For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਪ੍ਰਣਾਲੀ ਅਤੇ ਸਮਾਜਿਕ ਕਦਰਾਂ-ਕੀਮਤਾਂ

06:25 AM Feb 13, 2024 IST
ਸਿੱਖਿਆ ਪ੍ਰਣਾਲੀ ਅਤੇ ਸਮਾਜਿਕ ਕਦਰਾਂ ਕੀਮਤਾਂ
Advertisement

ਡਾ. ਗੁਰਤੇਜ ਸਿੰਘ

Advertisement

ਅੱਜ ਦਾ ਮਨੁੱਖ ਪਦਾਰਥਵਾਦੀ ਸੋਚ ਦਾ ਧਾਰਨੀ ਬਣ ਗਿਆ ਹੈ ਅਤੇ ਪਦਾਰਥਾਂ ਨੂੰ ਹੀ ਆਪਣੀ ਆਖ਼ਿਰੀ ਮੰਜ਼ਿਲ ਸਮਝਣ ਲੱਗ ਪਿਆ ਹੈ। ਸੰਸਾਰ ਵਿੱਚ ਰਹਿਣ ਲਈ ਪਦਾਰਥ ਜ਼ਰੂਰੀ ਤਾਂ ਹਨ ਪਰ ਉਨ੍ਹਾਂ ਦੀ ਪ੍ਰਾਪਤੀ ਲਈ ਨਾਜਾਇਜ਼ ਢੰਗ-ਤਰੀਕਿਆਂ ਦੀ ਵਰਤੋਂ ਸਰਾਸਰ ਗ਼ਲਤ ਹੈ। ਧਨ-ਦੌਲਤ ਅਤੇ ਹੋਰ ਸੁੱਖ-ਸਹੂਲਤਾਂ ਨੂੰ ਹੀ ਲੋਕ ਪ੍ਰਸੰਨ ਜ਼ਿੰਦਗੀ ਦਾ ਜ਼ਰੀਆ ਸਮਝਣ ਲੱਗ ਪਏ ਹਨ। ਭਾਰਤ ਵਿਚ ਅਧਿਆਤਮ ਕਾਰਨ ਲੋਕ ਭਾਵੁਕਤਾ ਦੀ ਜਕੜ ਹੇਠ ਹਨ। ਹਾਲਾਤ ਜਿਹੋ-ਜਿਹੇ ਮਰਜ਼ੀ ਹੋਣ, ਉਸ ਦਾ ਜ਼ਿੰਮੇਵਾਰ ਰੱਬ ਨੂੰ ਹੀ ਠਹਿਰਾਇਆ ਜਾਂਦਾ ਹੈ। ਸਾਰੇ ਤਾਂ ਨਹੀਂ ਪਰ ਜਿ਼ਆਦਾਤਰ ਅਧਿਆਤਮਕ ਲੋਕ ਗ਼ਰੀਬੀ ਵਿੱਚ ਵੀ ਸੰਤੁਸ਼ਟੀ ਦਾ ਜੀਵਨ ਬਿਤਾ ਰਹੇ ਹਨ ਪਰ ਕਰੋੜਪਤੀ ਅਸ਼ਾਂਤ ਹਨ। ਕਹਿਣ ਨੂੰ ਤਾਂ ਸੰਸਾਰ ਬਦਲਦੇ ਸਮੇਂ ਵਿੱਚ ਅਗਾਂਹਵਧੂ ਹੋਣ ਦੀ ਖੁਸ਼ੀ ਮਾਣ ਰਿਹਾ ਹੈ ਪਰ ਸਭ ਕੁਝ ਹੋਣ ਦੇ ਬਾਵਜੂਦ ਨੈਤਿਕਤਾ ਕਿਤੇ ਗੁਆਚ ਗਈ ਹੈ, ਸਮਾਜਿਕ ਕਦਰਾਂ-ਕੀਮਤਾਂ ਤੋਂ ਮਨੁੱਖ ਸੱਖਣਾ ਹੋ ਰਿਹਾ ਹੈ। ਨੈਤਿਕਤਾ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਹਿ ਸਕਦੇ ਹਾਂ ਜੋ ਮਿਆਰ, ਮਰਿਆਦਾ, ਸਾਡੀ ਭਲਾਈ ਲਈ ਕਾਨੂੰਨ ਸਿਰਜੇ ਹਨ, ਉਨ੍ਹਾਂ ਦੀ ਉਲੰਘਣਾ ਨਾ ਕਰੀਏ। ਹਰ ਜੀਵ ਨੂੰ ਜਿਊਣ ਦਾ ਹੱਕ ਮਿਲੇ ਅਤੇ ਕਦੇ ਵੀ ਕਿਸੇ ਨਾਲ ਕਿਸੇ ਪੱਖੋਂ ਵੀ ਧੱਕਾ ਨਾ ਕੀਤਾ ਜਾਵੇ। ਉਸ ਹਰ ਕੰਮ ਤੋਂ ਗੁਰੇਜ਼ ਕੀਤਾ ਜਾਵੇ ਜੋ ਇਨਸਾਨੀਅਤ ਦੇ ਖਿਲਾਫ਼ ਹੋਵੇ, ਇਹ ਨੈਤਿਕਤਾ ਕਹਾਉਂਦੀ ਹੈ।
ਵਿਗਿਆਨ ਨੇ ਮਨੁੱਖ ਨੂੰ ਵੀ ਪ੍ਰਾਣੀ ਜਗਤ ਵਿੱਚ ਵਰਗਾਂ ਵਿਚ ਵੰਡਿਆ ਹੈ। ਜਿ਼ਆਦਾਤਰ ਪ੍ਰਜਾਤੀਆਂ ਆਪੋ-ਆਪਣੀ ਪ੍ਰਜਾਤੀ ਵਿੱਚ ਤਾਲਮੇਲ, ਦੁੱਖ-ਦਰਦ ਵੰਡਾਉਣ ਤੇ ਸੁਰੱਖਿਆ ਮੁਹੱਈਆ ਕਰਨ ਲਈ ਵਚਨਬੱਧ ਹਨ। ਕੀੜੀਆਂ ਵੀ ਸਾਡੇ ਵਾਂਗ ਸਮਾਜਿਕ ਪ੍ਰਾਣੀ ਹਨ। ਕੀੜੀ ਨੂੰ ਜੇ ਭੋਜਨ ਮਿਲਦਾ ਹੈ ਤਾਂ ਉਹ ਉਸ ਨੂੰ ਇਕੱਲੇ ਖਾਣ ਦੀ ਜਗ੍ਹਾ ਆਪਣੀ ਡੇਰੇ ਤੱਕ ਲੈ ਕੇ ਜਾਂਦੀ ਹੈ ਤੇ ਡੇਰੇ ਵਿੱਚ ਵੀ ਬਰਾਬਰ ਵੰਡ ਹੁੰਦੀ ਹੈ। ਖੇਤਾਂ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ, ਕਾਲਾ ਹਿਰਨ ਡਾਰ ਸਮੇਤ ਖੜ੍ਹੀ ਫ਼ਸਲ ਆਹਾਰ ਦੇ ਰੂਪ ਵਿੱਚ ਗ੍ਰਹਿਣ ਕਰਦਾ ਹੈ, ਜਦ ਕਿਸਾਨ ਉਨ੍ਹਾਂ ਨੂੰ ਖੇਤ ’ਚੋਂ ਬਾਹਰ ਕੱਢਦਾ ਹੈ ਤਾਂ ਉਨ੍ਹਾਂ ਵਿਚੋਂ ਕੋਈ ਇੱਕ ਵਾੜ ਕੀਤੀ ਕੰਡਿਆਲੀ ਤਾਰ ਵਿੱਚ ਉਲਝ ਜਾਂਦਾ ਹੈ। ਸਾਰੀ ਡਾਰ ਉਸ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਪੂਰੀ ਵਾਹ ਲਗਾ ਦਿੰਦੀ ਹੈ, ਜ਼ਖਮੀ ਹੋਏ ਆਪਣੇ ਸਾਥੀ ਦੇ ਜ਼ਖਮ ਨੂੰ ਆਪਣੀ ਜੀਭ ਨਾਲ ਸਾਫ਼ ਆਦਿ ਤੱਕ ਕਰਦੇ ਹਨ। ਉਂਝ, ਇਨ੍ਹਾਂ ਜੀਵਾਂ ਦੇ ਮੁਕਾਬਲੇ ਨੈਤਿਕਤਾ ਵਿੱਚ ਅਸੀਂ ਅੱਜ ਵੀ ਬਹੁਤ ਪਿੱਛੇ ਹਾਂ। ਸੜਕ ’ਤੇ ਦੁਰਘਟਨਾ ਦੀ ਲਪੇਟ ਵਿਚ ਆਏ ਲੋਕਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਜਗ੍ਹਾ ਲੋਕ ਤਸਵੀਰਾਂ ਖਿੱਚਣ ਵਿਚ ਮਸਰੂਫ਼ ਹੋ ਜਾਂਦੇ ਹਨ, ਜਾਂ ਫਿਰ ਅਣਦੇਖੀ ਕਰ ਕੇ ਆਪਣਾ ਵਾਹਨ ਲੰਘਾ ਲਿਜਾਂਦੇ ਹਨ।
ਮਨੁੱਖ ਸੰਸਾਰ ਦਾ ਸਭ ਤੋਂ ਖ਼ਤਰਨਾਕ ਪ੍ਰਾਣੀ ਹੈ। ਆਪਣੇ ਸੌੜੇ ਹਿਤਾਂ ਦੀ ਪੂਰਤੀ ਖ਼ਾਤਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਦੁਨੀਆ ਵਿੱਚ ਵਧਦਾ ਅਪਰਾਧ, ਧੋਖਾਧੜੀ, ਅਰਾਜਕਤਾ ਆਦਿ ਸਭ ਲਈ ਅਨੈਤਿਕਤਾ ਹੀ ਜ਼ਿੰਮੇਵਾਰ ਹੈ। 2013 ਵਿੱਚ ਉੱਤਰਾਖੰਡ ਵਿੱਚ ਆਈ ਕੁਦਰਤੀ ਆਫ਼ਤ ਨੇ ਪ੍ਰਸ਼ਾਸਨ ਅਤੇ ਲੋਕਾਂ ਦੀ ਨੈਤਿਕਤਾ ਦੀ ਪੋਲ ਖੋਲ੍ਹ ਦਿੱਤੀ ਸੀ। ਮਾੜੇ ਪ੍ਰਸ਼ਾਸਕੀ ਪ੍ਰਬੰਧਾਂ ਨੇ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਲਈ ਮਜਬੂਰ ਕੀਤਾ; ਜੋ ਬਚ ਗਏ, ਸਮੇਂ ਸਿਰ ਰਾਹਤ ਨਾ ਪਹੁੰਚਾਉਣ ਕਰ ਕੇ ਉੱਥੋਂ ਦੇ ਲੋਕਾਂ ਦੀ ਲੁੱਟ ਦਾ ਸ਼ਿਕਾਰ ਹੋਏ। ਇੱਕ ਪਰੌਂਠਾ ਅਤੇ ਪਾਣੀ ਦੀ ਬੋਤਲ ਤੈਅ ਮੁੱਲ ਤੋਂ ਕਈ ਗੁਣਾ ਮੁੱਲ ’ਤੇ ਉਨ੍ਹਾਂ ਬੇਵੱਸ ਲੋਕਾਂ ਨੂੰ ਵੇਚੀ। ਹੋਰ ਤਾਂ ਹੋਰ, ਲਾਸ਼ਾਂ ਨਾਲ ਵੀ ਜਬਰ-ਜਨਾਹ ਦੀਆਂ ਖ਼ਬਰਾਂ ਆਈਆਂ। ਉਂਝ ਵੀ ਔਰਤਾਂ ਦੀ ਆਬਰੂ ਦਾ ਹਰ ਮੋੜ ’ਤੇ ਘਾਣ ਹੋ ਰਿਹਾ ਹੈ ਅਤੇ ਔਰਤਾਂ ਉੱਪਰ ਹੁੰਦੇ ਜ਼ੁਲਮਾਂ ਦਾ ਗ੍ਰਾਫ ਦਿਨ-ਬ-ਦਿਨ ਵਧ ਰਿਹਾ ਹੈ। ਕੁਝ ਖ਼ੁਦਗਰਜ਼ ਲੋਕ ਅਤੇ ਸ਼ੱਕੀ ਔਰਤਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਜਾਅਲਸਾਜ਼ੀ ਕਰ ਕੇ ਲੋਕਾਂ ਨੂੰ ਬਲੈਕਮੇਲ ਕਰ ਕੇ ਠੱਗਿਆ ਹੈ।
ਦਿਨੋ-ਦਿਨ ਵਧਦੀ ਲੱਚਰਤਾ ਦਾ ਸਬੰਧ ਲੋਕਾਂ ਦੀ ਗੰਦੀ ਸੋਚ ਅਤੇ ਸੌੜੀ ਮਾਨਸਿਕਤਾ ਨਾਲ ਹੈ। ਪਿਛਲੇ ਸਮੇਂ ’ਤੇ ਜੇ ਝਾਤ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡੀ ਪੁਰਾਣੀ ਪੀੜ੍ਹੀ ਨੇ ਇਹ ਸਾਨੂੰ ਵਿਰਾਸਤ ਵਿੱਚ ਦਿੱਤੀ ਹੋਵੇ ਕਿਉਂਕਿ ਉਦੋਂ ਵੀ ਕੁਝ ਲੋਕਾਂ ਨੇ ਅਸ਼ਲੀਲ ਗਾਇਕੀ ਨੂੰ ਉਤਸ਼ਾਹਿਤ ਕੀਤਾ ਸੀ। ਉਦੋਂ ਗੀਤਾਂ ਵਾਲੀਆਂ ਕੈਸਿਟਾਂ ਦੀ ਵੰਡ ਇਸ ਤਰ੍ਹਾਂ ਹੁੰਦੀ ਸੀ: ਆਹ ਕੈਸਿਟਾਂ ਸਿਰਫ਼ ਖੇਤ ਮੋਟਰ ’ਤੇ ਸੁਣਨ ਵਾਸਤੇ ਜਾਂ ਇਕੱਲਿਆਂ ਸੁਣਨ ਲਈ ਹਨ, ਦੂਜੀਆਂ ਘਰ ਵਾਸਤੇ। ਅੱਜ ਵੀ ਹਾਲਾਤ ਇਹੀ ਹਨ ਪਰ ਪਹਿਲਾਂ ਸ਼ਰੇਆਮ ਅਜਿਹਾ ਕੁਝ ਨਹੀਂ ਹੁੰਦਾ ਸੀ ਜੋ ਅੱਜ ਹੋ ਰਿਹਾ ਹੈ। ਜੇ ਉਦੋਂ ਮੌਕਾ ਸੰਭਾਲਿਆ ਹੁੰਦਾ ਤਾਂ ਅਜੋਕੇ ਹਾਲਾਤ ਸ਼ਾਇਦ ਕੁਝ ਹੋਰ ਹੋਣੇ ਸੀ। ਅਜੋਕੇ ਕਈ ਗਾਇਕਾਂ, ਜੋ ਸੱਭਿਆਚਾਰਕ ਮਾਹੌਲ ਨੂੰ ਦੂਸ਼ਿਤ ਕਰ ਰਹੇ ਸਨ, ਖਿਲਾਫ਼ ਚੰਦ ਲੋਕਾਂ ਨੇ ਹੀ ਆਵਾਜ਼ ਬੁਲੰਦ ਕੀਤੀ ਹੈ। ਇਹ ਚੰਗੀ ਪਹਿਲ ਹੈ।
ਅਜੋਕੇ ਮਨੁੱਖ ਦੀ ਖ਼ੁਦਗਰਜ਼ੀ ਦੀ ਕੋਈ ਹੱਦ ਨਹੀਂ ਰਹੀ, ਆਪਣੇ ਜਨਮਦਾਤਾ ਨੂੰ ਘਰੋਂ ਕੱਢਣ ਤੱਕ ਦੀ ਨੌਬਤ ਆ ਗਈ ਹੈ। ਬਜ਼ੁਰਗ ਆਪਣੇ ਆਖ਼ਿਰੀ ਦਿਨ ਬਿਰਧ ਆਸ਼ਰਮਾਂ ਵਿੱਚ ਕੱਟ ਰਹੇ ਹਨ। ਪੁੱਤਰ ਵੱਲੋਂ ਪਿਤਾ ਜਾਂ ਮਾਂ ਦਾ ਕਤਲ ਆਦਿ ਅਤੇ ਹੋਰ ਅਨੈਤਿਕਤਾ ਭਰਪੂਰ ਖ਼ਬਰਾਂ ਨਾਲ ਅਖ਼ਬਾਰ ਭਰੇ ਮਿਲਦੇ ਹਨ। ਇਨ੍ਹਾਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਹੁੰਦੀ ਕਿ ਅਗਲੇ ਦਿਨ ਇਸੇ ਤਰ੍ਹਾਂ ਦੀਆਂ ਹੋਰ ਖ਼ਬਰਾਂ ਫਿਰ ਪੜ੍ਹਨ ਨੂੰ ਮਿਲਦੀਆਂ ਹਨ। ਸੋਚਣ ਵਾਲੀ ਗੱਲ ਹੈ ਜੋ ਆਪਣੇ ਮਾਪਿਆਂ ਤੇ ਪਰਿਵਾਰ ਦਾ ਨਹੀਂ ਬਣਿਆ, ਉਹ ਦੇਸ਼ ਸਮਾਜ ਦਾ ਕੀ ਸੰਵਾਰੇਗਾ? ਚਰਚਿਤ ਫਿਲਮੀ ਫੋਟੋਗ੍ਰਾਫਰ ਜਗਦੀਸ਼ ਮਾਲੀ ਨੂੰ ਮੁੰਬਈ ਵਿੱਚ ਸੜਕਾਂ ’ਤੇ ਭੀਖ ਮੰਗਦਿਆਂ ਦੇਖ ਕੇ ਜਦ ਇੱਕ ਸਮਾਜ ਸੇਵੀ ਸੰਸਥਾ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਤੇ ਰੁੱਝੇ ਹੋਣ ਦਾ ਲਾਰਾ ਲਾ ਕੇ ਪੱਲਾ ਝਾੜ ਲਿਆ। ਅਨੈਤਿਕਤਾ ਦਾ ਇਸ ਤੋਂ ਵੱਡਾ ਨਮੂਨਾ ਹੋਰ ਕੀ ਹੋ ਸਕਦਾ ਹੈ।
ਮੁਲਕ ਦੀ ਰਾਜਨੀਤੀ ਅਤੇ ਬਹੁਤ ਸਾਰੇ ਨੇਤਾ ਨੈਤਿਕਤਾ ਦਾ ਪੱਲਾ ਛੱਡ ਚੁੱਕੇ ਹਨ। ਸੰਸਦ ਵਿਚ ਨੇਤਾ ਇੱਕ ਦੂਜੇ ਲਈ ਗ਼ਲਤ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਸਲ ਵਿਚ, ਮੁਲਕ ਵਿੱਚ ਲੋਕਤੰਤਰ ਹੁਣ ਸਿਰਫ਼ ਨਾਂ ਦਾ ਹੀ ਰਹਿ ਗਿਆ ਹੈ। ਲੋਕਤੰਤਰੀ ਪ੍ਰਣਾਲੀ ਹੋਣ ਦੇ ਬਾਵਜੂਦ ਦੇਸ਼ ਨੂੰ ਕੁਝ ਪਰਿਵਾਰ ਹੀ ਚਲਾ ਰਹੇ ਹਨ। ਭਾਈ-ਭਤੀਜਾਵਾਦ ਦੇਸ਼ ਦੀ ਰਾਜਨੀਤੀ ਵਿੱਚ ਭਾਰੂ ਹੈ। ਆਮ ਜਨਤਾ ਦੀ ਭਾਗੀਦਾਰੀ ਸਿਰਫ ਵੋਟ ਪਾਉਣ ਤੱਕ ਸੀਮਤ ਹੈ। ਦੇਸ਼ ਦੀ ਜ਼ਿਆਦਾਤਰ ਜਾਇਦਾਦ ਗਿਣੇ-ਚੁਣੇ ਲੋਕਾਂ ਕੋਲ ਹੋਣਾ ਅਨੈਤਿਕਤਾ ਹੀ ਹੈ।
