ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦਾ ਉਪਰਾਲਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਗਸਤ
ਸੰਗਰੂਰ ਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਆਪਕ ਯੋਜਨਾ ਤਹਿਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੜਕਾਂ ’ਤੇ ਸਫ਼ਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਕਿ ਸ਼ਹਿਰ ’ਚ ਘੁੰਮ ਰਹੇ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਸਰਕਾਰੀ ਗਊਸ਼ਾਲਾ ਝਨੇੜੀ ਵਿੱਚ ਲਿਜਾਂਦਾ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ ਤਹਿਤ ਨਗਰ ਕੌਂਸਲ ਸੰਗਰੂਰ ਵੱਲੋਂ ਲਾਵਾਰਿਸ ਪਸ਼ੂਆਂ ਨੂੰ ਕਾਬੂ ਕਰ ਕੇ ਸਰਕਾਰੀ ਗਊਸ਼ਾਲਾ ਝਨੇੜੀ ਭੇਜਣ ਸਬੰਧੀ ਕੰਮ ਦਾ ਠੇਕਾ ਤਿੰਨ ਮਹੀਨੇ ਲਈ 2.10 ਲੱਖ ਰੁਪਏ ਵਿੱਚ ਦਿੱਤਾ ਗਿਆ ਹੈ। ਠੇਕੇਦਾਰ ਦੀਆਂ ਟੀਮਾਂ ਵੱਲੋਂ ਰਾਤ 10 ਵਜੇ ਤੋਂ ਬਾਅਦ ਟਰੈਫਿਕ ਘੱਟ ਹੋਣ ਤੋਂ ਬਾਅਦ ਅਤੇ ਲੋੜ ਪੈਣ ’ਤੇ ਦਿਨ ਵੇਲੇ ਲਾਵਾਰਿਸ ਪਸ਼ੂਆਂ ਨੂੰਕਾਬੂ ਕਰਨ ਦੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾ ਰਹੀ ਹੈ। ਨਗਰ ਕੌਂਸਲ ਦੇ ਨਾਲ ਪਸ਼ੂ ਪਾਲਣ ਵਿਭਾਗ ਅਤੇ ਐੱਨਜੀਓਜ਼ ਵੱਲੋਂ ਵੀ ਲੋਕ ਭਲਾਈ ਦੇ ਇਸ ਕਾਰਜ ’ਚ ਬਣਦਾ ਸਹਿਯੋਗ ਕੀਤਾ ਜਾ ਰਿਹਾ ਹੈ। ਹਾਦਸਿਆਂ ਦਾ ਕਾਰਨ ਬਣੇ ਲਾਵਾਰਿਸ ਪਸ਼ੂਆਂ ਨੂੰ ਨਗਰ ਕੌਂਸਲ ਸੰਗਰੂਰ ਵੱਲੋਂ ਵਾਹਨਾਂ ਰਾਹੀਂ ਸਰਕਾਰੀ ਗਊਸ਼ਾਲਾ ਝਨੇੜੀ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਪਿਛਲੇ ਇੱਕ ਹਫ਼ਤੇ ਦੌਰਾਨ ਲਗਪਗ 100 ਪਸ਼ੂਆਂ ਨੂੰ ਫੜ ਕੇ ਝਨੇੜੀ ਗਊਸ਼ਾਲਾ ਭੇਜਿਆ ਜਾ ਚੁੱਕਾ ਹੈ। ਇਹ ਟੀਮਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚੋਂ ਲਾਵਾਰਿਸ ਪਸ਼ੂਆਂ ਨੂੰ ਫੜ ਰਹੀਆਂ ਹਨ। ਉਨ੍ਹਾਂ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ’ਤੇ ਖੁੱਲ੍ਹਾ ਨਾ ਛੱਡਣ ਤਾਂ ਜੋ ਇਨ੍ਹਾਂ ਕਾਰਨ ਸੜਕਾਂ ’ਤੇ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।