ਈਵੀਐੱਮਜ਼ ਬਾਰੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦੇਵੇ ਚੋਣ ਕਮਿਸ਼ਨ: ਸਿੱਬਲ
ਨਵੀਂ ਦਿੱਲੀ, 13 ਅਕਤੂਬਰ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਕਾਂਗਰਸ ਵੱਲੋਂ ਹਾਲੀਆ ਹਰਿਆਣਾ ਅਸੈਂਬਲੀ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਨੂੰ ਲੈ ਕੇ ਚੁੱਕੇ ਸਵਾਲਾਂ ਬਾਰੇ ਚੋਣ ਕਮਿਸ਼ਨ ਸਥਿਤੀ ਸਪਸ਼ਟ ਕਰੇ। ਸਿੱਬਲ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਇਹ ਰਾਇ ਹੈ ਕਿ ਚੋਣਾਂ ਵਿਚ ਈਵੀਐੱਮਜ਼ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ। ਕਾਂਗਰਸ ਨੇ ਹਰਿਆਣਾ ਅਸੈਂਬਲੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਦੌਰਾਨ ਈਵੀਐੱਮਜ਼ ਵਿਚ ਕਥਿਤ ਉਕਾਈਆਂ ਸਬੰਧੀ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਭੇਜੀਆਂ ਸਨ। ਸਿੱਬਲ ਨੇ ਕਿਹਾ, ‘‘ਕਾਂਗਰਸ ਨੇ ਈਵੀਐੱਮਜ਼ ਬਾਰੇ ਜਿਹੜੇ ਸਵਾਲ ਚੁੱਕੇ ਹਨ, ਉਸ ਲਈ ਚੋਣ ਕਮਿਸ਼ਨ ਨੂੰ ਸਬੂਤ ਵੀ ਮੁਹੱਈਆ ਕੀਤੇ ਹਨ। ਲਿਹਾਜ਼ਾ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਪਰ ਚੋਣ ਕਮਿਸ਼ਨ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਈਵੀਐੱਮਜ਼ ਦੀ ਦੁਰਵਰਤੋਂ ਹੁੰਦੀ ਹੈ, ਇਹ ਕਿਸ ਹੱਦ ਤੱਕ ਹੁੰਦੀ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ।’’ -ਪੀਟੀਆਈ
‘ਭਾਗਵਤ ਦੀਆਂ ਟਿੱਪਣੀਆਂ ਤੇ ਮੋਦੀ ਸਰਕਾਰ ਦੇ ਕੰਮ ਮੇਲ ਨਹੀਂ ਖਾਂਦੇ’
ਨਵੀਂ ਦਿੱਲੀ: ਕਪਿਲ ਸਿੱਬਲ ਨੇ ਕਿਹਾ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਵੱਲੋਂ ਵਿਜੈਦਸ਼ਮੀ (ਦਸਹਿਰੇ) ਮੌਕੇ ਦਿੱਤਾ ਬਿਆਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਕੰਮਾਂ ਵਿਚ ਕੋਈ ਮੇਲ ਨਹੀਂ ਹੈ। ਆਰਐੱਸਐੱਸ ਮੁਖੀ ਨੇ ਸ਼ਨਿੱਚਰਵਾਰ ਨੂੰ ਨਾਗਪੁਰ ਵਿਚ ਕਿਹਾ ਸੀ ਕਿ ਆਲਮੀ ਪੱਧਰ ’ਤੇ ਭਾਰਤ ਵਧੇੇਰੇ ਮਜ਼ਬੂਤ ਹੋਇਆ ਹੈ ਤੇ ਇਸ ਦਾ ਮਾਣ ਸਤਿਕਾਰ ਵਧਿਆ ਹੈ। ਸਿੱਬਲ ਨੇ ਤਕਰੀਰ ਦੇ ਹਵਾਲੇ ਨਾਲ ਕਿਹਾ ਕਿ ਭਾਗਵਤ ਨੇ ਕਿਹਾ ਸੀ ਕਿ ਦੇਸ਼ ਵਿਚ ਭਗਵਾਨ ਵੰਡੇ ਹੋਏ ਹਨ, ਇਹ ਨਹੀਂ ਹੋਣਾ ਚਾਹੀਦਾ। ਇਹ ਵੱਖੋ ਵੱਖਰੇ ਧਰਮਾਂ ਤੇ ਭਾਸ਼ਾਵਾਂ ਦਾ ਦੇਸ਼ ਹੈ। ਸਿੱਬਲ ਨੇ ਕਿਹਾ, ‘‘ਮੈਂ ਉਨ੍ਹਾਂ ਦੇ ਬਿਆਨ ਦਾ ਸਵਾਗਤ ਕਰਦਾ ਹਾਂ, ਪਰ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਆਰਐੱਸਐੇੱਸ ਜਿਸ ਸਰਕਾਰ ਦੀ ਹਮਾਇਤ ਕਰ ਰਹੀ ਹੈ, ਉਹ ਉਨ੍ਹਾਂ ਦੇ ਬਿਆਨਾਂ ਦੇ ਉਲਟ ਕੰਮ ਕਰਦੀ ਹੈ।’’ -ਪੀਟੀਆਈ