ਕਿਨਾਰੇ ਕਿਨਾਰੇ
ਨਦੀ ਰੁਕੀ ਹੋਈ ਸੀ,
ਸ਼ਹਿਰ ਵਗ ਰਿਹਾ ਸੀ,
ਕੁਝ ਅਜੀਬ ਲੱਗ ਰਿਹਾ ਸੀ
ਨਦੀ ਕੋਈ ਵੀ ਹੋ ਸਕਦੀ ਹੈ। ਸ਼ਹਿਰ ਕੋਈ ਵੀ ਹੋ ਸਕਦਾ ਹੈ। ਹਰ ਨਦੀ ਦਾ ਰਾਹ ਕੋਈ ਨਾ ਕੋਈ ਸ਼ਹਿਰ ਰੋਕ ਹੀ ਲੈਂਦਾ ਹੈ।
ਮੈਂ ਨਦੀ ਕਿਨਾਰੇ ਖੜ੍ਹੇ ਇੱਕ ਰੁੱਖ ਨੂੰ ਪੁੱਛਦਾ ਹਾਂ, ਟਾਹਣੀ ’ਤੇ ਬੈਠੀ ਕੋਇਲ ਹੱਸਦੀ ਹੈ। ਇੱਕ ਗੱਲ ਪੁਰਾਣੀ ਦੱਸਦੀ ਹੈ।
ਨਾ ਮਸਜਿਦ ਹੈ, ਨਾ ਮੰਦਰ ਹੈ। ਦੂਰ ਕਿਤੇ ਇੱਕ ਸਮੁੰਦਰ ਹੈ। ਦੂਰੋਂ ਵੇਖੋਗੇ ਤਾਂ ਇਸ ਤੋਂ ਡਰ ਵੀ ਲੱਗ ਸਕਦਾ ਹੈ। ਨੇੜੇ ਹੋ ਕੇ ਸਮਝੋਗੇ ਤਾਂ ਇਸ ਦੇ ਪਿਆਰ ਵਿੱਚ ਡੁੱਬ ਵੀ ਸਕਦੇ ਹੋ। ਹਵਾ ਵੀ ਉਸ ਦੇ ਪਿਆਰ ਵਿੱਚ ਡੁੱਬੀ ਰਹਿੰਦੀ ਸੀ। ਉਹ ਜਦ ਵੀ ਸਮੰਦਰ ਨੂੰ ਮਿਲਦੀ, ਕੋਈ ਮੌਸਮ ਖਿੜ ਜਾਂਦਾ। ਕੋਈ ਸ਼ਾਮ ਮਹਿਕ ਉੱਠਦੀ, ਕੋਈ ਲਮਹਾ ਤਿੜ ਜਾਂਦਾ। ਸਮੁੰਦਰ ਨੇ ਹਵਾ ਲਈ ਕਈ ਮੌਜਾਂ ਗਾਈਆਂ। ਹਵਾ ਨੇ ਸਮੁੰਦਰ ਲਈ ਕਈ ਬੁੱਲ੍ਹੇ ਲਿਖੇ ਤੇ ਕਈ ਜਨਮਾਂ ਦੀਆਂ ਰੀਤਾਂ ਜਾਗ ਜਾਗ ਕੇ ਨਿਭਾਈਆਂ। ਪਰ ਇੱਕ ਦਿਨ ਪਤਾ ਨਹੀਂ ਉਸ ਨੂੰ ਕੀ ਸੁੱਝਿਆ ਕਿ ਉਸ ਨੇ ਸਮੁੰਦਰ ਦੀਆਂ ਕੁਝ ਬੂੰਦਾਂ ਚੋਰੀ ਕਰ ਲਈਆਂ ਤੇ ਬੱਦਲਾਂ ਵਿੱਚ ਵਲ੍ਹੇਟ ਕੇ ਉੱਡ ਗਈ।
ਪਹਾੜਾਂ ਦੇ ਦੇਸ ਉਸ ਦਾ ਬੜਾ ਆਉਣਾ ਜਾਣਾ ਸੀ, ਸੋ ਉਸ ਨੇ ਉਹ ਬੂੰਦਾਂ ਕਿਸੇ ਪਹਾੜ ਦੇ ਵਿਹੜੇ ਵਿੱਚ ਬੋ ਦਿੱਤੀਆਂ ਤੇ ਕਈ ਜਨਮਾਂ ਦੀਆਂ ਕਹਾਣੀਆਂ ਲੁਕੋ ਦਿੱਤੀਆਂ। ਚੁਰਾਈਆਂ ਹੋਈਆਂ ਉਹ ਬੂੰਦਾਂ ਕੁਝ ਵੱਡੀਆਂ ਹੋਈਆਂ ਤਾਂ ਨਦੀ ਬਣ ਗਈਆਂ। ਕਹਿੰਦੇ ਨੇ ਨਦੀਆਂ ਨੂੰ ਪਹਾੜ ਵੀ ਆਪਣੇ ਘਰ ਨਹੀਂ ਰੱਖ ਸਕਦੇ।
