ਵਿਦਿਅਕ ਪ੍ਰਬੰਧ ਅਤੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ
ਡਾ. ਗੁਰਤੇਜ ਸਿੰਘ
ਜ਼ਿੰਦਗੀ ਦੀ ਭੱਜਦੌੜ ਦੀ ਆਖ਼ਰੀ ਮੰਜ਼ਿਲ ਸਫ਼ਲਤਾ ਸਰ ਕਰਨਾ ਹੁੰਦੀ ਹੈ। ਹਰ ਇਨਸਾਨ ਦੀ ਇੱਛਾ ਕਾਮਯਾਬ ਮਨੁੱਖ ਬਣਨ ਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਤੇ ਧਾਰਮਿਕ ਬਲਕਿ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਤਾਂਘ ਉਸ ਨੂੰ ਦੁਨੀਆ ਤੋਂ ਵੱਖਰਾ ਕਰ ਗੁਜ਼ਰਨ ਲਈ ਪ੍ਰੇਰਦੀ ਹੈ। ਮੰਜ਼ਿਲ ’ਤੇ ਪਹੁੰਚਣ ਲਈ ਰਾਹੀ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਦਾਸੀ ਨਿਰਾਸ਼ਾ ਨੂੰ ਜਨਮ ਦਿੰਦੀ ਹੈ; ਨਿਰਾਸ਼ਾ ਆਦਮੀ ਨੂੰ ਆਤਮ-ਹੱਤਿਆ ਲਈ ਉਕਸਾਉਂਦੀ ਹੈ। ਨਿਰਾਸ਼ ਵਿਅਕਤੀ ਨੂੰ ਜਦੋਂ ਲੱਗਦਾ ਹੈ ਕਿ ਹੁਣ ਸਾਰੇ ਰਾਹ ਬੰਦ ਹੋ ਗਏ ਹਨ ਤਾਂ ਉਹ ਮੌਤ ਨੂੰ ਹਮਸਫ਼ਰ ਬਣਾ ਲੈਂਦਾ ਹੈ। ਅਜੋਕੇ ਅਗਾਂਹਵਧੂ ਅਤੇ ਤਕਨਾਲੋਜੀ ਦੇ ਸਮੇਂ ’ਚ ਖੁਦਕੁਸ਼ੀਆਂ ਦਾ ਮੰਦਭਾਗਾ ਰੁਝਾਨ ਆਲ਼ਮੀ ਪੱਧਰ ’ਤੇ ਵਧ ਰਿਹਾ ਹੈ। ਮੁੁਕਾਬਲੇ ਦੇ ਇਸ ਯੁੱਗ ਵਿੱਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਸ਼ੀਨ ਬਣਾ ਦਿੱਤਾ ਹੈ। ਇਹ ਵਰਤਾਰਾ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਅਜੋਕੇ ਮਾਪੇ ਬੱਚੇ ਤੋਂ ਬਿਨਾਂ ਪੁੱਛੇ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਬੱਚੇ ਲਈ ਕਮਾਈ ਦਾ ਚੰਗਾ ਖ਼ੇਤਰ ਕਿਹੜਾ ਰਹੇਗਾ। ਬੱਚੇ ਨੂੰ ਸਿਰਫ਼ ਪੈਸੇ ਦੀ ਮਸ਼ੀਨ ਬਣਾਉਣਾ ਹੀ ਜ਼ਿਆਦਾਤਰ ਮਾਪਿਆਂ ਦਾ ਖ਼ਿਆਲ ਹੈ। ਜਦੋਂ ਕੋਈ ਦੁਨੀਆ ਦੀ ਦੌੜ ’ਚੋਂ ਪਛੜਦਾ ਹੈ ਤਾਂ ਉਹ ਆਤਮ-ਹੱਤਿਆ ਨੂੰ ਗਲੇ ਲਗਾ ਲੈਂਦਾ ਹੈ।
