ਸਮਾਜਵਾਦੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ
07:25 AM Apr 11, 2024 IST
ਲਖਨਊ, 10 ਅਪਰੈਲ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ 2025 ਤੱਕ ਜਾਤੀ ਆਧਾਰਤ ਜਨਗਣਨਾ ਕਰਵਾਉਣ, ਔਰਤਾਂ ਲਈ ਰਾਖਵਾਂਕਰਨ, ਪੁਰਾਣੀ ਪੈਨਸ਼ਨ ਵਿਵਸਥਾ ਬਹਾਲ ਕਰਨ, ਅਗਨੀਪੱਥ ਯੋਜਨਾ ਖ਼ਤਮ ਕਰਨ ਅਤੇ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਸਣੇ ਕਈ ਹੋਰ ਵਾਅਦੇ ਕੀਤੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਹਨ। ਚੋਣ ਮਨੋਰਥ ਪੱਤਰ ‘ਜਨਤਾ ਕਾ ਮਾਂਗ ਪੱਤਰ- ਹਮਾਰਾ ਅਧਿਕਾਰ’ ਸਪਾ ਦੇ ਹੈੱਡਕੁਆਰਟਰ ਵਿੱਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। 20 ਪੰਨਿਆਂ ਦੇ ਇਸ ਚੋਣ ਮਨੋਰਥ ਪੱਤਰ ’ਚ ਪੀਡੀਏ ਸਰਕਾਰ ਲਿਆਉਣ ਦਾ ਸੱਦਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਪੱਛੜਿਆਂ, ਦਲਿਤਾਂ ਅਤੇ ਅਲਸੰਖਿਅਕ (ਘੱਟ ਗਿਣਤੀਆਂ) ਦੀ ਸਰਕਾਰ। -ਪੀਟੀਆਈ
Advertisement
Advertisement