For the best experience, open
https://m.punjabitribuneonline.com
on your mobile browser.
Advertisement

ਚੋਣ ਪ੍ਰਸੰਗ: ਰਾਜਨੀਤੀ ਅਤੇ ਨੈਤਿਕਤਾ

12:29 PM Apr 06, 2024 IST
ਚੋਣ ਪ੍ਰਸੰਗ  ਰਾਜਨੀਤੀ ਅਤੇ ਨੈਤਿਕਤਾ
Advertisement

ਐਡਵੋਕੇਟ ਦਰਸ਼ਨ ਸਿੰਘ ਰਿਆੜ

ਰਾਜਨੀਤੀ ਕਿਸੇ ਵੀ ਦੇਸ਼ ਜਾਂ ਰਾਜ ਦੇ ਰਾਜ-ਪ੍ਰਬੰਧ ਨੂੰ ਚਲਾਉਣ ਲਈ ਤੈਅ ਦਿਸ਼ਾ ਨਿਰਦੇਸ਼ਾਂ ਵਾਲੀ ਵਿਗਿਆਨ ਦਾ ਨਾਮ ਹੈ। ਸਰਲ ਭਾਸ਼ਾ ਵਿੱਚ ਇਸ ਨੂੰ ਰਾਜਨੀਤੀ ਸ਼ਾਸਤਰ ਵੀ ਕਿਹਾ ਜਾਂਦਾ ਹੈ। ਇਸ ਵਿਗਿਆਨ ਦੇ ਵੱਡੇ ਵਡੇਰੇ ਅਰਸਤੂ ਅਤੇ ਪਲੈਟੋ ਵਰਗੇ ਮਹਾਨ ਫਿਲਾਸਫਰ ਰਹੇ ਹਨ ਅਤੇ ਉਹਨਾਂ ਦੀ ਫਿਲਾਸਫੀ ਅਜੇ ਵੀ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਸਿਲੇਬਸ ਦੌਰਾਨ ਪੜ੍ਹਦੇ ਹਨ। ਮੁੱਢਲੇ ਤੌਰ ’ਤੇ ਇਸ ਦਾ ਸਬੰਧ ਭਾਵੇਂ ਨਾਗਰਿਕ ਅਤੇ ਨਾਗਰਿਕਤਾ ਨਾਲ ਸੀ ਅਤੇ ਕਲਚਰ, ਨੈਤਿਕਤਾ, ਰਹਿਣ-ਸਹਿਣ ਦਾ ਪੱਧਰ, ਧਰਮ ਅਤੇ ਆਰਥਿਕਤਾ ਨੂੰ ਧਿਆਨ ਗੋਚਰੇ ਰੱਖ ਕੇ ਹੀ ਸਾਰੀਆਂ ਨੀਤੀਆਂ ਬਣਾਈਆਂ ਜਾਂਦੀਆਂ ਸਨ ਪਰ ਅੱਜ ਕੱਲ੍ਹ ਇਸ ਵਿੱਚ ਚਲਾਕੀ, ਹੁਸਿ਼ਆਰੀ, ਦਾਅ-ਪੇਚ, ਸਵਾਰਥ ਤੇ ਲਾਲਸਾ ਬਹੁਤ ਪ੍ਰਭਾਵੀ ਹੋ ਗਈ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਨਸਾਨੀਅਤ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਇਸ ਵਿੱਚ ਭਾਰੂ ਹੁੰਦੀਆਂ ਸਨ ਪਰ ਆਜ਼ਾਦੀ ਤੋਂ ਬਾਅਦ ਇਹ ਸਭ ਕੁਝ ਖੰਭ ਲਗਾ ਕੇ ਉੱਡਣ ਲੱਗ ਪਿਆ। ਫਿਰ ਵੀ ਵਫ਼ਾ ਤੇ ਵਿਸ਼ਵਾਸ ਬੜਾ ਚਿਰ ਪ੍ਰਭਾਵੀ ਰਿਹਾ। ਵਿਕਾਸ ਦੇ ਰਫ਼ਤਾਰ ਫੜਨ ਨਾਲ ਮਨੁੱਖ ਨੇ ਵਿਅਕਤੀਵਾਦ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਸਾਂਝੇ ਪਰਿਵਾਰਾਂ ਦੀ ਭਾਵਨਾ ਮੱਧਮ ਪੈਣ ਲੱਗ ਪਈ। ਹੁਣ ਤਾਂ ਆਪਾ-ਧਾਪੀ ਵਾਲੀ ਵਿਵਸਥਾ ਬਣਾ ਰਹੀ ਹੈ।
