ਵੋਟਰਾਂ ਨੂੰ ਕਰੋਨਾ ਤੋਂ ਬਚਾਉਣ ਲਈ ਚੋਣ ਕਮਿਸ਼ਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
ਨਵੀਂ ਦਿੱਲੀ, 21 ਅਗਸਤ
ਕਰੋਨਾਵਾਇਰਸ ਮਹਾਮਾਰੀ ਦੌਰਾਨ ਚੋਣਾਂ ਕਰਾਊਣ ਲਈ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵੋਟਰਾਂ ਨੂੰ ਈਵੀਐੱਮ ਬਟਨ ਦਬਾਉਣ ਲਈ ਦਸਤਾਨੇ ਮੁਹੱਈਆ ਕਰਵਾਏ ਜਾਣਗੇ ਜੋ ਵਰਤੋਂ ਮਗਰੋਂ ਸੁੱਟਣ ਵਾਲੇ ਹੋਣਗੇ। ਇਸ ਤੋਂ ਇਲਾਵਾ ਕੁਆਰੰਟਾਈਨ ਕੀਤੇ ਗਏ ਵਿਅਕਤੀਆਂ ਨੂੰ ੋਲਿੰਗ ਵਾਲੇ ਦਿਨ ਆਖਰੀ ਘੰਟੇ ’ਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਹਾਮਾਰੀ ਦਰਮਿਆਨ ਬਿਹਾਰ ’ਚ ਅਕਤੂਬਰ-ਨਵੰਬਰ ’ਚ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਕੁਝ ਸੂਬਿਆਂ ’ਚ ਜ਼ਿਮਨੀ ਚੋਣਾਂ ਵੀ ਹੋ ਸਕਦੀਆਂ ਹਨ।
ਚੋਣ ਕਮਿਸ਼ਨ ਨੇ ਕਿਹਾ ਕਿ ‘ਕੰਟੇਨਮੈਂਟ ਜ਼ੋਨ’ ਐਲਾਨੇ ਗਏ ਇਲਾਕਿਆਂ ਦੇ ਵੋਟਰਾਂ ਲਈ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਨੂੰ ਚੋਣਾਂ ਤੋਂ ਇਕ ਦਿਨ ਪਹਿਲਾਂ ਲਾਜ਼ਮੀ ਤੌਰ ’ਤੇ ਸੈਨੇਟਾਈਜ਼ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ ਥਰਮਲ ਸਕੈਨਰ ਲਗਾਏ ਜਾਣਗੇ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਇਕ ਪੋਲਿੰਗ ਸਟੇਸ਼ਨ ’ਤੇ 1500 ਦੀ ਬਜਾਏ ਵੱਧ ਤੋਂ ਵੱਧ ਇਕ ਹਜ਼ਾਰ ਵੋਟਰ ਹੋਣਗੇ। ਉਮੀਦਵਾਰ ਸਮੇਤ ਪੰਜ ਵਿਅਕਤੀਆਂ ਦਾ ਗਰੁੱਪ ਹੀ ਘਰ-ਘਰ ਜਾ ਕੇ ਪ੍ਰਚਾਰ ਕਰ ਸਕੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਰੋਡ ਸ਼ੋਅ ਦੌਰਾਨ ਇਕੱਠੇ 10 ਵਾਹਨਾਂ ਦੀ ਥਾਂ ’ਤੇ ਪੰਜ-ਪੰਜ ਵਾਹਨ ਹੀ ਕਾਫ਼ਲੇ ’ਚ ਚੱਲਣਗੇ। ਜਨਤਕ ਰੈਲੀਆਂ ਅਤੇ ਇਕੱਠਾਂ ’ਤੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ ਲਾਗੂ ਹੋਣਗੇ। ਜ਼ਿਲ੍ਹਾ ਚੋਣ ਅਧਿਕਾਰੀ ਸਮਾਜਿਕ ਦੂਰੀ ਦੇ ਨੇਮਾਂ ਨੂੰ ਯਕੀਨੀ ਬਣਾਉਣ ਲਈ ਰੈਲੀਆਂ ਵਾਲੀਆਂ ਥਾਵਾਂ ’ਤੇ ਢੁੱਕਵੀਂ ਦੂਰੀ ਉਪਰ ਨਿਸ਼ਾਨ ਲਗਵਾਏਗਾ। -ਪੀਟੀਆਈ
ਬਿਹਾਰ ਚੋਣਾਂ ਲਈ ਭਾਜਪਾ ਦੀ ਦੋ ਰੋਜ਼ਾ ਬੈਠਕ ਅੱਜ ਤੋਂ
ਪਟਨਾ: ਬਿਹਾਰ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਵਾਸਤੇ ਭਾਜਪਾ ਦੀ ਦੋ ਰੋਜ਼ਾ ਬੈਠਕ ਸ਼ਨਿਚਰਵਾਰ ਤੋਂ ਸ਼ੁਰੂ ਹੋਵੇਗੀ। ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੰਜੈ ਜੈਸਵਾਲ ਨੇ ਦੱਸਿਆ ਕਿ ਆਨਲਾਈਨ ਬੈਠਕ ਦੌਰਾਨ ਪਾਰਟੀ ਪ੍ਰਧਾਨ ਜੇ ਪੀ ਨੱਢਾ ਅਤੇ ਕਈ ਹੋਰ ਸੀਨੀਅਰ ਆਗੂ ਆਪਣੀ ਹਾਜ਼ਰੀ ਲਵਾਉਣਗੇ। ਬਿਹਾਰ ਚੋਣਾਂ ਲਈ ਪਾਰਟੀ ਇੰਚਾਰਜ ਦੇਵੇਂਦਰ ਫੜਨਵੀਸ ਉਦਘਾਟਨੀ ਭਾਸ਼ਨ ਦੇਣਗੇ। ਫੜਨਵੀਸ ਦੀ ਮੌਜੂਦਗੀ ਨੂੰ ਮਾਹਿਰ ਸਿਆਸੀ ਨਜ਼ਰੀਏ ਨਾਲ ਅਹਿਮ ਮੰਨ ਰਹੇ ਹਨ ਕਿਉਂਕਿ ਇੰਜ ਜਾਪਦਾ ਹੈ ਕਿ ਭਾਜਪਾ ਵੱਲੋਂ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਬਿਹਾਰ ਚੋਣਾਂ ’ਚ ਮੁੱਦਾ ਬਣਾਇਆ ਜਾ ਸਕਦਾ ਹੈ। -ਪੀਟੀਆਈ