ਸਿੱਖਿਆ ਦਾ ਪ੍ਰਚਾਰ ਪ੍ਰਸਾਰ ਹੋਣ ਦੇ ਬਾਵਜੂਦ ਜਾਤ-ਪਾਤ, ਊਚ-ਨੀਚ ਅਜੇ ਵੀ ਕਾਇਮ ਹੈ। ਅਸੀਂ ਅਜੇ ਵੀ ਇਸ ਨੂੰ ਦਿਲ ਦਿਮਾਗ ਵਿਚੋਂ ਨਹੀਂ ਕੱਢ ਸਕੇ। ਅਖੌਤੀ ਨੀਵੀਂ ਜਾਤ ਦੇ ਲੋਕਾਂ ਨਾਲ ਅਖੌਤੀ ਉੱਚੀ ਜਾਤ ਦੇ ਲੋਕ ਨੀਵੀਂ ਮਾਨਸਿਕਤਾ ਵਾਲਾ ਵਿਹਾਰ ਕਰਦੇ ਹਨ। ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਜਦ ਇਹ ਲੋਕ ਤਰੱਕੀ ਵੱਲ ਕਦਮ ਵਧਾਉਂਦੇ ਹਨ ਤਾਂ ਵੀ ਬਰਦਾਸ਼ਤ ਨਹੀਂ ਹੁੰਦਾ। ਇਹ ਸਭ ਅਨੈਤਿਕਤਾ ਹੀ ਤਾਂ ਹੈ। ਜੇ ਅਸੀਂ ਇਹ ਕਹਿ ਲਈਏ ਕਿ ਲੋਕਾਂ ਨੇ ਸਿੱਖਿਆ ਨੂੰ ਸਿਰਫ਼ ਪਦਾਰਥਾਂ ਦੀ ਪ੍ਰਾਪਤੀ ਦਾ ਸਾਧਨ ਬਣਾ ਲਿਆ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਸਿੱਖਿਆ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਕੋਈ ਸਥਾਨ ਨਹੀਂ। ਸਿੱਖਿਆ ਪ੍ਰਣਾਲੀ ਵਿਚ ਇਨ੍ਹਾਂ ਨੂੰ ਹਰ ਹੀਲੇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਨੈਤਿਕ ਸਿੱਖਿਆ ਲੋਕਾਂ ਦੇ ਦਿਲ ਦਿਮਾਗ ਵਿੱਚ ਪਹੁੰਚਾਈ ਜਾਵੇ। ਸੰਸਾਰ ਵਿੱਚ ਫ਼ੈਲੀਆਂ ਸਾਰੀਆਂ ਸਮੱਸਿਆਵਾਂ ਨੈਤਿਕਤਾ ਅਤੇ ਲੋਕਾਂ ਦੀ ਜ਼ਮੀਰ ਜਾਗਣ ਦੀ ਉਡੀਕ ਵਿੱਚ ਹਨ, ਫਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਯਕੀਨੀ ਹੈ।
ਸੰਪਰਕ: 95173-96001

Advertisement
Author Image

joginder kumar

View all posts

Advertisement
Advertisement
×