For the best experience, open
https://m.punjabitribuneonline.com
on your mobile browser.
Advertisement

ਚੋਣ ਮਸ਼ਕਰੀ: ਆਏ ਦਿਨ ਨਰੈਣ ਦੇ..!

07:44 AM May 25, 2024 IST
ਚੋਣ ਮਸ਼ਕਰੀ  ਆਏ ਦਿਨ ਨਰੈਣ ਦੇ
ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਅਜਨਾਲਾ ਵਿੱਚ ਇੱਕ ਦਲਿਤ ਪਰਿਵਾਰ ਦੇ ਘਰ ਖਾਣਾ ਖਾਂਦੇ ਹੋਏ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਈ
ਬੱਸ ਆਹ ਚੰਦ ਦਿਨਾਂ ਦੀ ਖੇਡ ਹੈ, ਤੁਸਾਂ ਕੋਲ ਆਉਣਗੇ। ਪੈਰ ਜੁੱਤੀ ਨਹੀਂ ਪਾਉਣਗੇ। ਸੁਪਨਿਆਂ ਦੀ ਚਾਦਰ ਵਿਛਾਉਣਗੇ। ਬਣ ਫ਼ਰਿਆਦੀ, ਤੁਹਾਡੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾਉਣਗੇ। ਕੋਈ ਪੰਥ ਬਚਾਏਗਾ, ਕੋਈ ਰੰਗਲਾ ਬਣਾਏਗਾ, ਕੋਈ ਆਸਮਾਨੋਂ ਤਾਰੇ ਲਾਹੇਗਾ। ਇੰਜ ਵੋਟਰ ਮਹਾਨ ਬਣ ਜਾਏਗਾ, ਪਰ ਉਸ ਨੂੰ ਸਮਝ ਨਹੀਂ ਆਏਗਾ ਜਦੋਂ ਕੀੜੀ ਦੇ ਘਰ ਨਰੈਣ ਪੈਰ ਪਾਏਗਾ। ਧੰਨਭਾਗ ਅਸਾਡੇ! ਆਖ ਇੱਕ ਦਿਨ ਦਾ ਵੋਟਰ ਬਾਦਸ਼ਾਹ ਮੰਜਾ ਡਾਹੇਗਾ। ਉਪਰੋਂ ਯਮਲਾ ਜੱਟ ਫ਼ਰਮਾਏਗਾ, ‘ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ ਤੇਰਾ ਹੋਣਾ ਏ ਸਹਾਈ।’ ਨਾ ਜਗਤਾ ਕੰਮ ਆਇਆ ਤੇ ਨਾ ਭਗਤਾ। ਹੱਥ, ਰੱਬ ਨੇ ਚੋਣਾਂ ਮੌਕੇ ਜੋੜਨ ਲਈ ਦਿੱਤੇ ਨੇ। ਫੈਵੀਕੋਲ ਵਾਲੇ ਹੈਰਾਨ ਹੋਣਗੇ ਕਿ ਹੱਥ ਜੋੜਨ ਦਾ ਠੇਕਾ ਸਿਆਸੀ ਲਾਟਾਂ ਨੇ ਹੀ ਲਿਐ। ਨਾਲੇ ਨੇਤਾ ਜੀ ਨੇ ਗੋਡੇ ਐਵੇਂ ਨਹੀਂ ਬਦਲਾਏ, ਚੋਣਾਂ ਵਿੱਚ ਖੜ੍ਹਾ ਹੋਣਾ ਸੀ ਤਾਂ ਬਦਲਾਏ ਨੇ। ਇਨ੍ਹਾਂ ਨੂੰ ਕੁਰਸੀ ਦੀ ਲਤ ਲੱਗੀ ਐ, ਤਾਹੀਂ ਰਾਈ ਦੇ ਪਹਾੜ ਬਣਾਉਣਗੇ, ਗੰਜਿਆਂ ਨੂੰ ਕੰਘੀਆਂ ਵੰਡ, ਹੀਰੇ ਪਤਾਲ ਵਿੱਚੋਂ ਕੱਢ ਲਿਆਉਣਗੇ। ਸਿੱਧੀ ਉਂਗਲ ਘਿਓ ਨਾ ਨਿਕਲਿਆ ਤਾਂ ਫਿਰ ਡਰਾਉਣਗੇ। ਸਿਆਸੀ ਨਰੈਣ ਵਾਅਦਿਆਂ ਦੀ ਤਿਲ ਚੌਲੀ ਪਾ, ਕੀੜੀਆਂ ਨੂੰ ਭਰਮਾਉਣਗੇ। ਕਾਰਲ ਮਾਰਕਸ ਕਿਤੇ ਅੱਜ ਜਿਊਂਦਾ ਹੁੰਦਾ ਤਾਂ ਆਹ ਨਾਅਰਾ ਦੇਣਾ ਸੀ, ‘ਦੁਨੀਆ ਭਰ ਦਿਓ ਕੀੜਿਓ, ਇੱਕ ਹੋ ਜਾਓ।’ ਸਫ਼ਰ ਵੇਲੇ ਮੋਟਰ ਤੇ ਚੋਣ ਵੇਲੇ ਵੋਟਰ ਹੀ ਕੰਮ ਆਉਂਦੇ ਨੇ। ਉੱਲੂ ਅਜਿਹਾ ਸਾਊ ਜਾਨਵਰ ਐ, ਜਿਸ ਨੂੰ ਦਿਨੇ ਨਹੀਂ ਦਿਖਦਾ, ਸ਼ਾਇਦ ਇਸੇ ਕਰਕੇ ਜਨਤਾ ਨੂੰ ਉੱਲੂ ਬਣਾਇਆ ਜਾਂਦਾ ਹੈ। ਨਵੀਂ ਸਰਕਾਰ ਸਜਦੀ ਹੈ। ਆਵੇ ਦਾ ਖੋਤਾ, ਆਵੇ ਕੋਲ ਮੁੜ ਆ ਖਲੋਂਦਾ ਹੈ। ਪੰਜ ਸਾਲ ਫਿਰ ਤੰਗੀਆਂ ਨਾਲ ਘੁਲਦੈ। ਚੋਣਾਂ ’ਚ ਇੱਕ ਬੰਨੇ ਸ਼ਰੀਫ਼ਗੜ੍ਹ ਹੁੰਦਾ ਹੈ ਜਿਸ ਨੇ ਚੁਣਨਾ ਹੁੰਦਾ ਹੈ, ਲੁਟੇਰਗੜ੍ਹ ਦੇ ਬਾਸ਼ਿੰਦਿਆਂ ’ਚੋਂ ਕਿਸੇ ਇੱਕ ਨੂੰ। ਇੱਕ ਚੋਣ ਜਲਸੇ ’ਚੋਂ ਆਵਾਜ਼ ਆਈ, ਸਸਤਾ ਸਿਲੰਡਰ ਕਦੋਂ ਮਿਲੂ! ਸਟੇਜ ਤੋਂ ਮਹਿਲਾ ਨੇਤਾ ਨੇ ਜੁਆਬ ਦਿੱਤਾ, ਸਬਰ ਰੱਖੋ! ਸਹਿਜ ਪੱਕੇ ਸੋ ਮੀਠਾ ਹੋਏ। ਪੰਡਾਲ ’ਚੋਂ ਕੋਈ ਬੋਲਿਆ, ਬੀਬੀ ਜੀ! ਖੰਡ ਤਾਂ ਚਾਲੀ ਰੁਪਏ ਕਿਲੋ ਹੋ ਗਈ, ਮਿੱਠਾ ਕਾਹਦੇ ਨਾਲ ਹੋਜੂ।
ਨੇਤਾਗਿਰੀ ਸੌਖਾ ਧੰਦਾ ਨਹੀਂ, ਬੜੇ ਪਾਪੜ ਵੇਲਣੇ ਪੈਂਦੇ ਨੇ। ਚੋਣ ਅਖਾੜੇ ’ਚ ਦੇਖੋ, ਕੀੜੀਆਂ ਸੁਆਦ ਲੈ ਰਹੀਆਂ ਨੇ, ਨਰੈਣ ਉਂਗਲੀ ’ਤੇ ਨੱਚ ਰਹੇ ਹਨ। ਔਹ ਦੇਖੋ ਮੰਤਰੀ ਕੁਲਦੀਪ ਧਾਲੀਵਾਲ ਕਿਵੇਂ ਅੰਮ੍ਰਿਤਸਰ ’ਚ ਸਮੋਸੇ ਤਲ ਰਿਹਾ ਹੈ। ਗੁਰਜੀਤ ਔਜਲਾ ਭਲਵਾਨਾਂ ਦੇ ਅਖਾੜੇ ’ਚ ਮਨ ਪਰਚਾ ਰਿਹਾ ਹੈ। ਤੁਸੀਂ ਹੁਕਮ ਤਾਂ ਛੱਡੋ, ਔਹ ਦੇਖੋ, ਚਰਨਜੀਤ ਚੰਨੀ ਕਿਵੇਂ ਭੰਗੜਾ ਪਾ ਰਿਹਾ ਹੈ। ਬਠਿੰਡਾ-ਮਾਨਸਾ ’ਚ ਬੀਬੀ ਬਾਦਲ ਪੇਂਡੂ ਬੀਬੀਆਂ ਨੂੰ ਜੱਫੀ ’ਤੇ ਜੱਫੀ ਪਾ ਰਹੀ ਹੈ। ਸਿੱਧੂਆਂ ਦਾ ਮੁੰਡਾ ਜੀਤ ਮਹਿੰਦਰ, ਬਠਿੰਡਾ ਦੇ ਰੋਜ਼ ਗਾਰਡਨ ’ਚ ਦੇਖੋ ਕਿਵੇਂ ਗਿੱਧਾ ਪਾ ਰਿਹਾ ਹੈ। ਮੌਜ ਫਰੀਦਕੋਟੀਆਂ ਨੂੰ ਲੱਗੀ ਹੈ, ਦਿਲ ਕਰਦੈ ਤਾਂ ਹੰਸ ਰਾਜ ਹੰਸ ਤੋਂ ਗਾਣਾ ਸੁਣ ਲੈਂਦੇ ਨੇ, ਅਕੇਵਾਂ ਮਹਿਸੂਸ ਕਰਨ ਤਾਂ ਕਰਮਜੀਤ ਅਨਮੋਲ ਨੂੰ ਆਖਦੇ ਨੇ, ਕਾਕਾ! ਗਾਣਾ ਸੁਣਾ। ਰਾਜਾ ਵੜਿੰਗ ਕਿਤੇ ਗਊਆਂ ਨੂੰ ਚਾਰਾ ਪਾ ਰਿਹੈ ਕਿ ਕਿਤੇ ਵਾਲੀਬਾਲ ਦਾ ਮੈਚ ਲਾ ਰਿਹੈ। ਅਜਨਾਲੇ ’ਚ ਸੰਧੂ ਸਮੁੰਦਰੀ ਕਿਸੇ ਦਲਿਤ ਦੇ ਘਰ ਗਿਆ, ਖਾਣਾ ਖਾ ਕੇ ਆਖਣ ਲੱਗਾ, ਬੀਬੀ ਟੀਂਡੇ ਬੜੇ ਸੁਆਦ ਨੇ। ‘ਹੋਵੇ ਮਨਜ਼ੂਰ ਇਨ੍ਹਾਂ ਸੇਵਕਾਂ ਦੀ ਸੇਵਾ।’ ਕੋਈ ਨੇਤਾ ਗ਼ਰੀਬ ਕਿਸਾਨ ਦੇ ਘਰ ਗਿਆ। ਕਿਸਾਨ ਨੇ ਅੱਗਿਓਂ ਸੁਲ੍ਹਾ ਮਾਰੀ, ‘ਚਾਹ ਪਾਣੀ, ਪਰਸ਼ਾਦਾ ਪਾਣੀ ਛਕੋਗੇ’, ਨੇਤਾ ਬੇਸ਼ਰਮ ਮੱਲ ਫ਼ਰਮਾਏ, ‘ਤੁਹਾਡੀਆਂ ਦੋਨਾਂ ਮੰਗਾਂ ਪ੍ਰਵਾਨ।’ ਦੱਸਦੇ ਹਨ ਕਿ ਸ਼ਰਮ ਦਾ ਸਬੰਧ ਮੰਨਣ ਨਾਲ ਹੈ। ਪੰਜਾਬ ਦੇ ਲੋਕਾਂ ਲਈ ਸਭ ਨੇਤਾ ਉਸ ਫੰਡਰ ਮੱਝ ਵਰਗੇ ਨੇ, ਜਿਹੜੀ ਕਦੇ ਸੂਈ ਹੀ ਨਹੀਂ। ਚੋਣਾਂ ਦੇ ਦਿਨਾਂ ’ਚ ਨੇਤਾਵਾਂ ਨੂੰ ਦੇਖ ਮੰਗਤੇ ਵੀ ਕੰਮ ਛੱਡ ਜਾਂਦੇ ਹਨ ਕਿ ਚਲੋ ਭਾਈ! ਹੁਣ ਸਾਡੇ ਉਸਤਾਦ ਆਗੇ।
ਨੇਤਾ ਧੂੜਪੱਟ ਬਠਿੰਡਵੀਂ ਵੋਟਾਂ ਆਲੇ ਵਸਤਰ ਚੋਣਾਂ ਮੌਕੇ ਕੱਢਦੇ ਨੇ। ਕੱਲੀ ਕੱਲੀ ਕੀੜੀ ਨੂੰ ਰਡਾਰ ’ਤੇ ਰੱਖਦੇ ਨੇ। ਕੇਰਾਂ ਨੇਤਾ ਤੁਲਸੀ ਬਹੁਰੂਪੀਆ ਪੇਂਡੂ ਬੀਬੀਆਂ ਨੂੰ ਹੱਥ ਜੋੜ ਆਖਣ ਲੱਗਾ, ਭੈਣੋ! ਖ਼ਿਆਲ ਰੱਖਣਾ, ਮੇਰੇ ਹੱਥ ਮਜ਼ਬੂਤ ਕਰਨਾ। ਅੱਗਿਓਂ ਇੱਕ ਅੱਖੜ ਬੀਬੀ ਤੋਂ ਰਿਹਾ ਨਾ ਗਿਆ, ‘ਕਿਉਂ ਕਰੀਏ ਹੱਥ ਮਜ਼ਬੂਤ, ਅਸੀਂ ਕਿਹੜਾ ਬਨੇਰੇ ਲਪਾਉਣੇ ਨੇ ਤੈਥੋਂ।’ ਐਮਰਜੈਂਸੀ ਮਗਰੋਂ ਚੋਣਾਂ ਮੌਕੇ ਸਮੁੱਚੇ ਦੇਸ਼ ’ਚ ਤਿੰਨ ਨਰੈਣਾਂ ਦੀ ਗੂੰਜ ਪਈ। ਕਰਨੈਲ ਪਾਰਸ ਨੇ ਉਦੋਂ ਇੰਜ ਕਲਮ ਵਾਹੀ, ‘ਤਿੰਨ ਤਿੰਨ ਲੱਗੇ ਨਰੈਣ, ਮਗਰ ਇੰਦਰਾ ਦੇ, ਦੇਖੋ ਬੀਬੀ ਕਿੱਦਾਂ ਜਾਨ ਛਡਾਉਂਦੀ ਏ।’ ਉਨ੍ਹਾਂ ਸਮਿਆਂ ’ਚ ਜਨਤਾ ਪਾਰਟੀ ਦੇ ਚੋਣ ਜਲਸੇ ਹੁੰਦੇ, ਜਿਨ੍ਹਾਂ ’ਚ ਨੇਤਾ ਮਾਣ ਨਾਲ ਆਖਦੇ ਕਿ ਸਾਡੇ ਕੋਲ ਤਿੰਨ ਨਰੈਣ ਨੇ, ਜੈ ਪ੍ਰਕਾਸ਼ ਨਰੈਣ, ਜਗਤ ਨਰੈਣ ਤੇ ਰਾਜ ਨਰੈਣ। ਜਨਤਾ ਦਲੀਏ ਮੌਜੂ ਉਡਾਉਂਦੇ ਆਖਦੇ ਕਿ ਆਹ ਕਾਂਗਰਸ ਕੋਲ ਸਿਰਫ਼ ਇੱਕ ਨਰੈਣ ਐ, ਉਹ ਹੈ ‘ਨਗਦ ਨਰੈਣ।’ ਆਹ ਚੋਣਾਂ ਮੌਕੇ ਨਗਦ ਨਰੈਣ ਵੀ ਆਪਣਾ ਰੰਗ ਦਿਖਾਏਗਾ। ਜੋ ਜਾਗਿਆ, ਉਹੀ ਸਿਆਣਾ। ਚੋਣਾਂ ਮੌਕੇ ਕਈ ਡੱਬੂ ਪ੍ਰਕਾਸ਼ ਵੀ ਆਉਣਗੇ, ਫ਼ਿਰਕੂ ਛਿੱਟਾ ਦੇ ਕੇ ਫੇਰ ਕੰਧ ’ਤੇ ਜਾ ਬਹਿਣਗੇ। ਚੋਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸੁੱਤਿਆਂ ਨੂੰ ਲੁੱਟਣ ਵਾਲੇ, ਦੂਜੇ ਜਾਗਦਿਆਂ ਨੂੰ ਲੁੱਟਣ ਵਾਲੇ। ਦੂਜੀ ਵੰਨਗੀ ਤੋਂ ਬਚਣ ਲਈ ਹੈਲਮਟ ਪਾ ਕੇ ਰੱਖਿਆ ਕਰੋ। ਖ਼ੈਰ! ਪੰਜਾਬੀਆਂ ਦੀ ਮਸੀਤ ਵੱਖਰੀ ਹੈ ਜਿੱਥੇ ਅੰਮ੍ਰਿਤਾ ਪ੍ਰੀਤਮ ਹੂਕ ਲਾ ਰਹੀ ਹੈ, ‘ਕਿੱਕਰਾਂ ਵੇ ਕੰਡਿਆਲਿਆ! ਉੱਤੋਂ ਚੜਿ੍ਹਆ ਪੋਹ। ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ।’

Advertisement

Advertisement
Author Image

joginder kumar

View all posts

Advertisement
Advertisement
×