ਸਰਕਾਰੀ ਬੇਰੁਖ਼ੀ ਕਾਰਨ ਗੁਰਬਤ ਨਾਲ ਜੂਝ ਰਿਹੈ ਬਿਰਧ ਜੋੜਾ
ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 27 ਜੁਲਾਈ
ਸਿਆਸੀ ਪਾਰਟੀਆਂ ਸੱਤਾ ਵਿੱਚ ਆਉਣ ਲਈ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਸਬਜ਼ਬਾਗ ਦਿਖਾ ਕੇ ਰਾਤੋਂ-ਰਾਤ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਕੁਰਸੀ ਹੱਥ ਆਉਂਦਿਆਂ ਹੀ ਇਹ ਦਾਅਵੇ ਤੇ ਵਾਅਦੇ ਫੁਰਰ ਹੋ ਜਾਂਦੇ ਹਨ। ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਹਕੀਕਤ ਪਿੰਡ ਬਾਹਮਣੀ ਵਾਲਾ ਦੇ ਇੱਕ ਬਿਰਧ ਪਰਿਵਾਰ ਦੀ ਹਾਲਤ ਅੱਗੇ ਠੁੱਸ ਹੋ ਕੇ ਰਹਿ ਜਾਂਦੀ ਹੈ। ਪਿੰਡ ਦਾ ਇਹ ਬਜ਼ੁਰਗ ਜੋੜਾ ਆਪਣੀ ਜ਼ਿੰਦਗੀ ਦਾ ਆਖਰੀ ਪੜਾਅ ਬੜੀ ਮੁਸ਼ਕਲ ਨਾਲ ਕੱਢ ਰਿਹਾ ਹੈ। ਉਨ੍ਹਾਂ ਕੋਲ ਰਹਿਣ ਲਈ ਇੱਕੋ- ਇੱਕ ਕੱਚਾ ਕਮਰਾ ਸੀ, ਜੋ ਮੀਂਹ ਕਾਰਨ ਢਹਿ ਚੁੱਕਾ ਹੈ ਅਤੇ ਹੁਣ ਪਰਿਵਾਰ ਨੂੰ ਮੀਂਹ ਆਉਣ ’ਤੇ ਗੁਆਂਢੀਆਂ ਦੇ ਮਕਾਨ ਦਾ ਸਹਾਰਾ ਲੈਣਾ ਪੈਂਦਾ ਹੈ। ਸਵੱਛ ਭਾਰਤ ਅਭਿਆਨ ਦੇ ਦਾਅਵੇ ਇਸ ਪਰਿਵਾਰ ਤੋਂ ਕੋਹਾਂ ਦੂਰ ਹਨ। ਹਾਲੇ ਤੱਕ ਬਿਰਧ ਜੋੜੇ ਦੇ ਕੱਚੇ ਮਕਾਨ ਨੂੰ ਸਰਕਾਰੀ ਪਖਾਨਾ ਵੀ ਨਸੀਬ ਨਹੀਂ ਹੋਇਆ। ਬਜ਼ੁਰਗ ਅਰਜਨ ਸਿੰਘ ਅਤੇ ਬੀਬੀ ਮਾਇਆ ਬਾਈ ਨੇ ਦੱਸਿਆ ਕਿ ਉਨ੍ਹਾਂ ਦੀ ਨਿਗ੍ਹਾ ਕਾਫੀ ਕਮਜ਼ੋਰ ਹੈ ਅਤੇ ਚੱਲਣ-ਫਿਰਨ ਵਿੱਚ ਵੀ ਕਾਫੀ ਤਕਲੀਫ਼ ਹੁੰਦੀ ਹੈ। ਉਮਰ ਵਧਣ ਦੇ ਨਾਲ-ਨਾਲ ਉਸ ਨੂੰ ਹੋਰ ਵੀ ਕਈ ਬਿਮਾਰੀਆਂ ਨੇ ਘੇਰ ਰੱਖਿਆ ਹੈ। ਉਨ੍ਹਾਂ ਦੇ ਦੋ ਪੁੱਤਰ ਦਿਮਾਗੀ ਤੌਰ ’ਤੇ ਠੀਕ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਿਲ ਰਹੀ ਥੋੜੀ ਬਹੁਤੀ ਪੈਨਸ਼ਨ ਨਾਲ ਤਾਂ ਦਵਾਈਆਂ ਵੀ ਪੂਰੀਆਂ ਨਹੀਂ ਹੁੰਦੀਆਂ ਘਰ ਚਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਰਹਿਣ-ਬਸੇਰੇ ਲਈ ਘੱਟੋ-ਘੱਟ ਇੱਕ ਕਮਰਾ ਅਤੇ ਪਖਾਨਾ ਜ਼ਰੂਰ ਬਣਾ ਕੇ ਦਿੱਤਾ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਫਰ ਸੌਖੇ ਤਰੀਕੇ ਨਾਲ ਬਤੀਤ ਕਰ ਸਕਦੇ ਹਨ।
ਗ੍ਰਾਂਟ ਆਉਣ ’ਤੇ ਟਿਕੀ ਮਦਦ ਦੀ ਅਪੀਲ
ਪਿੰਡ ਦੇ ਸਰਪੰਚ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਇਹ ਜੋੜਾ ਵਾਕਿਆ ਹੀ ਲੋੜਵੰਦ ਹੈ। ਉਨ੍ਹਾਂ ਕਿਹਾ ਕਿ ਨਵੇਂ ਮਕਾਨ ਬਣਾਉਣ ਲਈ ਅਜੇ ਤੱਕ ਪ੍ਰਸ਼ਾਸਨ ਨੇ ਪੰਚਾਇਤ ਤੋਂ ਕੋਈ ਸੂਚੀ ਨਹੀਂ ਮੰਗੀ, ਜਦ ਵੀ ਕੋਈ ਸਰਕਾਰ ਵੱਲੋਂ ਪਹਿਲ ਕੀਤੀ ਗਈ ਤਾਂ ਉਹ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ। ਬੀਡੀਪੀਓ ਨੇ ਕਿਹਾ ਕਿ ਪੱਕੇ ਮਕਾਨ ਬਣਾਉਣ ਦੀ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਨਹੀਂ ਆਉਂਦੀ, ਨਹੀਂ ਤਾਂ ਉਨ੍ਹਾਂ ਇਸ ਦਾ ਹੱਲ ਜ਼ਰੂਰ ਕਰਨਾ ਸੀ।