For the best experience, open
https://m.punjabitribuneonline.com
on your mobile browser.
Advertisement

ਮੰਤਰੀ ਨੇ ਲਾਪਤਾ ਮਰਚੈਂਟ ਨੇਵੀ ਅਫ਼ਸਰ ਦਾ ਮਾਮਲਾ ਕੇਂਦਰ ਕੋਲ ਚੁੱਕਿਆ

08:17 AM Jun 23, 2024 IST
ਮੰਤਰੀ ਨੇ ਲਾਪਤਾ ਮਰਚੈਂਟ ਨੇਵੀ ਅਫ਼ਸਰ ਦਾ ਮਾਮਲਾ ਕੇਂਦਰ ਕੋਲ ਚੁੱਕਿਆ
ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਜੂਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ ਮਰਚੈਂਟ ਨੇਵੀ ਦੇ ਜਵਾਨ ਹਰਜੋਤ ਸਿੰਘ ਦੇ ਲਾਪਤਾ ਹੋਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ। ਉਨ੍ਹਾਂ ਨੇ ਇਸ ਸਬੰਧੀ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਕੇਂਦਰੀ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, ‘‘ਹਰਜੋਤ ਸਿੰਘ ਮਰਚੈਂਟ ਨੇਵੀ ਵਿੱਚ ਸੈਕਿੰਡ ਅਫ਼ਸਰ ਹੈ, ਜੋ 16-17 ਜੂਨ ਦੀ ਦਰਮਿਆਨੀ ਰਾਤ ਤੋਂ ਲਾਪਤਾ ਹੈ। ਉਸ ਵੇਲੇ ਉਹ ਤਾਲਾਨੀ ਸ਼ਿਪਿੰਗ ਕੰਪਨੀ ਦੇ ਜਹਾਜ਼ ਐੱਮਬੀ ਜਲ ਵੈਬਵ ਵਿੱਚ ਸਵਾਰ ਸੀ ਅਤੇ ਉਸ ਨੇ ਅਗਲੇ ਮਹੀਨੇ ਘਰ ਛੁੱਟੀ ’ਤੇ ਆਉਣਾ ਸੀ। ਉਸ ਦੇ ਪਿਤਾ ਨੂੰ 16-17 ਦੀ ਦਰਮਿਆਨੀ ਰਾਤ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਬੇਟਾ ਜਹਾਜ਼ ਤੋਂ ਲਾਪਤਾ ਹੈ। ਸਮੁੰਦਰੀ ਜਹਾਜ਼ ਉਸ ਵੇਲੇ ਉੜੀਸਾ ਦੇ ਦਾਮਰਾ ਪੋਰਟ ਤੋਂ 10 ਕਿਲੋਮੀਟਰ ਦੂਰ ਸਮੁੰਦਰ ਵਿੱਚ ਸੀ।’’
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਪਰਿਵਾਰ ਦਾ ਆਪਣੇ ਬੇਟੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਨੂੰ ਸ਼ੱਕ ਹੈ ਕਿ ਇਸ ਵਿੱਚ ਉਸ ਦੇ ਪੁੱਤਰ ਖ਼ਿਲਾਫ਼ ਕੋਈ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਲਾਪਤਾ ਮਰਚੈਂਟ ਨੇਵੀ ਅਫਸਰ ਦੀ ਤਲਾਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਚੱਲ ਰਹੀ ਹੈ, ਇਸ ਸਮੁੰਦਰੀ ਜਹਾਜ਼ ਨੂੰ ਕਿਸੇ ਹੋਰ ਥਾਂ ਨਾ ਜਾਣ ਦਿੱਤਾ ਜਾਵੇ ਅਤੇ ਇਸ ਸਬੰਧੀ ਪੁਲੀਸ ਸ਼ਿਕਾਇਤ ਵੀ ਦਰਜ ਕਰਵਾਈ ਜਾਵੇ।
ਕੈਬਨਿਟ ਮੰਤਰੀ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਕੇਂਦਰੀ ਸ਼ਿਪਿੰਗ ਮੰਤਰੀ ਨੂੰ ਪੱਤਰ ਲਿਖ ਕੇ ਹਰਜੋਤ ਸਿੰਘ ਦੀ ਤਲਾਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਾਪਤਾ ਨੌਜਵਾਨ ਦੇ ਪਿਤਾ ਨੂੰ ਭਰੋਸਾ ਦਿੱਤਾ ਕਿ ਉਹ ਇਸ ਦਾ ਮੁੱਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਰੀਏ ਕੇਂਦਰੀ ਜਹਾਜ਼ਰਾਨੀ ਮੰਤਰੀ ਕੋਲ ਉਠਾਉਣਗੇ ਅਤੇ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਹਰਜੋਤ ਸਿੰਘ ਦੇ ਪਿਤਾ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਪਰਿਵਾਰ ਕੋਲੋਂ ਉਸ ਦੇ ਲਾਪਤਾ ਹੋਣ ਦੀ ਸਾਰੀ ਵਿਥਿਆ ਸੁਣੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿਚ ਪਰਿਵਾਰ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਤੌਰ ਪਰਵਾਸੀ ਮਾਮਲੇ ਮੰਤਰੀ ਹੋਣ ਦੇ ਨਾਤੇ ਉਹ ਵਿਦੇਸ਼ਾਂ ਵਿੱਚ ਵਸਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸ਼ਾਮਲ ਹੁੰਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×