ਭਾਰਤ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ 1.32 ਲੱਖ ਖੁਦਕੁਸ਼ੀ ਕਰਨ ਵਾਲੇ ਲੋਕ 14-30 ਸਾਲ ਉਮਰ ਦੇ ਹਨ। ਇਸ ਵਿੱਚ ਵਿਦਿਆਰਥੀ ਵਰਗ ਵੀ ਸ਼ਾਮਲ ਹੈ। ਦੇਸ਼ ਅੰਦਰ ਹੋਈਆਂ ਖੁਦਕੁਸ਼ੀਆਂ ’ਚ 6.1% ਵਿਦਿਆਰਥੀਆਂ ਦੀਆਂ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਵਿਦਿਆਰਥੀਆਂ ਵਿੱਚ ਆਤਮ-ਹੱਤਿਆ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਜੋ ਸਾਡੇ ਸਿੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਮੈਡੀਕਲ ਅਤੇ ਇੰਜਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਰ ਬੱਚਿਆਂ ਨੇ 24 ਘੰਟਿਆਂ ਵਿੱਚ ਇੱਕ ਤੋਂ ਬਾਅਦ ਇੱਕ ਨੇ ਆਤਮ-ਹੱਤਿਆ ਕੀਤੀ ਹੈ। ਇਹ ਦੁਖਦਾਈ ਘਟਨਾ 2022 ਦੇ ਦਸੰਬਰ ਮਹੀਨੇ ਦੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ 2020 ਵਿੱਚ ਮੱਧ ਪ੍ਰਦੇਸ਼ ਵਿੱਚ ਇੱਕ ਲੜਕੀ ਨੇ ਨੀਟ ਯੂਜੀ (ਐੱਨਈਈਟੀ ਅੰਡਰ ਗ੍ਰੈਜੂਏਸ਼ਨ) ਦੇ ਨਤੀਜੇ ਤੋਂ ਬਾਅਦ ਖੁਦਕੁਸ਼ੀ ਕੀਤੀ ਸੀ। ਉਸ ਨੇ ਬਹੁਤ ਮਿਹਨਤ ਕਰ ਕੇ ਇਹ ਇਮਤਿਹਾਨ ਦਿੱਤਾ ਸੀ ਪਰ ਨਤੀਜੇ ਵਿੱਚ ਉਸ ਨੂੰ ਆਪਣੇ ਮਾਤਰ 6 ਅੰਕ ਦੇਖ ਕੇ ਬੜਾ ਧੱਕਾ ਲੱਗਾ। ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਨੇ ਜਦ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸ ਦੇ ਅੰਕ 560 ਸਨ। ਇਸ ਤਕਨੀਕੀ ਗਲਤੀ ਦਾ ਖ਼ਮਿਆਜ਼ਾ ਉਸ ਲੜਕੀ ਨੇ ਜ਼ਿੰਦਗੀ ਦੀ ਜੰਗ ਹਾਰ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਵਿਦਿਆਰਥੀਆਂ ਵਿੱਚ ਪ੍ਰਵੇਸ਼ ਪ੍ਰੀਖਿਆ ਦੇ ਮੁਕਾਬਲੇ ਕਾਰਨ ਵਧ ਰਹੇ ਦਬਾਅ ਅਤੇ ਤਣਾਅ ਨੇ ਬੁੱਧੀਜੀਵੀਆਂ ਵਿੱਚ ਬਹਿਸ ਛੇੜ ਦਿੱਤੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਤੰਬਰ 2022 ਵਿੱਚ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 13000 ਵਿਦਿਆਰਥੀਆਂ ਨੇ ਆਤਮ-ਹੱਤਿਆ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ 2020 ਦੇ ਮੁਕਾਬਲੇ 2021 ਵਿੱਚ ਇਹ ਗਿਣਤੀ 4.5% ਵਧੀ ਹੈ। ਅੰਕੜਿਆਂ ਅਨੁਸਾਰ ਵਿਦਿਆਰਥੀਆਂ ਦੀਆਂ ਕੁੱਲ ਖੁਦਕੁਸ਼ੀਆਂ ’ਚੋਂ 14% ਇਕੱਲੇ ਮਹਾਰਾਸ਼ਟਰ ਦਾ ਬਣਦਾ ਹੈ ਜਿੱਥੇ 1834 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ।
ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਿਹਰੇ ’ਚ ਖੜ੍ਹਾ ਕੀਤਾ ਹੈ। ਵਿਦਿਆਰਥੀਆਂ ’ਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨ ਵਿੱਚ ਫੇਲ੍ਹ ਹੋਣਾ ਪਾਇਆ ਗਿਆ ਹੈ। ਪ੍ਰਵੇਸ਼ ਪ੍ਰੀਖਿਆ ਟੈਸਟ ਦੀ ਤਿਆਰੀ ਕਰਾਉਣ ਵਾਲੇ ਕੋਚਿੰਗ ਕੇਦਰਾਂ ’ਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵਧ ਰਹੀ ਹੈ ਪਰ ਕੋਰਸਾਂ ਦੀਆਂ ਸੀਟਾਂ ਸੀਮਤ ਹਨ। ਮੈਡੀਕਲ ਦੀ ਇੱਕ ਲੱਖ ਸੀਟ ਲਈ 2022 ਵਿੱਚ 18 ਲੱਖ ਬੱਚਿਆਂ ਨੇ ਇਮਤਿਹਾਨ ਦਿੱਤਾ ਸੀ। ਯੂਪੀਐੱਸਸੀ ਦੀਆਂ ਇੱਕ ਹਜ਼ਾਰ ਤੋਂ ਘੱਟ ਸੀਟਾਂ ਲਈ ਲੱਖਾਂ ਲੋਕ ਹਰ ਸਾਲ ਪ੍ਰੀਖਿਆ ਦਿੰਦੇ ਹਨ। ਆਤਮ-ਹੱਤਿਆ ਕਰਨ ਵਿੱਚ ਗ਼ਰੀਬ ਬੱਚਿਆਂ ਦੀ ਸ਼ਮੂਲੀਅਤ ਕਾਫੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਅੰਦਰ 2017-19 ਤੱਕ 14-18 ਸਾਲ ਉਮਰ ਦੇ 24588 ਬੱਚਿਆਂ ਨੇ ਆਤਮ-ਹੱਤਿਆ ਕੀਤੀ ਜਿਨ੍ਹਾਂ ’ਚੋਂ 13325 ਲੜਕੀਆਂ ਹਨ। 2017 ’ਚ 8029, 2018 ’ਚ 8162 ਤੇ 2019 ਵਿੱਚ ਇਹ ਅੰਕੜਾ ਵਧ ਕੇ 8377 ਹੋ ਗਿਆ। ਵਿਆਹ ਆਦਿ ਨਾਲ ਸਬੰਧਿਤ ਮਾਮਲਿਆਂ ਕਾਰਨ 3954 ਬੱਚਿਆਂ ਨੇ ਖੁਦਕੁਸ਼ੀ ਕੀਤੀ; ਕਿਸੇ ਬਿਮਾਰੀ, ਨਸ਼ਿਆਂ ਤੋਂ ਗ੍ਰਸਤ, ਜਿਨਸੀ ਛੇੜਛਾੜ ਤੋਂ ਤੰਗ ਆ ਕੇ 2648 ਬੱਚਿਆਂ ਨੇ ਖੁਦਕੁਸ਼ੀ ਕੀਤੀ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਅਨੁਸਾਰ ਆਲਮੀ ਪੱਧਰ ’ਤੇ ਦਸ ਵਿਦਿਆਰਥੀਆਂ ’ਚੋਂ ਇੱਕ ਗੰਭੀਰ ਰੂਪ ਵਿੱਚ ਤਣਾਅ ਦਾ ਸ਼ਿਕਾਰ ਹੈ। ਨਤੀਜਾ ਐਲਾਨਣ ਤੋਂ ਬਾਅਦ ਅਕਸਰ ਬੱਚੇ ਖੁਦਕੁਸ਼ੀ ਕਰਦੇ ਹਨ। ਲਾਂਸੇਟ ਮੈਡੀਕਲ ਰਸਾਲੇ ਵਿੱਚ ਛਪੀ ਰਿਪੋਰਟ ਅਨੁਸਾਰ ਸੰਸਾਰ ਅੰਦਰ 15-29 ਸਾਲ ਉਮਰ ਵਰਗ ਦੇ ਲੋਕਾਂ ’ਚ ਆਤਮ-ਹੱਤਿਆ ਦਰ ਹੋਰਨਾਂ ਨਾਲੋਂ ਸਭ ਤੋਂ ਉੱਚੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਸੰਸਾਰ ਅੰਦਰ ਜੰਗਾਂ ਅਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ-ਹੱਤਿਆ ਨਾਲ ਜ਼ਿਆਦਾ ਲੋਕ ਮਰਦੇ ਹਨ; ਤਣਾਅ ਨੰਬਰ ਇੱਕ ’ਤੇ ਹੈ। ਸੰਸਾਰ ਦੀ 69% ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਵਿਆਪੀ ਤੌਰ ’ਤੇ ਡਾਕਟਰ ਕੋਲ ਜਾਣ ਵਾਲੇ ਪੰਜ ਲੋਕਾਂ ’ਚੋਂ ਤਿੰਨ ਤਣਾਅ ਦੇ ਸ਼ਿਕਾਰ ਪਾਏ ਗਏ ਹਨ। ਇੱਕ ਅੰਦਾਜ਼ੇ ਮੁਤਾਬਕ ਦੁਨੀਆ ਅੰਦਰ ਸਾਲਾਨਾ ਅੱਠ ਲੱਖ ਤੋਂ ਜ਼ਿਆਦਾ ਲੋਕ ਖੁਦਕੁਸ਼ੀ ਕਰਦੇ ਹਨ। ਹਰ ਚਾਲੀ ਸਕਿੰਟ ਵਿੱਚ ਇੱਕ ਜ਼ਿੰਦਗੀ ਆਤਮ-ਹੱਤਿਆ ਦੀ ਭੇਟ ਚੜ੍ਹ ਰਹੀ ਹੈ। ਖੁਦਕੁਸ਼ੀ ਦੀਆਂ ਮੰਦਭਾਗੀ ਘਟਨਾਵਾਂ ਬੇਰੋਕ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜੋ ਨਿਰੋਏ ਸਮਾਜ ਦੇ ਹਿੱਤ ਵਿੱਚ ਨਹੀਂ ਹਨ। ਵਿੱਦਿਆ ਪਾਰਸ ਹੈ ਜੋ ਆਪਣੇ ਨਾਲ ਜੁੜਨ ਵਾਲੇ ਨੂੰ ਵੀ ਪਾਰਸ ਬਣਾ ਦਿੰਦੀ ਹੈ। ਸਿੱਖਿਆ ਜੀਵਨ ਜਾਚ ਸਿਖਾਉਂਦੀ ਹੈ ਅਤੇ ਰੋਜ਼ੀ ਰੋਟੀ ਦੇ ਕਾਬਲ ਬਣਾਉਂਦੀ ਹੈ। ਆਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਲੋਕ ਮੁੱਢਲੀਆਂ ਸਹੂਲਤਾਂ ਤੋ ਸੱਖਣੇ ਹਨ। ਅਜੋਕੇ ਦੌਰ ਅੰਦਰ ਸਿੱਖਿਆ ਖਾਸ ਕਰ ਕੇ ਉਚੇਰੀ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਅਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋ ਦਿਨ ਮਹਿੰਗਾ ਕਰ ਰਹੀ ਹੈ। ਇਸ ਕਰ ਕੇ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਹੈ। ਉਚੇਰੀ ਸਿੱਖਿਆਂ ਪ੍ਰਾਪਤੀ ਹਿਤ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਦੇਸ਼ ਅੰਦਰ ਜ਼ਿਆਦਾਤਰ ਯੂਨੀਵਰਸਿਟੀਆਂ ਬਗੈਰ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੀਆਂ ਹਨ। ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਉਕਤ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਅਸ਼ਾਂਤੀ ਦੀ ਦਲਦਲ ’ਚ ਧੱਕਿਆ ਹੈ। ਆਲਮੀ ਪੱਧਰ ’ਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਨੇ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਹਰ ਵਰਗ ਦੇ ਲੋਕ ਇਸ ਮੰਦਭਾਗੇ ਰੁਝਾਨ ’ਚ ਸ਼ਾਮਲ ਹੋ ਰਹੇ ਹਨ। ਇਸ ਦੇ ਕਾਰਨ ਤਾਂ ਹੋਰ ਬਹੁਤ ਸਾਰੇ ਹੋ ਸਕਦੇ ਹਨ ਪਰ ਜਦੋਂ ਤੱਕ ਮਨੁੱਖ ਆਪਣੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਵਧਾਉਂਦਾ ਉਦੋਂ ਤੱਕ ਖੁਦਕੁਸ਼ੀਆਂ ਦੇ ਰਾਹ ਪੈਂਦਾ ਰਹੇਗਾ। ਜ਼ਿੰਦਗੀ ਦੇ ਉਤਾਰ ਚੜ੍ਹਾਅ ਨੂੰ ਸਹਿਜਤਾ ਨਾਲ ਲਿਆ ਜਾਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਹਨ, ਉਨ੍ਹਾਂ ਦਾ ਆਨੰਦ ਲਿਆ ਜਾਵੇ; ਜੋ ਕੁਝ ਨਹੀਂ ਹੈ, ਉਸ ਦੀ ਪ੍ਰਾਪਤੀ ਲਈ ਮਿਹਨਤ ਕੀਤੀ ਜਾਵੇ। ਮਨੁੱਖ ਭਵਿੱਖ ਦੀ ਤਿਆਰੀ ’ਚ ਆਪਣਾ ਵਰਤਮਾਨ ਨਸ਼ਟ ਕਰ ਲੈਂਦਾ ਹੈ ਤੇ ਵਰਤਮਾਨ ਦਾ ਅਸਰ ਭਵਿੱਖ ’ਤੇ ਪੈਂਦਾ ਹੈ। ਮਨੁੱਖ ਦੂਜੇ ਸਫ਼ਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਜਲਦੀ ਉਨ੍ਹਾਂ ਵਾਂਗ ਸਫ਼ਲ ਹੋਣਾ ਲੋਚਦਾ ਹੈ ਪਰ ਉਨ੍ਹਾਂ ਲੋਕਾਂ ਦਾ ਸੰਘਰਸ਼, ਅਸਫ਼ਲਤਾ ਦੇ ਬਹੁਤ ਸਾਰੇ ਝਟਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਉਦਾਸੀ ਤੋਂ ਬਚਣ ਲਈ ਆਸਵੰਦ ਹੋਣਾ ਚਾਹੀਦਾ ਹੈ। ਆਸਵੰਦ ਹੋਣ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ ਹੈ; ਆਪਣੇ ਆਪ ਨੂੰ ਰੁੱਝੇ ਰੱਖਣਾ ਚਾਹੀਦਾ ਹੈ। ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ਼ ਜਿਊਣ ਦਾ ਨਾਂ ਨਹੀਂ ਸਗੋਂ ਹੰਢਾਉਣ ਦਾ ਨਾਮ ਹੈ।
ਸੰਪਰਕ: 95173-96001