ਕੈਨੇਡਾ ਭੇਜਣ ਦੇ ਨਾਂ ’ਤੇ 74 ਲੱਖ ਦੀ ਠੱਗੀ ਮਾਰਨ ਵਾਲਾ ਫ਼ਰਜ਼ੀ ਏਜੰਟ ਗ੍ਰਿਫ਼ਤਾਰ
ਦੇਵਿੰਦਰ ਸਿੰਘ ਜੱਗੀ
ਪਾਇਲ, 19 ਮਈ
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੂੰ ਨੇੜਲੇ ਪਿੰਡ ਜਰਗ ਦੀ ਵਸਨੀਕ ਜਸਮੀਨ ਕੌਰ ਪੁੱਤਰੀ ਦਰਸ਼ਨ ਸਿੰਘ ਅਤੇ ਠਾਕੁਰ ਸਿੰਘ ਮੰਡੇਰ ਪੁੱਤਰ ਦਰਸ਼ਨ ਸਿੰਘ ਵੱਲੋਂ ਫਰਜ਼ੀ ਏਜੰਟ ਸੁਖਦੀਪ ਸਿੰਘ ਅਤੇ ਉਸਦੀ ਪਤਨੀ ਰਮਨਦੀਪ ਕੌਰ ਵਾਸੀ ਪਿੰਡ ਢਢੋਗਲ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਰੁੱਧ 74 ਲੱਖ ਦੀ ਠੱਗੀ ਮਾਰਨ ਸਬੰਧੀ ਦਰਖਾਸਤ ਦਿੱਤੀ ਸੀ। ਪਾਇਲ ਪੁਲੀਸ ਨੇ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਪੇਸ਼ ਕੀਤਾ, ਜਿੱਥੇ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਕੈਨੇਡਾ ਵਿਜਟਰ ਵੀਜ਼ਾ ’ਤੇ ਭੇਜਣ, ਵਰਕ ਪਰਮਿਟ ਤੋਂ ਪੀਆਰ ਕਰਵਾਉਣ ਤੱਕ ਦਾ ਇਕਰਾਰਨਾਮਾ ਕੀਤਾ ਸੀ। ਉਸ ਨੇ ਕੈਨੇਡਾ ਭੇਜਣ ਲਈ ਠੱਗੀ ਮਾਰੀ ਤੇ ਆਪਣੇ ਘਰੋਂ ਫ਼ਰਾਰ ਹੋ ਗਿਆ। ਪਾਇਲ ਪੁਲੀਸ ਨੇ ਸੁਖਦੀਪ ਸਿੰਘ ਤੇ ਉਸਦੀ ਪਤਨੀ ਰਮਨਦੀਪ ਕੌਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਇਸੇ ਏਜੰਟ ਤੋਂ ਪੀੜਤ ਜੋਗਿੰਦਰ ਸਿੰਘ ਆਜ਼ਾਦ ਜਰਗ ਨੇ ਕਿਹਾ ਕਿ ਉਕਤ ਏਜੰਟ ਨੇ ਉਸ ਨਾਲ ਵੀ 2 ਲੱਖ 55 ਹਜ਼ਾਰ ਦੀ ਠੱਗੀ ਮਾਰੀ ਹੈ। ਡੀਐੱਸਪੀ ਪਾਇਲ ਨਿਖਿਲ ਗਰਗ ਨੇ ਕਿਹਾ ਕਿ ਉੱਕਤ ਏਜੰਟ ਦਾ ਅਦਾਲਤ ’ਚੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ।