ਚੋਣ ਜ਼ਾਬਤਾ: ਪੁਲੀਸ ਨੇ 24 ਹਜ਼ਾਰ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ਫੜੀਆਂ
ਦਵਿੰਦਰ ਸਿੰਘ
ਯਮੁਨਾਨਗਰ, 3 ਸਤੰਬਰ
ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਵੋਟਰਾਂ ਨੂੰ ਲੁਭਾਊਣ ਲਈ ਸ਼ਰਾਬ ਦੀ ਵਰਤੋਂ ਕੀਤੇ ਜਾਣ ਦੇ ਦੋਸ਼ ਲੱਗਦੇ ਰਹਿੰਦੇ ਹਨ । ਯਮੁਨਾਨਗਰ ਸਦਰ ਥਾਣਾ ਪੁਲੀਸ ਨੇ ਜੰਮੂ-ਕਸ਼ਮੀਰ ਤੋਂ ਲਿਆਂਦੀ ਗਈ ਸ਼ਰਾਬ ਅਤੇ ਬੀਅਰ ਦੀਆਂ 1550 ਪੇਟੀਆਂ ਬਰਾਮਦ ਕੀਤੀਆਂ ਹਨ । ਇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਟਰੱਕ ਡਰਾਈਵਰ ਕੋਲ ਪਰਮਿਟ ਵਿੱਚ ਦੱਸੇ ਗਏ ਸਮੇਂ ਤੋਂ 40 ਘੰਟੇ ਪਹਿਲਾਂ ਹੀ ਟਰੱਕ ਹਰਿਆਣਾ ਪਹੁੰਚ ਗਿਆ। ਪੁਲੀਸ ਅਤੇ ਆਬਕਾਰੀ ਵਿਭਾਗ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਸਮੇਤ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ । ਫੜੇ ਗਏ ਇਸ ਟਰੱਕ ਵਿੱਚ 1550 ਦੇ ਕਰੀਬ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਹਨ ਜਿਨ੍ਹਾਂ ਦੀ ਗਿਣਤੀ ਲਗਪਗ 24000 ਬੋਤਲਾਂ ਬਣਦੀਆਂ ਹਨ। ਟਰੱਕ ਡਰਾਈਵਰ ਵੱਲੋਂ ਦਿਖਾਏ ਗਏ ਦਸਤਾਵੇਜ਼ਾਂ ਅਨੁਸਾਰ ਇਹ ਟਰੱਕ ਜੰਮੂ-ਕਸ਼ਮੀਰ ਤੋਂ ਝਾਰਖੰਡ ਵੱਲ ਜਾ ਰਿਹਾ ਸੀ । ਜਦੋਂ ਹਰਿਆਣਾ ਦੀ ਉੱਤਰ ਪ੍ਰਦੇਸ਼-ਹਰਿਆਣਾ ਸਰਹੱਦ ’ਤੇ ਵਿਸ਼ੇਸ਼ ਚੈਕਿੰਗ ਦੌਰਾਨ ਟਰੱਕ ਡਰਾਈਵਰ ਤੋਂ ਉਸ ਦਾ ਰਿਕਾਰਡ ਮੰਗਿਆ ਗਿਆ ਤਾਂ ਉਸ ਨੇ ਦੱਸਿਆ ਕਿ ਪਰਮਿਟ 2 ਸਤੰਬਰ ਦੀ ਰਾਤ 11:55 ਵਜੇ ਤੋਂ ਸ਼ੁਰੂ ਹੋਣਾ ਸੀ ਪਰ ਇਹ ਉਸ ਸਮੇਂ ਤੋਂ ਕਰੀਬ 40 ਘੰਟੇ ਪਹਿਲਾਂ ਹੀ ਹਰਿਆਣਾ ਵਿੱਚ ਦਾਖਲ ਹੋ ਗਿਆ। ਇਨ੍ਹਾਂ ਪਰਮਿਟਾਂ ਨੂੰ ਦੇਖ ਕੇ ਪੁਲੀਸ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ ਤਾਂ ਉਨ੍ਹਾਂ ਨੇ ਐਕਸਾਈਜ਼ ਵਿਭਾਗ ਨੂੰ ਫੋਨ ਕੀਤਾ। ਜਦੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਸ਼ੱਕ ਹੋਇਆ ਕਿ ਦੋ ਟਰੱਕਾਂ ਨੂੰ ਇੱਕੋ ਪਰਮਿਟ ’ਤੇ ਲਿਜਾਣ ਦੇ ਹਰਿਆਣਾ ਵਿੱਚ ਸ਼ਰਾਬ ਦੀ ਸਪਲਾਈ ਕਰਨ ਸਣੇ ਹੋਰ ਕੀ ਕਾਰਨ ਹੋ ਸਕਦੇ ਹਨ ਜਿਸ ਲਈ ਸ਼ਰਾਬ ਮਾਫੀਆ ਨੇ ਅਜਿਹੇ ਦਸਤਾਵੇਜ਼ ਤਿਆਰ ਕਰਵਾਏ ਹਨ। ਯਮੁਨਾਨਗਰ ਸਦਰ ਥਾਣੇ ਦੇ ਇੰਚਾਰਜ ਕੇਵਲ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇੰਨੇ ਵੱਡੇ ਪੱਧਰ ’ਤੇ ਪਰਮਿਟਾਂ ਵਿੱਚ ਹੇਰਾਫੇਰੀ ਕਰਕੇ ਸ਼ਰਾਬ ਦੇ ਟਰੱਕ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
