ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦਾ ਸਰਵਉੱਚ ਸਨਮਾਨ
ਕਾਹਿਰਾ, 25 ਜੂਨ
ਮੁੱਖ ਅੰਸ਼
- ਦੋਵਾਂ ਮੁਲਕਾਂ ਦੇ ਆਗੂਆਂ ਨੇ ਕੂਟਨੀਤਕ ਤੇ ਹੋਰ ਮਸਲਿਆਂ ਬਾਰੇ ਕੀਤੀ ਚਰਚਾ
- ਵੱਖ ਵੱਖ ਸਮਝੌਤਿਆਂ ‘ਤੇ ਕੀਤੇ ਦਸਤਖਤ
- ਪ੍ਰਧਾਨ ਮੰਤਰੀ ਮਿਸਰ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਕਰਕੇ ਭਾਰਤ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਮਿਸਰ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦਿ ਨਾਇਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਨੇ ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਨ੍ਹਾਂ ਦੀ ਮਿਸਰ ਯਾਤਰਾ ਦੌਰਾਨ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਨੂੰ ਆਪਣੀ ਮਿਸਰ ਦੀ ਦੋ ਰੋਜ਼ਾ ਸਰਕਾਰੀ ਯਾਤਰਾ ਮੁਕੰਮਲ ਕਰਕੇ ਭਾਰਤ ਲਈ ਰਵਾਨਾ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਬਹੁਤ ਹੀ ਨਿਰਮਾਣਤਾ ਨਾਲ ਮੈਂ ‘ਆਰਡਰ ਆਫ ਦਿ ਨਾਇਲ’ ਸਵੀਕਾਰ ਕਰਦਾ ਹਾਂ। ਮੈਂ ਇਸ ਸਨਮਾਨ ਲਈ ਮਿਸਰ ਸਰਕਾਰ ਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਭਾਰਤ ਤੇ ਸਾਡੇ ਦੇਸ਼ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਗਰਮਜੋਸ਼ੀ ਤੇ ਪਿਆਰ ਨੂੰ ਦਰਸਾਉਂਦਾ ਹੈ।’ ਸਾਲ 1915 ‘ਚ ਸ਼ੁਰੂ ਕੀਤਾ ਗਿਆ ਇਹ ਸਨਮਾਨ ਉਨ੍ਹਾਂ ਮੁਲਕਾਂ ਦੇ ਮੁਖੀਆਂ, ਸ਼ਹਿਜ਼ਾਦਿਆਂ ਤੇ ਉੱਪ ਰਾਸ਼ਟਰਪਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮਿਸਰ ਜਾਂ ਮਨੁੱਖਤਾ ਦੀ ਵੱਡਮੁੱਲੀ ਸੇਵਾ ਕੀਤੀ ਹੋਵੇ। ਵੱਖ ਵੱਖ ਮੁਲਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਇਹ 13ਵਾਂ ਸਰਵਉੱਚ ਸਰਕਾਰੀ ਸਨਮਾਨ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਦੇ ਸੱਦੇ ‘ਤੇ ਮਿਸਰ ਦੀ ਉਨ੍ਹਾਂ ਦੀ ਦੋ ਰੋਜ਼ਾ ਸਰਕਾਰੀ ਯਾਤਰਾ 1997 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਅੱਜ ਰਾਸ਼ਟਰਪਤੀ ਅਲ-ਸੀਸੀ ਨਾਲ ਗੱਲਬਾਤ ਕੀਤੀ ਅਤੇ ਵਪਾਰ ਤੇ ਨਿਵੇਸ਼, ਊਰਜਾ ਸਬੰਧਾਂ ਤੇ ਲੋਕਾਂ ਵਿਚਾਲੇ ਸਬੰਧਾਂ ‘ਚ ਸੁਧਾਰ ਦੇਣ ਦੇ ਨਾਲ ਨਾਲ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਦੁਨੀਆਂ ਭਰ ‘ਚ ਵਾਪਰ ਰਹੀਆਂ ਅਹਿਮ ਘਟਨਾਵਾਂ ਦੀ ਸਮੀਖਿਆ ਵੀ ਕੀਤੀ। ਮੋਦੀ ਤੇ ਅਲ-ਸੀਸੀ ਨੇ ਇਸ ਦੌਰਾਨ ਇੱਕ ਰਣਨੀਤਕ ਭਾਈਵਾਲੀ ਸਬੰਧੀ ਦਸਤਾਵੇਜ਼ ‘ਤੇ ਦਸਤਖ਼ਤ ਵੀ ਕੀਤੇ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ, ‘ਰਣਨੀਤਕ ਭਾਈਵਾਲੀ ਬਾਰੇ ਸਮਝੌਤੇ ਤੋਂ ਇਲਾਵਾ ਦੋਵਾਂ ਮੁਲਕਾਂ ਨੇ ਖੇਤੀ ਤੇ ਸਬੰਧਤ ਖੇਤਰਾਂ, ਸਮਾਰਕਾਂ ਤੇ ਪੁਰਾਤੱਤਵ ਥਾਵਾਂ ਦੀ ਸੁਰੱਖਿਆ ਤੇ ਸੰਭਾਲ ਅਤੇ ਕੌਮਾਂਤਰੀ ਕਾਨੂੰਨ ਬਾਰੇ ਤਿੰਨ ਹੋਰ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ।’ ਦੋਵਾਂ ਆਗੂਆਂ ਨੇ ਜੀ-20 ‘ਚ ਅਗਲੇਰੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਜਿਸ ‘ਚ ਖੁਰਾਕ ਤੇ ਊਰਜਾ ਸੁਰੱਖਿਆ, ਵਾਤਾਵਰਨ ਤਬਦੀਲੀ ਦੇ ਮੁੱਦੇ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਅਲ-ਸੀਸੀ ਨੂੰ ਸਤੰਬਰ ‘ਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਇਸ ਤੋਂ ਪਹਿਲਾਂ ਦਿਨ ‘ਚ ਮੋਦੀ ਨੇ ਮਿਸਰ ਦੀ 11ਵੀਂ ਸਦੀ ਦੀ ਇਤਿਹਾਸਕ ਅਲ-ਹਾਕਿਮ ਮਸਜਿਦ ਦਾ ਦੌਰਾ ਕੀਤਾ ਜਿਸ ਦਾ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਾਹਿਰਾ ‘ਚ ਹੈਲੀਓਪੋਲਿਸ ਰਾਸ਼ਟਰਮੰਡਲ ਜੰਗੀ ਕਬਰਿਸਤਾਨ ਦਾ ਵੀ ਦੌਰਾ ਕੀਤਾ ਅਤੇ ਪਹਿਲੀ ਸੰਸਾਰ ਜੰਗ ਦੌਰਾਨ ਮਿਸਰ ਤੇ ਅਦਨ ‘ਚ ਸ਼ਹੀਦ ਹੋਣ ਵਾਲੇ 4300 ਤੋਂ ਵੱਧ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਗੀਜ਼ਾ ਦੇ ਪਿਰਾਮਿਡ ਵੀ ਦੇਖਣ ਗਏ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਮਿਸਰ ਦੀ ਯਾਤਰਾ ਇਤਿਹਾਸਕ ਕਰਾਰ
ਪ੍ਰਧਾਨ ਮੰਤਰੀ ਨੇ ਮਿਸਰ ਦੀ ਆਪਣੀ ਪਹਿਲੀ ਯਾਤਰਾ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਭਾਰਤ ਤੇ ਮਿਸਰ ਦੇ ਲੋਕਾਂ ਦੇ ਸਬੰਧਾਂ ‘ਚ ਨਵੀਂ ਊਰਜਾ ਆਵੇਗੀ ਅਤੇ ਇਸ ਨਾਲ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਲਾਹਾ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸ਼ਾਮ ਨੂੰ ਆਪਣੀ ਮਿਸਰ ਦੀ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋਣ ਸਮੇਂ ਟਵੀਟ ਕੀਤਾ, ‘ਮੇਰੀ ਮਿਸਰ ਦੀ ਯਾਤਰਾ ਇੱਕ ਇਤਿਹਾਸਕ ਯਾਤਰਾ ਸੀ। ਇਹ ਭਾਰਤ-ਮਿਸਰ ਦੇ ਸਬੰਧਾਂ ‘ਚ ਨਵੀਂ ਰੂਹ ਫੂਕੇਗੀ ਤੇ ਸਾਡੇ ਮੁਲਕਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਮੈਂ ਰਾਸ਼ਟਰਪਤੀ ਅਲ-ਸੀਸੀ, ਸਰਕਾਰ ਤੇ ਮਿਸਰ ਦੇ ਲੋਕਾਂ ਦਾ ਉਨ੍ਹਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ।’