For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ

07:06 AM Apr 08, 2024 IST
ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ
ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕਣ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਅਤੇ ਮਜ਼ਦੂਰ। -ਫੋਟੋ: ਅਸ਼ਵਨੀ ਧੀਮਾਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 7 ਅਪਰੈਲ
ਦਿੱਲੀ ਮੋਰਚਾ -2 ਦੀਆਂ 200 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ ਤਹਿਤ ਅੱਜ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਭਾਈ ਬਾਲਾ ਚੌਕ ਵਿੱਚ ਜਨਤਕ ਰੈਲੀ ਵੀ ਕੀਤੀ, ਜਿਸ ਵਿੱਚ ਸਾਂਝੇ ਫੋਰਮ ਵੱਲੋਂ 9 ਅਪਰੈਲ ਤੋਂ ਸ਼ੰਭੂ ਬਾਰਡਰ ’ਤੇ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਗੁਰਦਿਆਲ ਸਿੰਘ ਤਲਵੰਡੀ, ਦਿਲਬਾਗ ਸਿੰਘ ਗਿੱਲ, ਜਸਦੇਵ ਸਿੰਘ ਲਲਤੋਂ, ਗੁਰਦੇਵ ਸਿੰਘ ਮੁੱਲਾਂਪਰ, ਉਜਾਗਰ ਸਿੰਘ ਬੱਦੋਵਾਲ ਅਤੇ ਮਨਜੀਤ ਸਿੰਘ ਅਰੋੜਾ ਨੇ ਸੰਬੋਧਨ ਕਰਦਿਆਂ ਦਿੱਲੀ ਮੋਰਚਾ -2 ਦੇ ਖਨੌਰੀ ਬਾਰਡਰ ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੇ ਕਤਲ ਦੇ ਮੁੱਖ ਮੁਲਜ਼ਮ ਹਰਿਆਣਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ, ਸਬੰਧਤ ਡੀਜੀਪੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ’ਤੇ ਐੱਫਆਈਆਰ ਦਰਜ ਕਰਨ, ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਫੌਰੀ ਗ੍ਰਿਫ਼ਤਾਰ ਕਰਨ, 23 ਫਸਲਾਂ ਦੀ ਐੱਮਐੱਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਦੇਸ਼ ਭਰ ਦੇ ਕਿਸਾਨਾਂ ਤੇ ਖੇਤ -ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਰੁਪਏ ਦੇ ਕਰਜ਼ੇ ’ਤੇ ਲਕੀਰ ਮਰਵਾਉਣ, ਕੇਂਦਰ ਸਰਕਾਰ ਵੱਲੋਂ ਆਪਣੀ ਅਦਾਇਗੀ ਵਾਲੀਆਂ ਸਾਰੀਆਂ ਫ਼ਸਲਾਂ ਦੀ ਬੀਮਾ ਯੋਜਨਾ ਆਰੰਭ ਕਰਨ, 58 ਸਾਲ ਦੀ ਉਮਰ ਵਾਲੇ ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਮਾਸਕ ਪੈਨਸ਼ਨ ਦੇਣ ਸਮੇਤ ਕੁੱਲ 12 ਅਹਿਮ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦਾ ਦਿੱਲੀ ਜਾ ਕੇ ਮੋਰਚਾ ਲਾਉਣ ਦਾ ਜਮਹੂਰੀ ਤੇ ਵਿਧਾਨਕ ਹੱਕ ਬਹਾਲ ਕਰਵਾਉਣ ਅਤੇ ਹਰਿਆਣਾ ਦੇ ਗ੍ਰਿਫ਼ਤਾਰ ਸਾਰੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਯਕੀਨੀ ਬਣਾਉਣ ਵਾਸਤੇ ਇਹ ਦੇਸ਼ ਪੱਧਰੀ ਪੁਤਲਾ ਫੂਕ ਐਕਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੇ ਰੈਲੀ ਉਪਰੰਤ ਡੀਸੀ ਦਫ਼ਤਰ ਤੱਕ ਪੈਦਲ ਮਾਰਚ ਕੀਤਾ ਗਿਆ, ਜਿਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਹੱਕੀ ਮੰਗਾਂ ਦੇ ਪੱਖ ’ਚ ਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

Advertisement

Advertisement
Author Image

Advertisement
Advertisement
×