3119 ਲੋਕਾਂ ਨੇ ਆਪਣੇ ਹਥਿਆਰ ਪੁਲੀਸ ਕੋਲ ਜਮ੍ਹਾਂ ਕਰਵਾਏ
ਫਰੀਦਾਬਾਦ (ਪੱਤਰ ਪ੍ਰੇਰਕ):
ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਅਸਲਾ ਲਾਇਸੈਂਸ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ। ਇਸ ਤਹਿਤ ਕਰੀਬ 3119 ਹਥਿਆਰ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ। ਫਰੀਦਾਬਾਦ ਪੁਲੀਸ ਵੱਲੋਂ ਲੋਕਾਂ ਨੂੰ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਸਰਹੱਦਾਂ ’ਤੇ ਚੌਕਸੀ ਵਧਾਈ
ਫਰੀਦਾਬਾਦ (ਪੱਤਰ ਪ੍ਰੇਰਕ):
ਵਿਧਾਨ ਸਭਾ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲੀਸ ਨੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ’ਤੇ ਨਜ਼ਰ ਰੱਖਣ ਲਈ ਫਰੀਦਾਬਾਦ ਦੀ ਹੱਦ ’ਤੇ ਅੰਤਰਰਾਜੀ ਚੌਕੀਆਂ ਬਣਾ ਦਿੱਤੀਆਂ ਹਨ। ਨੀਮ ਫ਼ੌਜੀ ਬਲਾਂ ਦੇ ਸਹਿਯੋਗ ਨਾਲ ਐੱਨਆਈਟੀ, ਬੱਲਭਗੜ੍ਹ ਅਤੇ ਸੈਂਟਰਲ ਜ਼ੋਨ ਵਿੱਚ ਚੌਕਸੀ ਵਧਾਈ ਗਈ। ਬਦਰਪੁਰ ਬਾਰਡਰ, ਜੈਤਪੁਰ ਦਿੱਲੀ ਬਾਰਡਰ, ਸ਼ੂਟਿੰਗ ਰੇਂਜ ਸੂਰਜਕੁੰਡ, ਮਾਂਗਰ, ਭਾਟੀ ਮਾਈਨਜ਼, ਮੋਹਨਾ ਅਤੇ ਮਾਂਝਾਵਾਲੀ ਯਮੁਨਾ ਪੁਲ ਸਣੇ ਸੱਤ ਥਾਵਾਂ ’ਤੇ ਨਾਕੇ ਲਗਾਏ ਗਏ ਹਨ। ਜਿੱਥੇ ਪੁਲੀਸ ਬਲ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਲੋੜੀਂਦੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੁਲੀਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਟੀਮ ਐੱਨਆਈਟੀ ਜ਼ੋਨ ਅਤੇ ਦੂਜੀ ਟੀਮ ਬੱਲਭਗੜ੍ਹ ਅਤੇ ਕੇਂਦਰੀ ਜ਼ੋਨ ਵਿੱਚ ਸ਼ਰਾਬ ਤਸਕਰੀ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੇਗੀ। ਸ਼ਰਾਬ ਦੇ ਗੋਦਾਮਾਂ ਦੇ ਆਲੇ-ਦੁਆਲੇ ਨਾਕੇ ਵੀ ਲਗਾਏ ਗਏ ਹਨ ਕਿ ਪੁਲੀਸ ਟੀਮ ਸ਼ਰਾਬ ਦੀ ਤਸਕਰੀ ’ਤੇ ਨਜ਼ਰ ਰੱਖੇਗੀ |