ਮਿੱਟੀ ਘੱਟੇ ਨਾਲ ਭਰਿਆ ਵਾ-ਵਰੋਲਾ ਆਪਣਾ ਨਾਚ ਨੱਚਦਾ ਰਹਿੰਦਾ। ਵੇਖਣ ਵਾਲੇ ਕਿਆਸਅਰਾਈਂਆਂ ਕਰਦੇ ਰਹਿੰਦੇ। ਆਖਰ ਉਤਾਂਹ ਅੰਬਰਾਂ ਨੂੰ ਉੱਡੇ ਕੱਖ-ਕੰਡੇ, ਪੱਤੇ, ਘਾਹ-ਫੂਸ ਤੇ ਤਿਣਕੇ ਵਾ-ਵਰੋਲੇ ਦੇ ਠੰਢੇ ਹੋਣ ਬਾਅਦ, ਹੌਲੀ-ਹੌਲੀ ਮੁੜ ਧਰਤੀ ’ਤੇ ਆ ਡਿਗਦੇ। ਆਪਣੀ ਅਸਲ ਥਾਂ ਗੁਆ ਲੈਂਦੇ। ਕਈ ਸਿਆਣੇ ਵਾ-ਵਰੋਲੇ ਨੂੰ ਚੰਦਰਾ ਸਮਝ ਜੁੱਤੀ ਵਗਾਹ ਕੇ ਗੁੱਸਾ ਕੱਢਦੇ। ਮੁੜ ਮਾਹੌਲ ਸ਼ਾਂਤ ਹੋ ਜਾਂਦਾ। ਲੋਕੀਂ ਸੁੱਖ ਦਾ ਸਾਹ ਲੈਂਦੇ। ਤੋਬਾ-ਤੋਬਾ ਕਰਦੇ। ਸਿਆਣੇ ਕਹਿਣ ਲਗਦੇ ਜਿੰਨਾ ਉੱਚਾ ਉਡਿਆ, ਉਤਨਾ ਹੀ ਥੱਲੇ ਰੁਲਿਆ। ਆਖਰ ਕੁਦਰਤ ਨੇ ਤਾਂ ਆਪਣਾ ਨਿਯਮ ਪਾਲਣਾ ਹੀ ਹੁੰਦਾ ਹੈ। ਉਡਣਾ ਤਾਂ ਭਾਈ ਆਪਣੇ ਖੰਭਾਂ ਨਾਲ ਹੀ ਚੰਗਾ ਹੁੰਦਾ। ਵੇਖੋ, ਕੋਈ ਵੀ ਪੰਛੀ ਕਿਸੇ ਦੂਸਰੇ ਦੇ ਖੰਭ ਲੈ ਕੇ ਨਹੀਂ ਉੱਡਦਾ। ਆਪਣੇ ਖੰਭਾਂ ਨਾਲ ਅੰਬਰ ਚੀਰਦਾ। ਉਸ ਨੂੰ ਆਪਣੇ ਖੰਭਾਂ ਦੀ ਸ਼ਕਤੀ ’ਤੇ ਮਾਣ ਹੁੰਦਾ। ਇਹ ਅਹਿਸਾਸ ਹੀ ਜੀਵਨ ਨੂੰ ਸਫਲਤਾ ਪ੍ਰਦਾਨ ਕਰਦਾ। ਇੰਝ ਸਿਆਣੇ ਵਾ-ਵਰੋਲਿਆਂ ਦੀਆਂ ਗੱਲਾਂ ਕਰਦੇ ਹੁੰਦੇ ਸਨ ਅਤੇ ਅਸੀਂ ਬਚਪਨ ਵਿੱਚ ਸੁਣ ਕੇ ਕਈ ਵਾਰ ਖਰੂਦੀ ਸਾਥੀ ਨੂੰ ਵਾ-ਵਰੋਲਾ ਕਹਿ ਕੇ ਚੜਾਉਂਦੇ।
ਹੁਣ ਜਦੋਂ ਪੰਜਾਬ ਵਿੱਚ ਜੂਨ ਦਾ ਮਹੀਨਾ ਆਉਣ ਵਾਲਾ ਹੈ, ਗਰਮੀ ਸਿਖ਼ਰਾਂ ’ਤੇ ਹੋਵੇਗੀ। ਵ-ਵਰੋਲੇ ਉੱਠਣ ਜਾਂ ਨਾ ਉੱਠਣ ਪਰੰਤੂ ਚੋਣ ਅਖਾੜਾ ਭਖ ਗਿਆ ਹੈ। ਪਾਰਲੀਮੈਂਟ (ਸੰਸਦ) ਦੀਆਂ ਚੋਣਾਂ ਦਾ ਨਗਾਰਾ ਖੂਬ ਵੱਜ ਰਿਹਾ ਹੈ। ਪਹਿਲੀ ਜੂਨ ਨੂੰ ਚੋਣ ਪ੍ਰਕਿਰਿਆ ਪ੍ਰਾਰੰਭ ਹੋਣੀ ਐਂ ਤੇ ਨਤੀਜੇ ਚਾਰ ਜੂਨ ਨੂੰ। ਉਮੀਦਵਾਰਾਂ ਦੇ ਸਾਹ ਸੂਤੇ ਜਾਣਗੇ। ਨਤੀਜਾ ਕੀ ਹੋਵੇਗਾ, ਵੋਟਰਾਂ ਦੀ ਸੂਝ-ਸਿਆਣਪ ’ਤੇ ਨਿਰਭਰ ਕਰੇਗਾ। ਰਾਜਸੀ ਪਾਰਟੀਆਂ ਵੱਲੋਂ ਵਾ-ਵਰੋਲੇ ਉਡਾਣ ਦੀ ਰੁੱਤ ਆ ਗਈ ਹੈ। ਘਮਸਾਣ ਦੀ ਲੜਾਈ ’ਚ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜਾ ਵਾ-ਵਰੋਲਾ ਕਿੱਥੋਂ ਉੱਡ ਰਿਹਾ ਤੇ ਕਿਸ-ਕਿਸ ਨੂੰ ਉਡਾ ਰਿਹਾ ਹੈ। ਅਜੇ ਤਾਂ ਉਮੀਦਵਾਰਾਂ ਨੇ ਕਾਗਜ਼ ਭਰਨੇ, ਗੁਆਹੀਆਂ ਦੇਣੀਆਂ। ਸੌਦੇਬਾਜ਼ੀਆਂ ਹੋਣੀਆਂ। ਕਿਸ-ਕਿਸਦਾ ਪੱਲੜਾ ਭਾਰੀ ਹੋਣੈ। ਵਾ-ਵਰੋਲੇ ਦੀ ਵੰਨ-ਸਵੰਨਤਾ ’ਚ ਰੰਗਾਂ ਦੀ ਖੇਡ ਖੇਡੀ ਜਾ ਰਹੀ ਹੈ। ਜੰਞ ਦੇ ਦ੍ਰਿਸ਼ ਵਾਂਗ ਸਿੱਕਿਆਂ ਅਸ਼ਰਫੀਆਂ ਦਾ ਢੁਕਾਅ ਹੋ ਰਿਹਾ, ਜੋ ਮਰਜ਼ੀ ਚੁੱਕੇ। ਦਰਸ਼ਕ ਵੀ ਭਵੱਤਰੇ ਹੋਏ ਹਨ। ਸ਼ੋਰ-ਸ਼ਰਾਬਾ ਏਨਾ ਹੋ ਰਿਹਾ ਜਿਵੇਂ ਕੁਰੂਕਸ਼ੇਤਰ ਦੀ ਲੜਾਈ ਵਾਂਗ ਹਰ ਕੋਈ ਆਪੋ ਆਪਣੇ ਧਨੁਸ਼ ਕਸੀ, ਤੀਰ ਚਲਾਉਣ ਦੀ ਮੁਹਾਰਤ ਸਿੱਧ ਕਰ ਰਿਹਾ। ਵਾ-ਵਰੋਲੇ ਦਾ ਕਰਮ ਤਾਂ ਮਿੱਟੀ-ਘੱਟਾ ਉਡਾਉਣਾ। ਕੋਲ ਖੜਿਆਂ ਦੀਆਂ ਅੱਖਾਂ ’ਚ ਘੱਟਾ ਪਾਉਣਾ। ਨਿਆਣੇ ਵੇਖ ਕੇ ਹੈਰਾਨ ਹੋ ਰਹੇ ਹਨ ਕਿ ਅਸੀਂ ਤਾਂ ਆਪਸ ਵਿੱਚ ਲੜ ਕੇ, ਰੁੱਸ ਕੇ ਮੁੜ ਦੋਸਤੀ ਗੰਢ ਲੈਂਦੇ ਹਾਂ ਅਤੇ ਮੁੜ ਖੇਡਣ ਲੱਗ ਪੈਂਦੇ ਹਾਂ। ਇਹ ਸਾਡੇ ਵੱਡੇ-ਵਡੇਰੇ ਕਿਉਂ ਲੜ-ਲੜ ਹੰਭ ਰਹੇ ਹਨ। ਭਲਾ ਲੜਨ ਨਾਲ ਵੀ ਸਮਝੌਤੇ ਹੁੰਦੇ ਹਨ, ਕੁਝ ਬੱਚੇ ਇੰਝ ਗੱਲਾਂ ਕਰਨ ਲੱਗਦੇ ਹਨ। ਬਿਰਧ ਔਰਤਾਂ ਵਾ-ਵਰੋਲਿਆਂ ਦੀ ਰੁੱਤ ਨੂੰ ਕੁਸ਼ਗਨੀ ਸਮਝਦੀਆਂ ਸਨ, ਇਨ੍ਹਾਂ ’ਚ ਤਾਂ ਭੂਤਨੀਆਂ ਨੱਚਦੀਆਂ ਹੁੰਦੀਆਂ। ਬਹੁਤ ਮਾੜੀਆਂ ਹੁੰਦੀਆਂ। ਕਈ ਭੂਤ ਵੀ ਵਾ-ਵਰੋਲੇ ’ਚ ਆ ਵੜਦੇ। ਇਨ੍ਹਾਂ ਨੂੰ ਤਾਂ ਜੁੱਤੀਆਂ ਹੀ ਮਾਰਨੀਆਂ ਪੈਂਦੀਆਂ। ਕਈ ਸਿਆਣੀਆਂ ਕਹਿੰਦੀਆਂ ਇਹ ਤਾਂ ਧਰਤੀ ਨੂੰ ਗਰਮੀ ਚੜ੍ਹਦੀ ਤੇ ਹਵਾ ਤਪ ਜਾਂਦੀ। ਬਸ ਵਾ-ਵਰੋਲਾ ਬਣ ਕੇ ਹਵਾ ਨੱਚਣ ਲੱਗ ਜਾਂਦੀ। ਹਵਾ ਨੇ ਕਿਹੜਾ ਘੱਗਰਾ ਪਾਉਣਾ। ਕੋਈ ਸ਼ਰਮ ਹਯਾ ਨਹੀਂ ਕਰਨੀ। ਪਿੰਡ ਵਸਦਾ ਰਹੇ, ਖੈਰ ਸੁੱਖ ਰਹੇ।
ਬਚਪਨ ਦੀਆਂ ਇਹ ਗੱਲਾਂ ਜਦੋਂ ਯਾਦ ਆਉਂਦੀਆਂ ਤਾਂ ਪੰਜਾਬ ਦੀਆਂ ਚੋਣਾਂ ਦਾ ਮਾਹੌਲ ਗ਼ਮਗੀਨ ਕਰ ਦਿੰਦਾ। ਪੰਜਾਬ ਦੀ ਅਜੋਕੀ ਸਥਿਤੀ ਮਨ ਨੂੰ ਡੋਬੂੰ-ਡੋਬੂੰ ਕਰਨ ਲਾ ਦਿੰਦੀ ਹੈ। ਕਿੰਨੇ ਹੀ ਮਸਲਿਆਂ ਵਿੱਚ ਪੰਜਾਬ ਘਿਰਿਆ ਹੋਇਆ ਹੈ। ਆਮ ਬੰਦਾ ਬੇਬਸ ਹੋਇਆ ਪਿਆ ਹੈ ਅਤੇ ਬੁੱਧੀਜੀਵੀ ਤੇ ਚਿੰਤਕ ਫ਼ਿਕਰਮੰਦੀ ਦੇ ਆਲਮ ’ਚ ਡੁੱਬਿਆ ਹੋਇਆ ਹੈ। ਵਾ-ਵਰੋਲੇ ਉੱਠ ਰਹੇ ਹਨ। ਪੰਜਾਬ ਗੰਧਲਦਾ ਜਾ ਰਿਹਾ ਹੈ। ਸਹਿਜ ਤੇ ਸੰਤੋਖ ਗੁਆਚ ਚੁੱਕੇ ਹਨ। ਵੱਖੋ-ਵੱਖ ਰਾਜਸੀ ਪਾਰਟੀਆਂ ਦੇ ਸਰਵਰਾਂ ’ਚ ਇੱਧਰੋਂ-ਉਧਰੋਂ ਛਾਲਾਂ ਵੱਜ ਰਹੀਆਂ ਹਨ। ਆਪਣੇ ਪਹਿਲੇ ਪਹਿਨੇ ਵਸਤਰ ਛੱਡ ਕੇ, ਦੂਸਰੇ ਲਾਲਸਾ ਵਾਲੇ ਵਸਤਰ ਪਹਿਨੇ ਜਾ ਰਹੇ ਹਨ। ਹਾਰ ਪਹਿਨਾਏ ਜਾ ਰਹੇ ਹਨ। ਬੰਦਾ ਪਾਲਤੂ ਜਾਨਵਰ ਵਾਂਗ ਪਟਾ ਸਵੀਕਾਰ ਕਰਨ ’ਚ ਖੁਸ਼ੀ ਮਨਾ ਰਿਹਾ। ਹਰ ਰਾਜਸੀ ਪਾਰਟੀ ਆਪਣੀ ਡੁਗ-ਡੁਗੀ ਨਾਲ ਭਰਮਾਉਣਾ ਚਾਹੁੰਦੀ। ਲੋਕ-ਤੰਤਰ ਵਾਦਾਂ-ਵਿਵਾਦਾਂ ’ਚ ਘਿਰਿਆ ਹੋਇਆ। ਹਰ ਕੋਈ ਆਪਣਾ-ਆਪਣਾ ਵਾ-ਵਰੋਲਾ ਉਡਾਉਣ ’ਚ ਮਸਰੂਫ਼ ਹੈ। ਸੱਤਾ ਹਥਿਆਉਣ ਲਈ ਇਨਸਾਨੀਅਤ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕੀਤਾ ਜਾ ਰਿਹਾ। ਸੰਵਿਧਾਨ ਅਰਥਹੀਨ ਹੋ ਰਿਹਾ।
ਰੱਬ, ਖੈਰ ਕਰੇ...............।
ਸੰਪਰਕ: 98151-23900