28 ਰਾਜਾਂ ਅਤੇ 8 ਸੰਘੀ ਖੇਤਰਾਂ ਵਾਲੇ ਦੇਸ਼ ਭਾਰਤ ਦੇ ਫੈਡਰਲ ਢਾਂਚੇ ਅਨੁਸਾਰ 543 ਮੈਂਬਰਾਂ ਵਾਲੇ ਹੇਠਲੇ ਸਦਨ, ਲੋਕ ਸਭਾ ਦੇ ਮੈਂਬਰਾਂ ਦੀ ਚੋਣ ਲਈ ਪ੍ਰਕਿਰਿਆ ਬਾਕਾਇਦਾ ਸ਼ੁਰੂ ਹੋ ਗਈ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸੰਸਦ ਮੈਂਬਰਾਂ ਦੀ ਚੋਣ ਇਸ ਵਾਰ ਵੀ ਸੱਤ ਪੜਾਵਾਂ ਵਿੱਚ ਹੋ ਰਹੀ ਹੈ। ਇੱਕ ਤਾਂ ਹਾੜ੍ਹੀ ਦੀ ਫ਼ਸਲ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ; ਦੂਜਾ, ਸਕੂਲਾਂ ਕਾਲਜਾਂ ਵਿੱਚ ਇਮਤਿਹਾਨ ਵੀ ਚੱਲ ਰਹੇ ਹਨ। 19 ਅਪਰੈਲ ਤੋਂ ਸ਼ੁਰੂ ਹੋ ਕੇ ਵੋਟਾਂ ਪਾਉਣ ਦਾ ਕੰਮ ਪਹਿਲੀ ਜੂਨ ਤੱਕ ਸੰਪੂਰਨ ਹੋਣਾ ਹੈ ਤੇ ਨਤੀਜੇ ਚਾਰ ਜੂਨ ਨੂੰ ਆਉਣੇ ਹਨ। ਅਜੇ ਪਹਿਲੇ ਗੇੜ ਦੀ ਪ੍ਰਕਿਰਿਆ ਹੀ ਸ਼ੁਰੂ ਹੋਈ ਹੈ। ਪੰਜਾਬ ਦਾ ਨੰਬਰ ਸਭ ਤੋਂ ਅਖ਼ੀਰ ਵਿੱਚ ਹੈ, ਇੱਥੇ ਵੋਟਾਂ ਪਹਿਲੀ ਜੂਨ ਨੂੰ ਪੈਣੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਵਿੱਚ ਜੰਗੀ ਪੱਧਰ ’ਤੇ ਜੁਟੀਆਂ ਹੋਈਆਂ ਹਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਵਫ਼ਾਦਾਰੀਆਂ ਬਦਲਣ ਅਤੇ ਨਵੇਂ ਸਮੀਕਰਨ ਸਿਰਜਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਰਾਜਨੀਤਕ ਪੰਡਿਤ ਤਾਂ ਅਜਿਹੀਆਂ ਭਵਿੱਖ ਬਾਣੀਆਂ ਪਹਿਲਾਂ ਹੀ ਕਰ ਰਹੇ ਸਨ ਪਰ ਹੁਣ ਕੁਝ ਹੈਰਾਨੀਜਨਕ ਬਦਲਾਓ ਵੀ ਦੇਖਣ ਨੂੰ ਮਿਲ ਰਹੇ ਹਨ।
ਪਟਿਆਲੇ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਇਸ ਵਾਰ ਖ਼ੇਮਾ ਬਦਲਣਾ ਤਾਂ ਪਹਿਲਾਂ ਹੀ ਤੈਅ ਸੀ ਕਿਉਂਕਿ ਉਨ੍ਹਾਂ ਦੇ ਪਤੀ ਅਤੇ ਪੁੱਤਰੀ ਪਹਿਲਾਂ ਹੀ ਆਪਣੀ ਪਿਤਰੀ ਪਾਰਟੀ ਕਾਂਗਰਸ ਛੱਡ ਕੇ ਸੱਤਾਧਾਰੀ ਭਾਜਪਾ ਦਾ ਪੱਲਾ ਫੜ ਚੁੱਕੇ ਸਨ। ਉਂਝ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਰਾਜ ਕੁਮਾਰ ਚੱਬੇਵਾਲ ਜੋ ਵਿਧਾਨ ਸਭਾ ਵਿੱਚ ਕਰਜ਼ੇ ਦੀ ਪੰਡ ਦਾ ਬੋਝ ਸਿਰ ਉੱਪਰ ਉਠਾ ਕੇ ਸੁਰਖ਼ੀਆਂ ਬਟੋਰ ਰਹੇ ਸਨ, ਦਾ ਸੈਸ਼ਨ ਖ਼ਤਮ ਹੁੰਦਿਆਂ ਹੀ ਸੱਤਾਧਾਰੀ ਵਿੱਚ ਸ਼ਾਮਲ ਹੋ ਜਾਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ। ਇਸ ਤੋਂ ਵੀ ਵੱਡੀ ਹੈਰਾਨੀ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪਾਲਾ ਬਦਲਣਾ ਸੀ। ਦਲ ਬਦਲੀ ਦੀ ਇਹ ਖ਼ਬਰ ਅਜੇ ਠੰਢੀ ਨਹੀਂ ਸੀ ਪਈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸਾਲ ਵਿੱਚ ਦੂਜੀ ਵਾਰ ਪਾਲਾ ਬਦਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੇ ਨਾਲ ਹੀ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੀ ਭਾਜਪਾ ਦਾ ਦਾਮਨ ਫੜ ਲਿਆ ਹੈ। ਜਿਹੜੇ ਆਮ ਆਦਮੀ ਪਾਰਟੀ ਵਾਲੇ ਡਾ. ਚੱਬੇਵਾਲ ਦੀ ਸ਼ਮੂਲੀਅਤ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ, ਪ੍ਰੇਸ਼ਾਨ ਹੋ ਉੱਠੇ।
ਗਾਇਕ ਜਸਵੰਤ ਸੰਦੀਲੇ ਦਾ ਇੱਕ ਗੀਤ ਸਾਡੇ ਸਿਆਸਤਦਾਨਾਂ ’ਤੇ ਬਹੁਤ ਢੁੱਕਦਾ ਹੈ- ਮਾਇਆ ਕਾਗ ਬਨੇਰੇ ਦਾ, ਕਦੇ ਐਸ ਬਨੇਰੇ ’ਤੇ, ਕਦੇ ਓਸ ਬਨੇਰੇ ’ਤੇ...। ਅਸਲ ਵਿੱਚ ਮਾਇਆ ਇਕੱਲੇ ਪੈਸੇ ਨੂੰ ਨਹੀਂ ਕਹਿੰਦੇ। ਸੰਤ ਮਹਾਤਮਾ ਕਹਿੰਦੇ ਹਨ ਕਿ ਹਰ ਆਵਾਗਮਨ ਵਿੱਚ ਮਸਰੂਫ਼ ਪਦਾਰਥ ਮਾਇਆ ਦਾ ਹੀ ਰੂਪ ਹਨ। ਇਹ ਪਾਸੇ ਬਦਲਦੀ ਰਹਿੰਦੀ ਹੈ। ਨਾ ਇਹ ਸਥਿਰ ਰਹਿੰਦੀ ਹੈ ਅਤੇ ਨਾ ਹੀ ਮਨੁੱਖ ਦੇ ਨਾਲ ਜਾਂਦੀ ਹੈ। ਮਨੁੱਖ ਵਾਂਗ ਹੀ ਨਾਸ਼ਵਾਨ ਹੈ ਇਹ ਸਾਰਾ ਭੰਬਲਭੂਸਾ! ਪਰ ਲਾਲਚ ਤੇ ਸਵਾਰਥ ਵਿੱਚ ਫਸਿਆ ਮਨੁੱਖ ਇਸ ਛਲਾਵੇ ਨੂੰ ਅਸਲੀਅਤ ਸਮਝ ਲੈਂਦਾ ਹੈ। ਹਰ ਮਨੁੱਖ ਭਾਵੇਂ ਇਹ ਭਲੀ ਭਾਂਤ ਜਾਣਦਾ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ, ਫਿਰ ਵੀ ਦੂਜੀ ਥਾਲੀ ਵਿੱਚ ਪਿਆ ਲੱਡੂ ਹਰ ਇੱਕ ਨੂੰ ਵੱਡਾ ਪ੍ਰਤੀਤ ਹੁੰਦਾ ਹੈ ਤੇ ਉਹ ਲਾਲਚ ਵਿੱਚ ਆ ਜਾਂਦਾ ਹੈ। ਵਫਾਦਾਰੀਆਂ, ਪਾਰਟੀਆਂ ਤੇ ਗਰੁੱਪ ਬਦਲਣੇ ਹਰ ਮਨੁੱਖ ਦਾ ਨਿੱਜੀ ਅਧਿਕਾਰ ਹੈ ਪਰ ਜਦੋਂ ਕੋਈ ਮਨੁੱਖ ਕਿਸੇ ਦਲ ਦੀ ਮੈਂਬਰੀ ਲੈ ਕੇ ਚੁਣ ਲਿਆ ਜਾਂਦਾ ਹੈ, ਉਦੋਂ ਉਸ ਦਾ ਕੁਝ ਵੀ ਨਿੱਜੀ ਨਹੀਂ ਰਹਿ ਜਾਂਦਾ। ਸਮਾਜ ਅਤੇ ਦੇਸ਼ ਨੂੰ ਉਸ ਦੇ ਹਰ ਕਦਮ ਦੀ ਸੂਹ ਲੈਣ ਦਾ ਅਧਿਕਾਰ ਮਿਲ ਜਾਂਦਾ ਹੈ। ਉਹ ਸਮਾਜ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਪਾਬੰਦ ਹੋ ਜਾਂਦਾ ਹੈ। ਜਿਹੜੇ ਦੇਸ਼ਾਂ ਵਿੱਚ ਲੋਕਰਾਜ ਵਿਕਸਤ ਹੋ ਚੁੱਕਾ ਹੈ, ਉਹ ਤਾਂ ਵਫ਼ਾਦਾਰੀ ਬਦਲਣ ਅਤੇ ਕਾਰਜ ਵਿੱਚ ਅਸਫਲ ਰਹਿਣ ਵਾਲੇ ਪ੍ਰਤੀਨਿਧ ਨੂੰ ਵਾਪਸ ਵੀ ਬੁਲਾ ਲੈਂਦੇ ਹਨ। ਅਸੀਂ ਸਭ ਤੋਂ ਵੱਡੇ ਲੋਕਰਾਜ ਵਾਲੇ ਤਾਂ ਜ਼ਰੂਰ ਬਣ ਬੈਠੇ ਹਾਂ ਪਰ ਸਾਡਾ ਲੋਕਰਾਜ ਅਜੇ ਸਿਆਸਤਦਾਨਾਂ ਦੀ ਕਠਪੁਤਲੀ ਬਣਿਆ ਨਜ਼ਰ ਆਉਂਦਾ ਹੈ। ਇਸ ਦੀ ਸਫਲਤਾ ਲਈ ਸੌ ਫ਼ੀਸਦੀ ਸਾਖਰਤਾ ਦੀ ਬੁਨਿਆਦੀ ਲੋੜ ਹੈ। ਜਿੰਨਾ ਚਿਰ ਉਹ ਨਹੀਂ ਆਉਂਦੀ, ਲੋਕ ਆਪਣਾ ਭਲਾ ਬੁਰਾ ਸੋਚਣ ਦੇ ਯੋਗ ਨਹੀਂ ਹੋ ਸਕਦੇ।
ਸਾਡੇ ਲੋਕ ਚੋਣਾਂ ਵਿੱਚ ਦਿਲਚਸਪੀ ਤਾਂ ਮੇਲੇ ਵਾਂਗ ਲੈਂਦੇ ਸਨ ਪਰ ਭ੍ਰਿਸ਼ਟ ਗਤੀਵਿਧੀਆਂ ਪ੍ਰਚੱਲਿਤ ਹੋਣ ਨਾਲ ਆਮ ਲੋਕ ਇਸ ਮਹਾਂ ਕੁੰਭ ਤੋਂ ਕਿਨਾਰਾ ਕਰਨ ਲੱਗ ਪਏ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਚੋਣਾਂ ਦੌਰਾਨ ਆਪੋ-ਆਪਣੇ ਚੋਣ ਮਨੋਰਥ ਪੱਤਰ ਪ੍ਰਕਾਸਿ਼ਤ ਕਰਦੀਆਂ ਹਨ ਪਰ ਉਨ੍ਹਾਂ ’ਤੇ ਪੂਰਾ ਅਮਲ ਨਹੀਂ ਹੁੰਦਾ। ਹੁਣ ਤਾਂ ਮੁਫ਼ਤ ਸਹੂਲਤਾਂ ਦੇਣ ਦਾ ਉਲਟਾ ਰਿਵਾਜ਼ ਹੀ ਪ੍ਰਚੱਲਿਤ ਹੋ ਗਿਆ ਹੈ। ਵੱਡੀਆਂ ਪਾਰਟੀਆਂ ਲੋਕ ਭਲਾਈ ਦੀ ਥਾਂ ਆਪਣਾ ਵੋਟ ਬੈਂਕ ਕਾਇਮ ਕਰਨ ਵਿੱਚ ਮਸਰੂਫ਼ ਹੋ ਗਈਆਂ ਹਨ। ਸਮਾਜ ਦੀ ਮੁੱਖ ਲੋੜ ਤਾਂ ਵਧੀਆ ਵਿਦਿਆ ਤੇ ਸਿਹਤ ਸਹੂਲਤਾਂ ਦਾ ਵਧੀਆ ਜਾਲ ਵਿਛਾਉਣਾ ਹੈ ਪਰ ਜ਼ੋਰ ਮੁਫ਼ਤ ਜਾਂ ਸਸਤੇ ਰਾਸ਼ਨ ਅਤੇ ਬਿਜਲੀ ਪਾਣੀ ’ਤੇ ਦਿੱਤਾ ਜਾਂਦਾ ਹੈ। ਮੁਫ਼ਤ ਰਾਸ਼ਨ ਲੋੜ ਦੀ ਥਾਂ ਆਦਤ ਬਣਾ ਦਿੱਤੀ ਹੈ ਜਿਸ ਨਾਲ ਲੋਕ ਨਿਕੰਮੇ ਅਤੇ ਸੁਸਤ ਬਣ ਰਹੇ ਹਨ। ਜਦੋਂ ਤੱਕ ਲੋਕ ਆਪਣੀ ਖ਼ੁਦਦਾਰੀ ਨੂੰ ਨਹੀਂ ਸਮਝਣਗੇ ਤੇ ਸਮਝਦਾਰ ਨਹੀਂ ਹੋਣਗੇ, ਉਹ ਆਪਣਾ ਭਵਿੱਖ ਸੁਧਾਰਨ ਬਾਰੇ ਸੋਚ ਹੀ ਨਹੀਂ ਸਕਦੇ। ਤੇਜ਼ੀ ਨਾਲ ਵਧ ਰਹੀ ਬੇਲੋੜੀ ਆਬਾਦੀ ਦਾ ਸੁਧਾਰ ਤੇ ਅਨਪੜ੍ਹਤਾ ਦਾ ਖ਼ਾਤਮਾ ਹੋਣ ਨਾਲ ਹੀ ਗ਼ਰੀਬੀ ਖ਼ਤਮ ਹੋ ਸਕਦੀ ਹੈ। ਮੁਫ਼ਤ ਰਾਸ਼ਨ ਦੀ ਸਪਲਾਈ ਵੋਟ ਬੈਂਕ ਦਾ ਸਾਧਨ ਜ਼ਰੂਰ ਹੈ ਪਰ ਬੁਰਾਈ ਦਾ ਹੱਲ ਨਹੀਂ। ਭੀੜ ਤੰਤਰ ਨਾ ਇਹ ਸਮਝਦਾ ਹੈ ਤੇ ਨਾ ਹੀ ਸਮਝਣ ਦੀ ਕੋਸਿ਼ਸ਼ ਕਰਦਾ ਹੈ।
