For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਮੰਤਰੀ ਵੱਲੋਂ ਸਰਕਾਰੀ ਕਾਲਜ ਵਿੱਚ ਖੇਡ ਸਮਾਗਮ ਦਾ ਉਦਘਾਟਨ

07:54 AM Mar 12, 2024 IST
ਸਿੱਖਿਆ ਮੰਤਰੀ ਵੱਲੋਂ ਸਰਕਾਰੀ ਕਾਲਜ ਵਿੱਚ ਖੇਡ ਸਮਾਗਮ ਦਾ ਉਦਘਾਟਨ
ਯਮੁਨਾਨਗਰ ਵਿੱਚ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਜੇਤੂਆਂ ਦਾ ਸਨਮਾਨ ਕਰਦੇ ਹੋਏ।
Advertisement

ਦਵਿੰਦਰ ਸਿੰਘ
ਯਮੁਨਾਨਗਰ, 11 ਮਾਰਚ
ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਅੱਜ ਸਰਕਾਰੀ ਕਾਲਜ ਛਛਰੌਲੀ ਦੇ ਵਿਹੜੇ ਵਿੱਚ ਦੋ ਰੋਜ਼ਾ ਖੇਡ ਸਮਾਗਮ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਰਸਮੀ ਤੌਰ ’ਤੇ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸਕੂਲ ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਖਿਡਾਰੀਆਂ ਨੇ ਸਖ਼ਤ ਮਿਹਨਤ ਕਰਕੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ। ਹਰਿਆਣਾ ਦੀ ਖੇਡ ਨੀਤੀ ਦੇ ਨਤੀਜੇ ਵਜੋਂ ਸਰਕਾਰ ਵੱਲੋਂ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਹਰਿਆਣਾ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਝੰਡਾ ਲਹਿਰਾਇਆ ਹੈ। ਇਸ ਦੌਰਾਨ ਖੇਡ ਮੁਕਾਬਲਿਆਂ ਵਿੱਚ ਲੜਕਿਆਂ ਦੀ 800 ਮੀਟਰ ਦੌੜ ਵਿੱਚ ਅਮਿਤ ਨੇ ਪਹਿਲਾ, ਪ੍ਰਿੰਸ ਨੇ ਦੂਜਾ ਅਤੇ ਸਾਹਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਮਿਤ ਦੀ ਪ੍ਰਾਪਤੀ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਕੰਵਰ ਪਾਲ ਨੇ ਉਸ ਨੂੰ 31,000 ਰੁਪਏ ਦੇਣ ਦਾ ਐਲਾਨ ਕੀਤਾ। ਲੜਕੀਆਂ ਦੀ 200 ਮੀਟਰ ਦੌੜ ਵਿੱਚ ਮੰਜੂ ਪਹਿਲੇ, ਸਾਨੀਆ ਦੂਜੇ ਅਤੇ ਰਾਧਿਕਾ ਤੀਜੇ ਸਥਾਨ ’ਤੇ ਰਹੀ। ਕਾਲਜ ਪ੍ਰਿੰਸੀਪਲ ਡੀਐੱਸ ਲਾਂਬਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਾਲਜ ਦੀ ਇਮਾਰਤ ਦੀ ਉਸਾਰੀ ਲਈ ਸਰਕਾਰ ਵੱਲੋਂ ਦਿੱਤੀ ਗਈ ਕਰੀਬ 12 ਕਰੋੜ ਰੁਪਏ ਦੀ ਰਾਸ਼ੀ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਜੇਤੂਆਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਗੁਲਸ਼ਨ ਅਰੋੜਾ, ਵਾਈਸ ਪ੍ਰਿੰਸੀਪਲ ਸੰਦੀਪ ਕੁਮਾਰ, ਭਾਜਪਾ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਅਤੇ ਕਾਲਜ ਸਟਾਫ਼ ਦੇ ਮੈਂਬਰ ਹਾਜ਼ਰ ਸਨ।

Advertisement

ਬਾਬੈਨ ਵਿੱਚ ਦੰਗਲ ਕਰਵਾਇਆ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿੰਡ ਬਾਬੈਨ ਦੀ ਪੰਚਾਇਤ ਵਲੋਂ ਇਕ ਰੋਜ਼ਾ ਦੰਗਲ ਕਰਵਾਇਆ ਗਿਆ। ਦੰਗਲ ਦਾ ਉਦਘਾਟਨ ਭਾਜਪਾ ਆਗੂ ਸੰਦੀਪ ਗਰਗ ਨੇ ਕੀਤਾ ਤੇ ਪ੍ਰਧਾਨਗੀ ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਉਰਫ ਗੋਲਡੀ ਨੇ ਕੀਤੀ। ਦੰਗਲ ਵਿਚ ਹਰਿਆਣਾ ਤੋਂ ਇਲਾਵਾ ਦਿੱਲੀ, ਪੰਜਾਬ ਤੇ ਹਿਮਾਚਲ ਸਣੇ ਦੇਸ਼ ਦੇ ਕਈ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਗੁਲੂ ਪਹਿਲਵਾਨ ਜਠਲਾਣਾ ਨੇ ਨਰੇਸ਼ ਪਹਿਲਵਾਨ ਦੇਹਰਾਦੂਨ ਨੂੰ , ਕਾਲਾ ਪਹਿਲਵਾਨ ਬਨੂੜ ਨੇ ਰਾਜਬੀਰ ਕਾਲਾ ਅੰਬ ਨੂੰ, ਅਸ਼ਵਨੀ ਪਹਿਲਵਾਨ ਜਲੰਧਰ ਨੇ ਜੋਰਾ ਕੈਥਲ ਨੂੰ ਹਰਾ ਕੇ ਕੁਸ਼ਤੀ ਜਿੱਤੀ। ਦੰਗਲ ਵਿਚ ਹਿੱਸਾ ਲੈਣ ਵਾਲੇ ਸਾਰੇ ਭਲਵਾਨਾਂ ਨੂੰ ਪੰਚਾਇਤ ਵਲੋਂ ਨਕਦ ਇਨਾਮ ਤੇ ਤਗ਼ਮੇ ਦਿੱਤੇ ਗਏ। ਇਸ ਮੌਕੇ ਅੰਗਰੇਜ ਸਿੰਘ, ਸਾਬਕਾ ਸਰਪੰਚ ਵਿਸ਼ਵਜੀਤ ਬਿੰਦਲ, ਓਮ ਪ੍ਰਕਾਸ਼ ਸੈਣੀ ਤੇ ਜਤਿੰਦਰ ਗਰਗ ਆਦਿ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×