ਸਿੱਖਿਆ ਮਾਹਿਰ ਆਪਣੇ ਵਾਂਗ ਹੀਰੇ ਤਰਾਸ਼ਣ: ਮਾਨ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿੱਖਿਆ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚੋਂ ਆਪਣੇ ਵਰਗੇ ਹੀਰੇ ਤਰਾਸ਼ਣ ਅਤੇ ਮਿਆਰੀ ਸਿੱਖਿਆ ਦੇ ਕੇ ਆਮ ਆਦਮੀ ਨੂੰ ਵੱਧ ਅਖ਼ਤਿਆਰ ਦੇਣਾ ਯਕੀਨੀ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ। ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿੱਚ ਵਾਈਸ ਚਾਂਸਲਰਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਸਿੱਖਿਆ ਸ਼ਾਸਤਰੀ ਘਾਲਣਾ ਕਰ ਕੇ ਅੱਗੇ ਵਧ ਰਹੇ ਹਨ, ਓਵੇਂ ਹੀ ਉਹ ਅਗਲੀ ਪੀੜ੍ਹੀ ਨੂੰ ਲੀਹ ’ਤੇ ਪਾਉਣ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲਿਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ ਸੀ, ਜਿਸ ਨੂੰ ਮੋੜਾ ਪਿਆ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਲੈਸ ਹਨ। ਸੂਬਾ ਸਰਕਾਰ ਪਹਿਲਾਂ ਹੀ ਸਕੂਲ ਸਿਸਟਮ ਵਿੱਚ ਹੀ ਕਰੀਅਰ ਗਾਈਡੈਂਸ ਉੱਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿੱਚ ਬਿਜ਼ਨੈਸ ਬਲਾਸਟਰਜ਼ ਸਕੀਮ ਪਹਿਲਾਂ ਹੀ ਚੱਲ ਰਹੀ ਹੈ ਤਾਂ ਕਿ ਭਵਿੱਖ ਦੇ ਕਾਰੋਬਾਰੀ ਪੈਦਾ ਕੀਤੇ ਜਾ ਸਕਣ। ਸੂਬਾ ਸਰਕਾਰ ਨੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਹਨ, ਜਿਨ੍ਹਾਂ ਨੂੰ ਏਸੀ ਤੇ ਇੰਟਰਨੈੱਟ ਵਰਗੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਚਾਰ ਵਿਭਾਗਾਂ ਖੇਤੀਬਾੜੀ, ਸਿੱਖਿਆ, ਵਿੱਤ ਅਤੇ ਪੁਲੀਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ। ਇਹ ਮਾਣ ਵਾਲੀ ਗੱਲ ਹੈ ਕਿ ਬੋਇੰਗ ਵਿੱਚ ਪੰਜ ਫ਼ੀਸਦੀ ਇੰਜਨੀਅਰ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ ਹਨ, ਜਦੋਂ ਕਿ ਫਲਿੱਪਕਾਰਟ, ਓਲਾ, ਮਾਸਟਰਕਾਰਡ ਅਤੇ ਹੋਰਾਂ ਦੇ ਸੀਈਓ ਵੀ ਪੰਜਾਬੀ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਫ਼ੰਡਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।
ਸਿਆਸੀ ਸੰਕੇਤ: ਪੁਰਾਣੇ ਅੰਦਾਜ਼ ’ਚ ਪਰਤੇ ਭਗਵੰਤ ਮਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਅੱਜ ਕਈ ਦਿਨਾਂ ਮਗਰੋਂ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਭਗਵੰਤ ਮਾਨ 25 ਸਤੰਬਰ ਨੂੰ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਹੋਏ ਸਨ ਅਤੇ ਚਾਰ ਦਿਨਾਂ ਮਗਰੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ। ਉਨ੍ਹਾਂ ਦੇ ਹਸਪਤਾਲ ’ਚ ਭਰਤੀ ਹੋਣ ਮਗਰੋਂ ‘ਆਪ’ ਦੀ ਹਾਈਕਮਾਨ ਨੇ ਕਈ ਫ਼ੈਸਲੇ ਕਰ ਕੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਸੀ। ਭਗਵੰਤ ਮਾਨ ਇਸ ਦੌਰਾਨ ਪੂਰੀ ਤਰ੍ਹਾਂ ਖ਼ਾਮੋਸ਼ ਰਹੇ। ਜਾਣਕਾਰੀ ਅਨੁਸਾਰ ਭਗਵੰਤ ਮਾਨ ਹਸਪਤਾਲ ’ਚ ਵੀ ਸਰਕਾਰੀ ਕੰਮਕਾਰ ਕਰਦੇ ਰਹੇ ਅਤੇ ਛੁੱਟੀ ਮਿਲਣ ਮਗਰੋਂ ਕੰਮ ’ਤੇ ਪਰਤ ਆਏ। ਉਨ੍ਹਾਂ ਨੇ ਝੋਨੇ ਦੀ ਖ਼ਰੀਦ ਨਾਲ ਸਬੰਧਤ ਕਈ ਮੀਟਿੰਗਾਂ ਵੀ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿੱਚ ਉਨ੍ਹਾਂ ਦਾ ਪੁਰਾਣਾ ਅੰਦਾਜ਼ ਗ਼ਾਇਬ ਸੀ। ਕੈਬਨਿਟ ਮੀਟਿੰਗ ਵੀ ਹੋਈ ਅਤੇ ਇਸ ਦੌਰਾਨ ਉਹ ਸਰੀਰਕ ਕਮਜ਼ੋਰੀ ਮਹਿਸੂਸ ਕਰਦੇ ਨਜ਼ਰ ਆਏ। ਉਨ੍ਹਾਂ ਦਾ 10 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੰਮੂ-ਕਸ਼ਮੀਰ ਜਾਣ ਦਾ ਪ੍ਰੋਗਰਾਮ ਸੀ, ਜੋ ਰੱਦ ਹੋ ਗਿਆ। ਹੁਣ ਮੁੱਖ ਮੰਤਰੀ 13 ਅਕਤੂਬਰ ਨੂੰ ਕੇਜਰੀਵਾਲ ਨਾਲ ਡੋਡਾ ਜਾਣਗੇ। ਕਈ ਸਿਆਸੀ ਤੇ ਪ੍ਰਸ਼ਾਸਨਿਕ ਤਬਦੀਲੀਆਂ ਮਗਰੋਂ ਸੂਬੇ ਵਿੱਚ ਸਿਆਸੀ ਮਾਹੌਲ ਥੋੜ੍ਹਾ ਸਥਿਰ ਹੋਣ ਲੱਗਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਰਾਜਪਾਲ ਵੱਲੋਂ ਉਚੇਰੀ ਸਿੱਖਿਆ ਬਾਰੇ ਕਰਵਾਈ ਕਾਨਫ਼ਰੰਸ ਵਿਚ ਸ਼ਮੂਲੀਅਤ ਕੀਤੀ। ਅੱਜ ਉਨ੍ਹਾਂ ਦੇ ਚਿਹਰੇ ’ਤੇ ਥੋੜ੍ਹਾ ਖੇੜਾ ਨਜ਼ਰ ਆਇਆ ਅਤੇ ਉਨ੍ਹਾਂ ਦੇ ਭਾਸ਼ਣ ’ਚ ਪੁਰਾਣਾ ਰੰਗ ਵੀ ਥੋੜ੍ਹਾ ਦੇਖਣ ਨੂੰ ਮਿਲਿਆ। ਉਨ੍ਹਾਂ ਹਲਕੇ ਫੁਲਕੇ ਅੰਦਾਜ਼ ਵਿੱਚ ਕਈ ਨੁਕਤੇ ਰੱਖੇ ਅਤੇ ਸੰਜੀਦਾ ਗੱਲਾਂ ਕੀਤੀਆਂ। ਿੲਸ ਮੌਕੇ ਮੁੱਖ ਮੰਤਰੀ ਨੇ ਰਾਜਪਾਲ ਕਟਾਰੀਆ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਵੱਲੋਂ ਦਸਹਿਰੇ ਅਤੇ ਦੁਰਗਾ ਪੂਜਾ ਦੀ ਵਧਾਈ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਮੂਹ ਦੇਸ਼ ਵਾਸੀਆਂ ਖ਼ਾਸ ਤੌਰ ’ਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਦਸਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਦੇ ਪਵਿੱਤਰ ਮੌਕੇ ਦੀ ਵਧਾਈ ਦਿੱਤੀ ਹੈ। ਸੰਦੇਸ਼ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਹਨ। ਇਹ ਤਿਉਹਾਰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਲੋਕਾਂ ਨੂੰ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।