ਦਲ ਬਦਲੀ ਰੋਕਣ ਲਈ ਕਾਫ਼ੀ ਦੇਰ ਪਹਿਲਾਂ ਕਾਨੂੰਨ ਬਣਿਆ ਸੀ ਪਰ ਉਹ ਵੀ ਸਫਲ ਨਹੀਂ ਹੋ ਸਕਿਆ। ਇਸ ਅਨੁਸਾਰ ਸਮੁੱਚੀ ਪਾਰਟੀ ਦਾ ਜੇ 1/3 ਹਿੱਸਾ ਇਕੱਠਾ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਉੱਪਰ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਉਂਝ, ਕਈ ਐਸੇ ਸਿਆਸਤਦਾਨ ਵੀ ਹੋਏ ਹਨ ਜਿਨ੍ਹਾਂ ਨੇ ਸਮੁੱਚੀ ਪਾਰਟੀ ਹੀ ਦੂਜੀ ਪਾਰਟੀ ਵਿੱਚ ਸ਼ਾਮਲ ਕਰ ਕੇ ਇਤਿਹਾਸ ਸਿਰਜ ਦਿੱਤਾ ਸੀ। ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਚੌਧਰੀ ਭਜਨ ਲਾਲ ਦਲ ਬਦਲੀ ਦੇ ਪਿਤਾਮਾ ਰਹੇ ਹਨ। ਉਸ ਤੋਂ ਵੀ ਪਹਿਲਾਂ ਹਰਿਆਣਾ ਦੇ ਹੀ ਇੱਕ ਵਿਧਾਇਕ ਨੇ ਇੱਕ ਦਿਨ ਵਿੱਚ ਤਿੰਨ ਵਾਰ ਪਾਰਟੀ ਬਦਲ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਸੀ। ਵਿਧਾਇਕ ਹੋਵੇ ਜਾਂ ਸੰਸਦ ਮੈਂਬਰ ਜੋ ਵੀ ਚੁਣਿਆ ਪ੍ਰਤੀਨਿਧ ਹੁੰਦਾ ਹੈ, ਉਹ ਹਲਕੇ ਦਾ ਪ੍ਰਤੀਨਿਧ ਹੁੰਦਾ ਹੈ। ਸਮੁੱਚੇ ਇਲਾਕੇ ਦਾ ਨੁਮਾਇੰਦਾ ਹੁੰਦੇ ਹੋਏ ਜਦੋਂ ਉਹ ਮੰਤਰੀ ਬਣ ਜਾਵੇ ਤਾਂ ਉਸ ਦੀ ਜਿ਼ੰਮੇਵਾਰੀ ਹੋਰ ਵੱਡੀ ਹੋ ਜਾਂਦੀ ਹੈ। ਇਹ ਜਿ਼ੰਮੇਵਾਰੀਆਂ ਕੇਵਲ ਕਾਨੂੰਨ ਦੇ ਡਰ ਦੀਆਂ ਪਾਬੰਦ ਨਹੀਂ ਹੁੰਦੀਆਂ ਸਗੋਂ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਜੇਕਰ ਕੇਵਲ ਮੰਤਰੀ ਦਾ ਅਹੁਦਾ ਜਾਂ ਸੱਤਾ ਧਿਰ ਵਿੱਚ ਸ਼ਾਮਲ ਹੋਣ ਦੇ ਲਾਲਚ ਵਿੱਚ ਕੋਈ ਨੇਤਾ ਟਪੂਸੀ ਮਾਰ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਵੇ ਤਾਂ ਉਸ ਹਲਕੇ ਦੇ ਵੋਟਰਾਂ ਦੇ ਦਿਲ ’ਤੇ ਕੀ ਬੀਤਦੀ ਹੈ? ਉਹ ਠੱਗੇ ਹੋਏ ਮਹਿਸੂਸ ਕਰਦੇ ਹਨ। ਕਈ ਨੇਤਾ ਇਹ ਵੀ ਸੋਚਦੇ ਹਨ ਕਿ ਲੋਕਾਂ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ ਤੇ ਉਹ ਜਲਦੀ ਭਾਵਨਾ ਵਿੱਚ ਵਹਿ ਕੇ ਸਭ ਕੁਝ ਭੁੱਲ ਜਾਂਦੇ ਹਨ ਪਰ ਹੁਣ ਜ਼ਮਾਨਾ ਬਦਲ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਉਸੇ ਵੇਲੇ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਹੁਣ ਲੋਕ ਸਵਾਲ ਵੀ ਪੁੱਛਣ ਲੱਗ ਪਏ ਹਨ।
ਲਾਲਚ ਪੈਸੇ ਦਾ ਹੋਵੇ ਜਾਂ ਸੱਤਾ ਦੇ ਨਸ਼ੇ ਦਾ, ਮਾੜਾ ਹੁੰਦਾ ਹੈ। ਜੋ ਸਕੂਨ ਸਬਰ ਸੰਤੋਖ ਅਤੇ ਹੱਕ ਹਲਾਲ ਦੀ ਮਿਹਨਤ ਵਿੱਚ ਹੁੰਦਾ ਹੈ, ਉਹ ਲਾਲਚ ਤੇ ਲਾਲਸਾ ਰਾਹੀਂ ਪੂਰਾ ਨਹੀਂ ਹੁੰਦਾ ਸਗੋਂ ਕਈ ਕੁਰੀਤੀਆਂ ਅਤੇ ਬਿਮਾਰੀਆਂ ਪਿੱਛਾ ਕਰਨ ਲੱਗ ਜਾਂਦੀਆਂ ਹਨ। ਮਨ ਜਿੱਤ ਕੇ ਹੀ ਜੱਗ ਜਿੱਤਿਆ ਜਾ ਸਕਦਾ ਹੈ, ਗੁਮਰਾਹ ਜਾਂ ਭੈਅਭੀਤ ਕਰ ਕੇ ਨਹੀਂ। ਲੋਕਰਾਜ ਦੇ ਇਸ ਚੋਣ ਪ੍ਰਬੰਧ ਨੂੰ ਸਫਲ ਬਣਾਉਣ ਲਈ ਲੀਡਰਾਂ ਅਤੇ ਵੋਟਰਾਂ, ਸਾਰਿਆਂ ਨੂੰ ਸੁਚੇਤ ਹੋ ਕੇ ਆਪਣੇ ਅਧਿਕਾਰਾਂ ਤੇ ਕਰਤੱਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਦਲ ਬਦਲੂ, ਭ੍ਰਿਸ਼ਟ ਤੇ ਲਾਲਚੀ ਨੇਤਾਵਾਂ ਨੂੰ ਬਿਲਕੁਲ ਮੂੰਹ ਨਹੀਂ ਲਗਾਉਣਾ ਚਾਹੀਦਾ। ਜਿਹੜੇ ਨੇਤਾ ਆਪਣੀ ਪਾਰਟੀ ਦੇ ਵਫ਼ਾਦਾਰ ਨਹੀਂ ਰਹਿੰਦੇ, ਉਹ ਲੋਕਾਂ ਅਤੇ ਸਮਾਜ ਦੇ ਕਦੇ ਵੀ ਵਫ਼ਾਦਾਰ ਨਹੀਂ ਹੋ ਸਕਦੇ। ਦਰਅਸਲ ਰਾਜਨੀਤਕ ਪਾਰਟੀਆਂ ਹੀ ਦਲ ਬਦਲੀ ਨੂੰ ਉਤਸ਼ਾਹਿਤ ਕਰਦੀਆਂ ਹਨ। ਜੇ ਸਾਰੀਆਂ ਪਾਰਟੀਆਂ ਲੋਕਰਾਜ ਦੀਆਂ ਸਹੀ ਸ਼ਬਦਾਂ ਵਿੱਚ ਪੈਰੋਕਾਰ ਹੋਣ ਤਾਂ ਉਹ ਦੂਜੀ ਪਾਰਟੀ ਵਿੱਚੋਂ ਆਏ ਉਮੀਦਵਾਰਾਂ ਤੇ ਘੱਟੋ-ਘੱਟ ਪੰਜ ਸਾਲ ਦੇ ਅਜ਼ਮਾਇਸ਼ੀ ਸਮੇਂ ਦੀ ਰੋਕ ਲਗਾ ਕੇ ਫਿਰ ਹੀ ਉਮੀਦਵਾਰ ਬਣਾਉਣ ਤਾਂ ਕੋਈ ਵੀ ਨੇਤਾ ਪਾਰਟੀ ਬਦਲਣ ਦੀ ਜੁਰਅਤ ਨਹੀਂ ਕਰੇਗਾ।
