ਪੰਚਾਇਤ ਦਫ਼ਤਰ ਵਿੱਚ ਕਰਮਚਾਰੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ
ਰਤੀਆ, 3 ਸਤੰਬਰ
ਇੱਥੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਈਵੀਐੱਮ ਅਤੇ ਵੀਵੀਪੀਏਟੀ ਸਬੰਧੀ ਸਿਖਲਾਈ ਦਿੱਤੀ ਗਈ। ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਦੇ ਹੁਕਮਾਂ ’ਤੇ ਮਾਸਟਰ ਟਰੇਨਰ ਸੰਜੈ ਕੁਮਾਰ, ਭੁਪਿੰਦਰ ਸਿੰਘ, ਰਾਜੀਵ ਧਮੀਜਾ, ਮਨਜੀਤ ਸਿੰਘ, ਜੀਵਨ ਸ਼ਰਮਾ, ਕੁਲਭੂਸ਼ਣ ਅਤੇ ਸੰਦੀਪ ਕੁਮਾਰ ਨੇ ਵਿਸ਼ੇਸ਼ ਸਿਖਲਾਈ ਦਿੱਤੀ। ਮਾਸਟਰ ਟਰੇਨਰਾਂ ਨੇ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀਵੀਪੀਏਟੀ, ਮੌਕ ਪੋਲ, ਵੋਟਿੰਗ ਸਮੱਗਰੀ ਪ੍ਰਾਪਤ ਕਰਨ, ਵੋਟਿੰਗ ਸਮੱਗਰੀ ਨੂੰ ਮਿਲਾਉਣ ਅਤੇ ਚੈੱਕ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਰਮਚਾਰੀਆਂ ਨੂੰ ਸਮੱਗਰੀ ਪ੍ਰਾਪਤ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਬੂਥ ’ਤੇ ਬੈਠਣ ਦੀ ਵਿਵਸਥਾ, ਵੋਟਿੰਗ ਪ੍ਰਕਿਰਿਆ, ਸੀਲਿੰਗ ਪ੍ਰਕਿਰਿਆ ਅਤੇ ਪੀਓ ਕੰਮ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ। ਵਰਕਸ਼ਾਪ ਵਿੱਚ ਮਾਸਟਰ ਟਰੇਨਰ ਨੇ ਈਵੀਐੱਮ ਅਤੇ ਵੀਵੀਪੀਏਟੀ ਮਸ਼ੀਨਾਂ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ ਅਤੇ ਅਭਿਆਸ ਵੀ ਕਰਵਾਇਆ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਕਿਹਾ ਹੈ ਕਿ ਵਿਧਾਨ ਸਭਾ ਆਮ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਲਈ ਛਾਪੀ ਜਾਣ ਵਾਲੀ ਸਮੱਗਰੀ ਤੇ ਪ੍ਰਿਟਿੰਗ ਪ੍ਰੈੱਸ ਤੇ ਪ੍ਰਕਾਸ਼ਕ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੋਣ ਪ੍ਰਚਾਰ ਦੌਰਾਨ ਉਮੀਦਵਾਰ ਵੱਲੋਂ ਭੇਜੇ ਗਏ ਬਲਕ ਐੱਸਐੱਮਐੱਸ ਦੀ ਕੀਮਤ ਵੀ ਸਬੰਧਤ ਉਮੀਦਵਾਰ ਦੇ ਖਾਤੇ ਵਿਚ ਜੋੜੀ ਜਾਏਗੀ। ਡਿਪਟੀ ਕਮਿਸ਼ਨਰ ਅੱਜ ਮਿਨੀ ਸਕੱਤਰੇਤ ਦੇ ਆਡੀਟੋਰੀਅਮ ਵਿਚ ਪ੍ਰਿਟਿੰਗ ਪ੍ਰੈਸ ਸੰਚਾਲਕਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਕੋਈ ਵੀ ਪ੍ਰਿਟਿੰਗ ਪ੍ਰੈੱਸ ਅਪਰੇਟਰ ਹਲਫਨਾਮੇ ਤੋਂ ਬਿਨਾਂ ਚੋਣ ਪ੍ਰਚਾਰ ਸਮੱਗਰੀ ਦੀ ਛਪਾਈ ਨਹੀਂ ਕਰ ਸਕਦਾ। ਸਮੱਗਰੀ ਦੀ ਛਪਾਈ ਤੋਂ ਬਾਦ ਪ੍ਰੈੱਸ ਮਾਲਕ ਨੂੰ ਹਲਫਨਾਮੇ ਦੀ ਕਾਪੀ ’ਤੇ ਛਾਪੀ ਗਈ ਪ੍ਰਚਾਰ ਸਮੱਗਰੀ ਦੀਆਂ ਕਾਪੀਆਂ ਜ਼ਿਲ੍ਹਾ ਚੋਣ ਅਫਸਰ ਦੇ ਦਫਤਰ ਭੇਜਣੀਆਂ ਪੈਣਗੀਆਂ। ਜੇ ਕਿਸੇ ਤਰ੍ਹਾਂ ਦੇ ਤੱਥ ਛਪਾਏ ਗਏ ਤਾਂ ਨਿਯਮਾਂ ਮੁਤਾਬਕ ਕਾਰਵਾਈ ਹੋਵੇਗੀ। ਕਮਿਸ਼ਨ ਅਨੁਸਾਰ ਵੋਟਿੰਗ ਪੂਰੀ ਕਰਨ ਲਈ ਨਿਰਧਾਰਤ ਸਮਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤਕ ਸਮੇਂ ਦੇ ਦੌਰਾਨ ਰਾਜਸੀ ਕਿਸਮ ਦੇ ਬਲਕ ਐੱਸਐੱਮਐੱਸ ਭੇਜਣ ’ਤੇ ਪਾਬੰਦੀ ਰਹੇਗੀ। ਇਸ ਮੌਕੇ ਸਿਟੀ ਮੈਜਿਸਟਰੇਟ ਡਾ. ਰਮਨ ਗੁਪਤਾ, ਡੀਆਈਪੀਆਰਓ ਡਾ. ਨਰਿੰਦਰ ਸਿੰਘ, ਚੋਣ ਤਹਿਸੀਲਦਾਰ ਸਰਲਾ ਕਾਨੂੰਨਗੋ ਸੁਦੇਸ਼, ਸਹਾਇਕ ਮੀਨੂੰ, ਸਰਬਜੀਤ ਸਿੰਘ, ਵਿਨੋਦ ਕੁਮਾਰ, ਰਾਜ ਕੁਮਾਰ, ਸੁਨੀਲ ਮਰਾਠਾ ਮੌਜੂਦ ਸਨ।