ਚੋਣ ਜ਼ਾਬਤਾ: ਮਿੱਲਰ ਗੰਜ ’ਚ ਹਾਲੇ ਵੀ ਲਿਖੇ ਨੇ ਭਾਜਪਾ ਪੱਖੀ ਨਾਅਰੇ
ਸਤਵਿੰਦਰ ਬਸਰਾ
ਲੁਧਿਆਣਾ, 2 ਅਪਰੈਲ
ਲੋਕ ਸਭਾ ਦੀਆਂ ਚੋਣਾਂ ਨੂੰ ਭਾਵੇਂ ਅਜੇ ਸਮਾਂ ਹੈ ਪਰ ਚੋਣ ਜ਼ਾਬਤਾ ਲੱਗਣ ਕਰ ਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੱਖ-ਵੱਖ ਪਾਰਟੀਆਂ ਦੇ ਬੈਨਰ ਅਤੇ ਬੋਰਡ ਲਾਹ ਦਿੱਤੇ ਗਏ ਹਨ ਪਰ ਇੱਥੋਂ ਦੇ ਮਿੱਲਰ ਗੰਜ ਇਲਾਕੇ ਵਿੱਚ ਖ਼ਬਰ ਲਿਖੇ ਜਾਣ ਤੱਕ ਭਾਜਪਾ ਦੇ ਹੱਕ ’ਚ ਕੰਧਾਂ ’ਤੇ ਪੱਕੇ ਰੰਗ ਨਾਲ ਲਿਖੇ ਹੋਏ ਨਾਅਰੇ ਮੌਜੂਦ ਸਨ।
ਚੋਣ ਜ਼ਾਬਤੇ ਕਰ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦਿਆਂ ਥਾਂ-ਥਾਂ ’ਤੇ ਲੱਗੇ ਵੱਖ ਵੱਖ ਪਾਰਟੀਆਂ ਦੇ ਬੋਰਡ ਆਦਿ ਲਾਹ ਦਿੱਤੇ ਗਏ ਹਨ। ਇੱਥੋਂ ਤੱਕ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਬੋਰਡ ਵੀ ਕਿਤੇ ਦਿਖਾਈ ਨਹੀਂ ਦਿੰਦੇ ਪਰ ਦੇਖਣ ਵਿੱਚ ਆਇਆ ਹੈ ਕਿ ਕਈ ਇਲਾਕਿਆਂ ਵਿੱਚ ਭਾਜਪਾ ਦੇ ਹੱਕ ’ਚ ਪੱਕੇ ਰੰਗਾਂ ਨਾਲ ਲਿਖੇ ਨਾਅਰੇ ਆਦਿ ਮਿਟਾਉਣੇ ਰਹਿ ਗਏ ਹਨ। ਇਨ੍ਹਾਂ ਵਿੱਚੋਂ ਸਥਾਨਕ ਮਿੱਲਰ ਗੰਜ ਨੇੜੇ ਬਣੀਆਂ ਰੇਲਵੇ ਲਾਈਨਾਂ ਦੇ ਨਾਲ-ਨਾਲ ਪੈਂਦੇ ਮਕਾਨਾਂ ਦੀਆਂ ਕੰਧਾਂ ’ਤੇ ਭਾਜਪਾ ਨੂੰ ਵੋਟ ਪਾਉਣ, ਮੋਦੀ ਸਰਕਾਰ ਨੂੰ ਇੱਕ ਵਾਰ ਫਿਰ ਲਿਆਉਣ ਦਾ ਸੁਨੇਹਾ ਦਿੰਦੇ ਵੱਡੇ ਵੱਡੇ ਪੱਕੇ ਰੰਗਾਂ ਨਾਲ ਲਿਖੀ ਪ੍ਰਚਾਰ ਸਮੱਗਰੀ ਦੇਖੀ ਜਾ ਸਕਦੀ ਹੈ।
ਇਹ ਲਿਖਤ ਇੰਨੇ ਵੱਡੇ ਅਕਾਰ ਦੀ ਹੈ ਕਿ ਇਹ ਘੰਟਾ ਘਰ ਵੱਲੋਂ ਮਿੱਲਰ ਗੰਜ ਨੂੰ ਆਉਂਦੇ ਪੁਲ ਤੋਂ ਵੀ ਸਾਫ਼ ਦੇਖੀ ਜਾ ਸਕਦੀ ਹੈ। ਸਨਅਤੀ ਸ਼ਹਿਰ ਵਿੱਚ ਹਰ ਸੂਬੇ ਤੋਂ ਆਏ ਲੋਕ ਵਸਦੇ ਹਨ ਜਿਸ ਕਰ ਕੇ ਇਨ੍ਹਾਂ ਲਿਖਤਾਂ ’ਤੇ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵੀ ਲਿਖਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਪੈਂਦਾ ਹੈ। ਇਹ ਲਿਖਤਾਂ ਵੀ ਚੋਣ ਜ਼ਾਬਤੇ ਤੋਂ ਪਹਿਲਾਂ ਦੀਆਂ ਹੀ ਲਿਖੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਅਜਿਹੀ ਪ੍ਰਚਾਰ ਸਮੱਗਰੀ ਕੁਝ ਦਿਨ ਪਹਿਲਾਂ ਤੱਕ ਤਾਜਪੁਰ ਰੋਡ ’ਤੇ ਵੀ ਇੱਕ ਕੰਧ ’ਤੇ ਲੱਗੀ ਹੋਈ ਸੀ ਜਿਸ ਦੀ ਪੰਜਾਬੀ ਟ੍ਰਿਬਿਊਨ ਵੱਲੋਂ ਖ਼ਬਰ ਛਾਪੇ ਜਾਣ ਤੋਂ ਬਾਅਦ ਇਨ੍ਹਾਂ ਲਿਖਤਾਂ ਨੂੰ ਰੰਗ ਫੇਰ ਕੇ ਮਿਟਾ ਦਿੱਤਾ ਗਿਆ ਸੀ।