ਇਹ ਸਭ ਕੁਝ ਕਰਨ ਲਈ ਸੰਜਮ, ਪੱਕੇ ਇਰਾਦੇ ਅਤੇ ਨੇਕ ਨੀਅਤ ਦੀ ਲੋੜ ਹੈ। ਸਭ ਨੂੰ ਇਹ ਅਪਣਾਉਣਾ ਪਵੇਗਾ ਨਹੀਂ ਤਾਂ ਲੋਕਰਾਜ ਖ਼ਤਮ ਹੋ ਜਾਵੇਗਾ ਤੇ ਸਭ ਤੋਂ ਵੱਡੇ ਲੋਕਤੰਤਰ ਦੀ ਆਪੇ ਮਿਲੀ ਵਡਿਆਈ ਉੱਡ ਪੁੱਡ ਜਾਵੇਗੀ। ਹੁਣ ਅਗਾਂਹ ਵਧੂ ਤਕਨੀਕ ਦਾ ਦੌਰ ਹੈ। ਦੁਨੀਆ ਚੰਦ ਸੂਰਜ ਵੱਲ ਮੁਹਾਰਾਂ ਮੋੜ ਰਹੀ ਹੈ ਅਤੇ ਅਸੀਂ ਸਹੀ ਕਿਰਦਾਰ ਵਾਲੇ ਨੁਮਾਇੰਦੇ ਚੁਣਨ ਤੋਂ ਵੀ ਅਸਮਰਥ ਸਾਬਤ ਹੋ ਰਹੇ ਹਾਂ। ਕਾਹਦਾ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਕਾਹਦੇ ਦਮਗਜੇ ਜਦੋਂ ਸਾਡੇ ਨੇਤਾ ਵੋਟਰਾਂ ਨੂੰ ਚਿੜੀਆਂ ਕਾਂ ਹੀ ਸਮਝ ਰਹੇ ਹਨ। ਅਸੀਂ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਥਾਂ ਮੁਫ਼ਤ ਰਾਸ਼ਨ ਦੇ ਕੇ ਅਨਪੜ੍ਹ ਤੇ ਬੇਰੁਜ਼ਗਾਰ ਮੰਗਤੇ ਬਣਨ ਵੱਲ ਵੱਧ ਰਹੇ ਹਾਂ। ਮਨੁੱਖੀ ਅਧਿਕਾਰ ਤੇ ਕਰਤੱਵ ਵੀ ਤਾਂ ਹੀ ਸੰਭਵ ਹੋ ਸਕਣਗੇ ਜੇ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਨੇਤਾ ਲੋਕ ਨਿਯਮਾਂ ਦੇ ਪਾਬੰਦ ਰਹਿ ਕੇ ਹੱਕ ਸੱਚ ਤੇ ਨੈਤਿਕਤਾ ’ਤੇ ਪਹਿਰਾ ਦੇਣਗੇ। ਲੋਕਰਾਜ ਦੀ ਅਸਲ ਤਾਕਤ ਵੋਟਰਾਂ ਦੇ ਹੱਥ ਹੈ। ਜੇ ਵੋਟਰ ਸਿਆਣਪ ਤੇ ਸੂਝਬੂਝ ਅਨੁਸਾਰ, ਲਾਲਚ ਰਹਿਤ ਹੋ ਕੇ, ਜਜ਼ਬਾਤੀ ਭਾਵਨਾਵਾਂ ਵਿੱਚ ਵਹਿਣ ਤੋਂ ਬਿਨਾਂ ਨੇਤਾਵਾਂ ਦੇ ਇਖ਼ਲਾਕ, ਸਿਆਣਪ ਤੇ ਇਮਾਨਦਾਰੀ ਨੂੰ ਵਾਚ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਤਾਂ ਹੀ ਲੋਕਰਾਜ ਸਫਲ ਹੋ ਸਕੇਗਾ।

Advertisement

ਸੰਪਰਕ: 93163-11677

Advertisement
Author Image

sukhwinder singh

View all posts

Advertisement
Advertisement
×