ਯੂਪੀਆਈ ਅਤੇ ਰੁਪੈ ਨੂੰ ਆਲਮੀ ਬਣਾਉਣ ਦੇ ਯਤਨ ਜਾਰੀ: ਦਾਸ
ਮੁੰਬਈ, 28 ਅਗਸਤ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕੇਂਦਰੀ ਬੈਂਕ ਦੇ ਧਿਆਨ ਅਧੀਨ ਖੇਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਪੀਆਈ ਅਤੇ ਰੁਪੈ ਨੂੰ ਸਹੀ ਮਾਅਨਿਆਂ ਵਿੱਚ ਆਲਮੀ ਬਣਾਉਣ ਦੇ ਯਤਨ ਜਾਰੀ ਹਨ। ਦਾਸ ਨੇ ਇੱਥੇ ‘ਗਲੋਬਲ ਫਿਨਟੈਕ ਫੇਸਟ 2024’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰਬੀਆਈ ਦਾ ਧਿਆਨ ਵਿੱਤੀ ਸਮਾਵੇਸ਼, ਡਿਜੀਟਲ ਜਨਤਕ ਢਾਂਚੇ (ਡੀਪੀਆਈ), ਖਪਤਕਾਰ ਰੱਖਿਆ ਅਤੇ ਸਾਈਬਰ ਸੁਰੱਖਿਆ, ਟਿਕਾਊ ਵਿੱਤੀ ਤੇ ਵਿੱਤੀ ਸੇਵਾਵਾਂ ਦੇ ਆਲਮੀ ਏਕੀਕਰਨ ਨੂੰ ਮਜ਼ਬੂਤ ਬਣਾਉਣ ’ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਕਈ ਦੇਸ਼ਾਂ ਨਾਲ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੌਮਾਂਤਰੀ ਮੰਚਾਂ ਅਤੇ ਦੁਵੱਲੇ ਸਮਝੌਤਿਆਂ ਦਾ ਸਰਗਰਮ ਹਿੱਸਾ ਹੈ। ਆਰਬੀਆਈ ਦੇ ਗਵਰਨਰ ਨੇ ਕਿਹਾ, ‘‘ਅਸੀਂ ਹੁਣ ਯੂਪੀਆਈ ਅਤੇ ਰੁਪੈ ਨੂੰ ਸੱਚਮੁੱਚ ਆਲਮੀ ਬਣਾਉਣ ’ਤੇ ਧਿਆਨ ਦੇ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਭੂਟਾਨ, ਨੇਪਾਲ, ਸ੍ਰੀਲੰਕਾ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ (ਯੂਏਈ), ਮੌਰੀਸ਼ਸ, ਨਾਮੀਬੀਆ, ਪੇਰੂ, ਫਰਾਂਸ ਅਤੇ ਕੁਝ ਹੋਰ ਦੇਸ਼ਾਂ ਨੇ ਯੂਪੀਆਈ ਨੈੱਟਵਰਕ ਰਾਹੀਂ ਰੁਪੈ ਕਾਰਡਾਂ ਅਤੇ ਭੁਗਤਾਨਾਂ ਨੂੰ ਸਵੀਕਾਰ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। -ਪੀਟੀਆਈ