ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਘੋਲਣ ਦੇ ਦਾਅਵਿਆਂ ਸਬੰਧੀ ਸਬੂਤ ਦੇਣ ਨੂੰ ਕਿਹਾ
ਨਵੀਂ ਦਿੱਲੀ, 28 ਜਨਵਰੀ
ਚੋਣ ਕਮਿਸ਼ਨ ਨੇ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਗੁਆਂਢੀ ਸੂਬੇ ਹਰਿਆਣਾ ਵੱਲੋਂ ਯਮੁਨਾ ਨਦੀ ਦੇ ਪਾਣੀ ਵਿੱਚ ਜ਼ਹਿਰ ਘੋਲਣ ਦੇ ਆਪਣੇ ਦਾਅਵਿਆਂ ਸਬੰਧੀ ਬੁੱਧਵਾਰ ਰਾਤ 8 ਵਜੇ ਤੱਕ ਸਬੂਤ ਪੇਸ਼ ਕਰਨ। ਇਸ ਨੇ ਉਨ੍ਹਾਂ ਨੂੰ ਕਾਨੂੰਨ ਪ੍ਰਬੰਧਾਂ ਦੀ ਯਾਦ ਦਿਵਾਈ, ਜਿਸ ਤਹਿਤ ਕੌਮੀ ਏਕਤਾ ਅਤੇ ਜਨਤਕ ਸਦਭਾਵਨਾ ਖ਼ਿਲਾਫ਼ ‘ਸ਼ਰਾਰਤੀ’ ਬਿਆਨਾਂ ਲਈ ਤਿੰਨ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਉਨ੍ਹਾਂ ਦੇ ਦਾਅਵੇ ਦਾ ਵੇਰਵਾ ਸਾਂਝਾ ਕਰਨ ਲਈ ਵੀ ਕਿਹਾ ਕਿ ਦਿੱਲੀ ਜਲ ਬੋਰਡ ਦੇ ਇੰਜਨੀਅਰਾਂ ਨੇ ਅਸਲ ਵਿੱਚ ਇਸ ਦਾ ਪਤਾ ਲਗਾਇਆ ਅਤੇ ਸਮੇਂ ’ਤੇ ਇਸ ਨੂੰ ਰੋਕ ਦਿੱਤਾ।
ਭਾਜਪਾ ਅਤੇ ਕਾਂਗਰਸ ਦੋਹਾਂ ਨੇ ਯਮੁਨਾ ਨਦੀ ਵਿੱਚ ਜ਼ਹਿਰ ਮਿਲਾਉਣ ਦਾ ਦੋਸ਼ ਲਗਾਉਣ ’ਤੇ ਕੇਜਰੀਵਾਲ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਵੀ ਦੋਸ਼ ਲਗਾਇਆ ਸੀ ਕਿ ਹਰਿਆਣਾ ਵੱਲੋਂ ਦਿੱਲੀ ਨੂੰ ਸਪਲਾਈ ਕੀਤੇ ਜਾ ਰਹੇ ਪਾਣੀ ਵਿੱਚ ਅਮੋਨੀਆ ਦਾ ਪੱਧਰ ਵਧਣ ਨਾਲ ਕੌਮੀ ਰਾਜਧਾਨੀ ਵਿੱਚ ਜਲ ਸਪਲਾਈ ਗੰਭੀਰ ਤੌਰ ’ਤੇ ਪ੍ਰਭਾਵਿਤ ਹੋ ਸਕਦੀ ਹੈ। ਚੋਣ ਕਮਿਸ਼ਨ ਇਸ ਮੁੱਦੇ ’ਤੇ ਹਰਿਆਣਾ ਸਕਰਾਰ ਤੋਂ ਤੱਥਾਂ ’ਤੇ ਆਧਾਰਿਤ ਰਿਪੋਰਟ ਆਉਣ ਦਾ ਇੰਤਜ਼ਾਰ ਵੀ ਕਰ ਰਿਹਾ ਹੈ। -ਪੀਟੀਆਈ