For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਲੋਕ ਸਭਾ ਸੀਟ ਤੋਂ ਉੱਭਰਨ ਲੱਗੇ ਚੋਣ ਮੁੱਦੇ

07:12 AM May 06, 2024 IST
ਪਟਿਆਲਾ ਲੋਕ ਸਭਾ ਸੀਟ ਤੋਂ ਉੱਭਰਨ ਲੱਗੇ ਚੋਣ ਮੁੱਦੇ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਮਈ
ਲੋਕ ਸਭਾ ਹਲਕਾ ਪਟਿਆਲਾ ਵਿੱਚ ਹੁਣ ਚੋਣ ਮੁੱਦੇ ਉੱਭਰਨ ਲੱਗੇ ਹਨ, ਬੇਸ਼ੱਕ ਸਾਰੇ ਲੋਕ ਸਭਾ ਹਲਕੇ ਦੇ ਮੁੱਦੇ ਇਕਸਾਰ ਨਹੀਂ ਹਨ ਪਰ ਕਿਸਾਨੀ ਮੁੱਦਾ ਸਾਂਝਾ ਹੈ।
ਵੱਖ ਵੱਖ ਮਾਹਿਰਾਂ ਅਨੁਸਾਰ ਪਟਿਆਲਾ ਤੋਂ ਪੇਂਡੂ ਖੇਤਰਾਂ ’ਚ ਕਿਸਾਨ ਅੰਦੋਲਨ, ਦਲ ਬਦਲੀ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰ, ਸੱਤਾਧਾਰੀ ਪਾਰਟੀ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਵਰਗੇ ਮੁੱਦੇ ਪ੍ਰਮੁੱਖ ਹਨ ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਪਰਾਧ ਵਰਗੇ ਮੁੱਦੇ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫ਼ੈਸਲਾ ਕਰਨਗੇ। ਹਾਲਾਂਕਿ ਇੱਥੇ ਇੱਕ ਗੱਲ ਸੱਤਾਧਾਰੀ ਧਿਰ ਦੇ ਹੱਕ ਵਿੱਚ ਹੈ। ਇਸ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ‘ਆਪ’ ਦਾ ਕਬਜ਼ਾ ਹੈ। ਇੱਥੇ ਸਭ ਤੋਂ ਵੱਧ ਗਿਣਤੀ 56 ਫ਼ੀਸਦੀ ਸਿੱਖਾਂ ਦੀ ਹੈ। ਹਿੰਦੂ ਵੋਟ ਸ਼ਹਿਰਾਂ ਵਿੱਚ ਨਜ਼ਰ ਆਉਂਦੀ ਹੈ ਪਰ ਉਨ੍ਹਾਂ ਵਿੱਚ ਕਾਫ਼ੀ ਜ਼ਿਆਦਾ ਵੋਟ ਕਾਂਗਰਸ ਵੱਲ ਹੀ ਹੈ।
ਕਿਸਾਨ ਕਰੀਬ 2 ਮਹੀਨਿਆਂ ਤੋਂ ਸ਼ੰਭੂ ਬਾਰਡਰ ’ਤੇ ਬੈਠੇ ਹਨ। ਭਾਜਪਾ ਸਰਕਾਰ ਵੱਲੋਂ ਇਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਪਾਰਟੀ ਬਦਲਣ ਤੋਂ ਲੋਕ ਨਾਰਾਜ਼ ਹਨ। ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਗੱਲ ਸੁਣਨ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਦਾ ਅਸਰ ਦਿਹਾਤੀ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਕਈ ਇਲਾਕਿਆਂ ’ਚ ਲੋਕ ਵਿਧਾਇਕਾਂ ਦੀਆਂ ਕਾਰਵਾਈਆਂ ਤੋਂ ਨਾਰਾਜ਼ ਹਨ। ਲੋਕ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚਿਹਰੇ ਨੂੰ ਪਸੰਦ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ, ਪਰ ਇਸ ਦਾ ਆਧਾਰ ਡੇਰਾਬੱਸੀ ਵਿਧਾਨ ਸਭਾ ਹਲਕੇ ਤੱਕ ਸੀਮਤ ਹੈ। ਪਾਰਟੀ ਦਾ ਆਪਣਾ ਕੇਡਰ ਹੈ, ਪਰ ਉਹ ਬੇਅਦਬੀ ਵਰਗੇ ਮੁੱਦਿਆਂ ਕਾਰਨ ਪਾਰਟੀ ਤੋਂ ਅਜੇ ਵੀ ਦੂਰ ਨਜ਼ਰ ਆ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਅਤੇ ਸਿਆਸੀ ਮਾਹਿਰ ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਸੰਘਰਸ਼ ਪਟਿਆਲਾ ਦੀ ਲੋਕ ਸਭਾ ਸੀਟ ’ਤੇ ਵੱਡਾ ਅਸਰ ਹੋਵੇਗਾ। ਇੱਥੇ ਸਿੱਧੇ ਤੌਰ ਤੇ ਮੁਕਾਬਲਾ ‘ਆਪ’ ਤੇ ਕਾਂਗਰਸ ਵਿਚ ਹੀ ਨਜ਼ਰ ਆ ਰਿਹਾ ਹੈ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਵੋਟ ਫ਼ੀਸਦੀ ਵਧਾਉਣ ਲਈ ਜ਼ੋਰ ਲਗਾ ਰਹੇ ਹਨ।

Advertisement

Advertisement
Author Image

Advertisement
Advertisement
×