ਮੋਗਾ ਵਿੱਚ ਚੋਣ ਅਬਜ਼ਰਵਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਕਤੂਬਰ
ਸੂਬੇ ’ਚ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਇਥੇ 114 ਸ਼ੱਕੀ ਸ਼ਰਾਰਤੀ ਅਨਸਰਾਂ ਨੁੰ ਹਿਰਾਸਤ ਵਿਚ ਲਿਆ ਗਿਆ ਹੈ। ਪ੍ਰਸ਼ਾਸਨ ਨੇ 35 ਅਤਿ ਸੰਵੇਦਨਸ਼ੀਲ ਅਤੇ 79 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਐਲਾਨੇ ਹਨ। ਦੂਜੇ ਪਾਸੇ ਵੱਡੀ ਗਿਣਤੀ ਵਿਚ ਹਾਈ ਕੋਰਟ ਵਿਚ ਪਟੀਸ਼ਨਾਂ ਦਾਇਰ ਹੋਣ ਨਾਲ ਲੋਕ ਭੰਬਲਭੂਸੇ ’ਚ ਹਨ ਕਿ ਉਨ੍ਹਾਂ ਪਿੰਡਾਂ ’ਚ ਵੋਟਾਂ ਪੈਣਗੀਆਂ ਜਾਂ ਨਹੀਂ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਮੋਗਾ ਲਈ ਤਾਇਨਾਤ ਚੋਣ ਅਬਜ਼ਰਵਰ ਸੀਨੀਅਰ ਆਈਏਐਸ ਅਧਿਕਾਰੀ ਮੁਹੰਮਦ ਤਾਇਬ ਨੇ ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਵਿਸ਼ੇਸ਼ ਸਾਰੰਗਲ, ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ, ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ੍ਹਾ ਚੋਣ ਅਫਸਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਚਾਰੂਮਿਤਾ, ਸਮੂਹ ਐੱਸਡੀਐੱਮਜ, ਸਮੂਹ ਡੀਐੱਸਪੀਜ਼ ਅਤੇ ਹੋਰ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਘੋਖ ਪੜਤਾਲ ਉਪਰੰਤ 35 ਅਤਿ ਸੰਵੇਦਨਸ਼ੀਲ, 79 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਐਲਾਨੇ ਹਨ ਜਦਕਿ 147 ਸਾਧਾਰਨ ਪੋਲਿੰਗ ਸਟੇਸ਼ਨ ਹਨ। ਚੋਣਾਂ ਦੌਰਾਨ ਮਾਹੌਲ ਨੂੰ ਖਰਾਬ ਕਰਨ ਦੇ ਸੱਕੀ 114 ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। 1059 ਪੁਲੀਸ ਅਧਿਕਾਰੀ ਅਤੇ ਕਰਮਚਾਰੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਡਿਊਟੀ ਉੱਤੇ ਤਾਇਨਾਤ ਰਹਿਣਗੇ। ਜਿਲ੍ਹੇ ’ਚ ਕੁੱਲ 340 ਪੰਚਾਇਤਾਂ ਲਈ ਕੁੱਲ 5 ਲੱਖ 62 ਹਜ਼ਾਰ 867 ਵੋਟਰ ਹਨ।