For the best experience, open
https://m.punjabitribuneonline.com
on your mobile browser.
Advertisement

ਚੋਣ ਮੈਦਾਨ: ਮੁਦਈ ‘ਚੁਸਤ’ ਤੇ ਗਵਾਹ ‘ਸੁਸਤ’..!

07:49 AM May 21, 2024 IST
ਚੋਣ ਮੈਦਾਨ  ਮੁਦਈ ‘ਚੁਸਤ’ ਤੇ ਗਵਾਹ ‘ਸੁਸਤ’
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਈ
ਐਤਕੀਂ ਲੋਕ ਸਭਾ ਚੋਣਾਂ ’ਚ ਉਮੀਦਵਾਰਾਂ ਨੇ ਚੁਸਤੀ ਦਿਖਾਈ ਹੈ ਜਦੋਂਕਿ ਵੋਟਰ ਸੁਸਤ ਹਨ। ਚੋਣ ਪਿੜ ਵਿੱਚ ਕੁੱਦੇ ਉਮੀਦਵਾਰਾਂ ਦੇ ਅੰਕੜਿਆਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗਰਾਊਂਡ ’ਤੇ ਵੋਟਰ ਉਕਤਾਏ ਪਏ ਹਨ ਅਤੇ ਉਹ ਸਿਆਸਤਦਾਨਾਂ ਦਾ ਜ਼ਿਕਰ ਕਰਨ ਲਈ ਤਿਆਰ ਨਹੀਂ ਹਨ ਜਦੋਂ ਕਿ ਉਮੀਦਵਾਰਾਂ ਵਧ ਚੜ੍ਹ ਕੇ ਨਿੱਤਰੇ ਹੋਏ ਹਨ। ਇਸ ਵਾਰ ਲੋਕ ਸਭਾ ਦੀਆਂ 13 ਸੀਟਾਂ ’ਤੇ ਕੁੱਲ 328 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਵੀ ਹਨ। ਇਸ ਦੌਰਾਨ ਮਾਲਵੇ ਦੇ ਵੋਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਚਿਹਰੇ ਬੁਝੇ ਹੋਏ ਨਜ਼ਰ ਆਏ। ਬਠਿੰਡਾ ਦੇ ਲਹਿਰਾ ਮੁਹੱਬਤ ਦਾ ਜਥੇਦਾਰ ਸੁੱਚਾ ਸਿੰਘ ਆਖਦਾ ਹੈ ਕਿ ਲੀਡਰਾਂ ਨੇ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ ਜਿਸ ਕਰਕੇ ਆਸਾਂ ਟੁੱਟ ਗਈਆਂ ਹਨ ਕਿਉਂਕਿ ਜ਼ਿਆਦਾਤਰ ਸਿਆਸਤਦਾਨ ਕੋਈ ਕੰਮ ਨਹੀਂ ਕਰਦੇ। ਪਟਿਆਲਾ ਹਲਕੇ ਦੇ ਪਿੰਡ ਜਾਂਸਲਾ ਦੇ ਸਬਜ਼ੀ ਵਪਾਰੀ ਹਰਬੰਸ ਸਿੰਘ ਦਾ ਕਹਿਣਾ ਸੀ, ‘ਕੀਹਨੂੰ ਵੋਟ ਪਾਈਏ, ਕਿਧਰੋਂ ਕੋਈ ਆਸ ਨਹੀਂ ਦਿੱਖਦੀ।’ ਕਿਸਾਨ ਮਿਲਖਾ ਸਿੰਘ ਆਖਦਾ ਹੈ ਕਿ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਨੇ, ਕਿਸੇ ਦੀ ਕੋਈ ਹਵਾ ਨਹੀਂ।
ਪਟਿਆਲਾ ਦੀ ਬਾਜਵਾ ਕਲੋਨੀ ਦਾ ਵਸਨੀਕ ਧਰਮਿੰਦਰ ਕੁਮਾਰ ਆਖਦਾ ਹੈ, ‘ਅਸੀਂ ਤਾਂ ਕਮਾ ਕੇ ਖਾਣ ਵਾਲੇ ਹਾਂ, ਕਿਸੇ ਨੇ ਕੁਝ ਨਹੀਂ ਦੇ ਦੇਣਾ, ਸਭ ਅਜ਼ਮਾ ਕੇ ਦੇਖ ਲਏ।’ ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਦੇ ਬਰਗਾੜੀ ਦੇ ਜਗਸੀਰ ਸਿੰਘ ਨੇ ਆਖਿਆ ਕਿ ਲੋਕ ਵੋਟਾਂ ਵਾਲੇ ਦਿਨ ਦੇ ਨੇੜੇ ਜਾ ਕੇ ਮਨ ਬਣਾਉਣਗੇ ਅਤੇ ਸਭ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ। ਫ਼ਤਿਹਗੜ੍ਹ ਸਾਹਿਬ ਦੇ ਪਿੰਡ ਤਰਖੇੜੀ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਦਲ ਬਦਲੂਆਂ ਕਰਕੇ ਸਿਆਸਤਦਾਨਾਂ ਦੀ ਹੁਣ ਪਹਿਲਾਂ ਵਾਲੀ ਇੱਜ਼ਤ ਨਹੀਂ ਰਹੀ ਅਤੇ ਲੋਕਾਂ ਨੂੰ ਹੁਣ ਕੋਈ ਰਾਹ ਨਹੀਂ ਦਿੱਖ ਰਿਹਾ ਹੈ। ਸੰਗਰੂਰ ਹਲਕੇ ਦੇ ਪਿੰਡ ਢਿੱਲਵਾਂ ਦੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਵਿੱਚ ਬਹੁਤਾ ਉਤਸ਼ਾਹ ਨਹੀਂ ਹੈ ਅਤੇ ਪਹਿਲਾਂ ਵੀ ਲੋਕ ਸਭਾ ਚੋਣਾਂ ਵਿੱਚ ਸਥਾਨਕ ਚੋਣਾਂ ਨਾਲੋਂ ਘੱਟ ਹੀ ਦਿਲਚਸਪੀ ਹੁੰਦੀ ਹੈ। ਦੂਸਰੀ ਤਰਫ਼ ਉਮੀਦਵਾਰਾਂ ਦਾ ਰੁਝਾਨ ਦੇਖੀਏ ਤਾਂ ਹਰ ਕੋਈ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਕਾਹਲਾ ਜਾਪਦਾ ਹੈ। ਲੋਕ ਸਭਾ ਚੋਣਾਂ 2019 ਵਿੱਚ ਕੁੱਲ ਉਮੀਦਵਾਰ 278 ਸਨ ਅਤੇ ਐਤਕੀਂ 50 ਉਮੀਦਵਾਰ ਵਧ ਗਏ ਹਨ, ਅੰਕੜਾ 328 ਹੋ ਗਿਆ ਹੈ। ਪਹਿਲੀ ਵਾਰ ਉਮੀਦਵਾਰਾਂ ਦੀ ਗਿਣਤੀ 300 ਤੋਂ ਟੱਪੀ ਹੈ। ਸਾਲ 2014 ਵਿੱਚ ਪੰਜਾਬ ਦੇ ਪਿੜ ਵਿੱਚ 253 ਉਮੀਦਵਾਰ ਅਤੇ 2009 ਵਿੱਚ 218 ਉਮੀਦਵਾਰ ਸਨ। ਇਸੇ ਤਰ੍ਹਾਂ ਸਾਲ 2004 ਦੀਆਂ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ’ਤੇ 142 ਉਮੀਦਵਾਰ ਲੜੇ ਸਨ ਅਤੇ 1999 ਵਿੱਚ ਇਨ੍ਹਾਂ ਉਮੀਦਵਾਰਾਂ ਦੀ ਗਿਣਤੀ 120 ਸੀ। ਇਵੇਂ 1998 ਦੀਆਂ ਚੋਣਾਂ ਵਿੱਚ 102 ਉਮੀਦਵਾਰ ਅਤੇ 1996 ਦੀਆਂ ਚੋਣਾਂ ਵਿੱਚ 259 ਉਮੀਦਵਾਰ ਡਟੇ ਸਨ। ਜਦੋਂ ਪਹਿਲੀ ਲੋਕ ਸਭਾ ਚੋਣ 1951 ਵਿੱਚ ਹੋਈ ਸੀ ਤਾਂ 101 ਉਮੀਦਵਾਰ ਅੱਗੇ ਆਏ ਸਨ ਅਤੇ ਮੌਜੂਦਾ ਚੋਣ ਨੂੰ ਛੱਡ ਕੇ ਸਭ ਤੋਂ ਵੱਧ ਉਮੀਦਵਾਰ ਪਿਛਲੀ 2019 ਦੀ ਚੋਣ ਵਿੱਚ 279 ਸਨ। ਉਸ ਤੋਂ ਪਹਿਲਾਂ 1996 ਦੀਆਂ ਚੋਣਾਂ ਵਿਚ 259 ਉਮੀਦਵਾਰ ਸਨ। ਹੁਣ ਤੱਕ ਸਭ ਤੋਂ ਘੱਟ ਉਮੀਦਵਾਰ 1967 ਦੀ ਚੋਣ ਵਿਚ ਸਨ ਜਿਨ੍ਹਾਂ ਦੀ ਗਿਣਤੀ ਸਿਰਫ਼ 75 ਸੀ। 1989 ਦੀਆਂ ਲੋਕ ਸਭਾ ਚੋਣਾਂ ਵਿਚ 227 ਉਮੀਦਵਾਰਾਂ ਨੇ ਚੋਣ ਲੜੀ ਸੀ। ਐਤਕੀਂ ਉਮੀਦਵਾਰਾਂ ਦੀ ਵਧੀ ਗਿਣਤੀ ਗਵਾਹ ਹੈ ਕਿ ਚੋਣ ਲੜਨ ਵਿਚ ਰੁਚੀ ਵਧੀ ਹੈ।

Advertisement

Advertisement
Author Image

joginder kumar

View all posts

Advertisement
Advertisement
×