ਮੱਕੜ ਮੋਟਰਜ਼ ਸ਼ੋਅਰੂਮ ’ਚੋਂ ਅੱਠ ਲੱਖ ਲੁੱਟੇ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਅਗਸਤ
ਪੁਲੀਸ ਦੀ ਨੱਕ ਹੇਠ ਲੁਟੇਰੇ ਅੱਜ ਮੱਕੜ ਮੋਟਰਜ਼ ਸ਼ੋਅ ਰੂਮ ਵਿੱਚੋਂ 8 ਲੱਖ ਰੁਪਏ ਲੁੱਟ ਕੇ ਲੈ ਗਏ। ਪਰਾਗਪੁਰ ਪੁਲੀਸ ਚੌਕੀ ਤੋਂ ਮਹਿਜ਼ 100 ਤੋਂ 150 ਮੀਟਰ ਦੂਰ ਮੱਕੜ ਮੋਟਰਜ਼ ਦੇ ਸ਼ੋਅ ਰੂਮ ’ਚ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ। ਲੁਟੇਰੇ ਜਾਣ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡ ਕਰਨ ਵਾਲਾ ਡੀਵੀਆਰ ਵੀ ਨਾਲ ਹੀ ਲੈ ਗਏ ਤਾਂ ਜੋ ਪੁਲੀਸ ਉਨ੍ਹਾਂ ਦੀ ਪੈੜ ਨਾ ਨੱਪ ਸਕੇ। ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਪੁਲੀਸ ਦੇ ਡਰ ਤੋਂ ਬੇਖੌਫ਼ ਹੋ ਕੇ ਮੱਕੜ ਮੋਟਰਜ਼ ਦੇ ਸ਼ੋਅ ਰੂਮ ਦੇ ਸੁਰੱਖਿਆ ਗਾਰਡਾਂ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਉਨ੍ਹਾਂ ਨੂੰ ਬੰਦੀ ਬਣਾ ਕੇ ਲੁੱਟ ਕੀਤੀ। ਲੁਟੇਰੇ ਜਿੱਥੇ 8 ਲੱਖ ਦੀ ਨਕਦੀ ਲੈ ਗਏ ਉਥੇ ਇੱਕ ਮੋਬਾਈਲ ਫੋਨ, ਡੀਵੀਆਰ ਤੇ ਇੱਕ ਲੈਪਟਾਪ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਹਰਸ਼ਪ੍ਰੀਤ ਸਿੰਘ ਮੌਕੇ ’ਤੇ ਪਹੂੰਚ ਗਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨੂੰ ਨਾਲ ਲੈ ਕੇ ਜਾਂਚ ਲਈ ਪਹੁੰਚ ਹਨ। ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਸੇਫ਼ ਨੂੰ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਤੋੜਨ ਵਿੱਚ ਕਾਮਜਾਬ ਨਹੀਂ ਹੋ ਸਕੇ। ਏਸੀਪੀ ਨੇ ਦੱਸਿਆ ਕਿ ਸੁਰੱਖਿਆ ਗਾਰਡ ਅਜੇ ਵੀ ਘਬਰਾਏ ਹੋਏ ਹਨ। ਉਨ੍ਹਾਂ ਤੋਂ ਅਜੇ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲੀਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਘਾਲ ਰਹੀ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਉਹ ਲੁਟੇਰਿਆਂ ਨੂੰ ਜਲਦੀ ਹੀ ਫੜ ਲਵੇਗੀ।