ਪਹਾੜਾਂ ਦੇ ਵਿਹੜੇ ਵਿੱਚੋਂ ਹੱਸਦੀ ਖੇਡਦੀ, ਨੱਚਦੀ ਟੱਪਦੀ ਨਦੀ ਆਪਣੇ ਬਚਪਨ ਦੇ ਦਿਨ ਪਿੱਛੇ ਛੱਡਦੀ ਆਈ। ਮੈਨੂੰ ਲੱਗਦਾ ਸੀ ਕਿ ਨਦੀ ਪਹਾੜਾਂ ਵਿੱਚੋਂ ਆਪਣਾ ਰਾਹ ਆਪ ਬਣਾਉਂਦੀ ਹੈ, ਪਰ ਇਹ ਮੇਰਾ ਵਹਿਮ ਸੀ ਤੇ ਸ਼ਾਇਦ ਨਦੀ ਦਾ ਵੀ।
ਪਹਾੜਾਂ ਨੇ ਨਦੀਆਂ ਲਈ ਰਾਹ ਮਿੱਥੇ ਹੁੰਦੇ ਨੇ ਤੇ ਨਦੀਆਂ ਨੂੰ ਉਨ੍ਹਾਂ ਰਾਹਾਂ ਤੋਂ ਹੀ ਉਤਰਨਾ ਪੈਂਦਾ ਹੈ।
ਮੈਂ ਸੋਚਦਾ ਹਾਂ, ਜੇ ਇਹ ਨਦੀ ਉਸ ਰਾਹ ਤੋਂ ਜ਼ਰਾ ਕੁ ਭਟਕ ਕੇ ਕਿਸੇ ਦਿਓਦਾਰ ਨੂੰ ਛੋਹ ਲੈਂਦੀ ਤਾਂ ਸ਼ਾਇਦ ਅੰਮ੍ਰਿਤਾ ਪ੍ਰੀਤਮ ਦੀ ਕੋਈ ਕਵਿਤਾ ਬਣ ਜਾਂਦੀ। ਜਾਂ ਰਾਹ ਵਿੱਚ ਮਿਲੇ ਕਿਸੇ ਵੱਡੇ ਸਾਰੇ ਪੱਥਰ ਦੀ ਬਾਂਹ ਫੜ ਕੇ ਪਹਾੜ ਦੇ ਪਰਲੇ ਪਾਸੇ ਉਤਰ ਜਾਂਦੀ ਤਾਂ ਦਲੀਪ ਕੌਰ ਟਿਵਾਣਾ ਦੀ ਕੋਈ ਕਹਾਣੀ ਬਣ ਜਾਂਦੀ।
ਇਸ ਨਦੀ ਨੇ ਨਾ ਕਿਸੇ ਦਿਓਦਾਰ ਨੂੰ ਛੋਹਿਆ ਤੇ ਨਾ ਕਿਸੇ ਪੱਥਰ ਦੀ ਬਾਂਹ ਫੜੀ। ਪਤਾ ਨਹੀਂ ਕਿੰਨੀਆਂ ਕਵਿਤਾਵਾਂ ਤੇ ਕਿੰਨੀਆਂ ਕਹਾਣੀਆਂ ਵਕ਼ਤ ਦੇ ਸਿਰ ਉਧਾਰ ਕਰ ਆਈ ਤੇ ਆਪਣੇ ਮਿੱਥੇ ਹੋਏ ਰਾਹ ’ਤੇ ਤੁਰਦੀ ਤੁਰਦੀ ਪਹਾੜ ਦੀ ਦਹਿਲੀਜ਼ ਪਾਰ ਕਰ ਆਈ।
ਇਸ ਨਵੇਂ ਰਾਹ ਦੇ ਪਹਿਲੇ ਮੋੜ ’ਤੇ ਉਸ ਨੂੰ ਇੱਕ ਦਰਿਆ ਮਿਲਿਆ ਤੇ ਉਹ ਨਦੀ ਉਸ ਦਰਿਆ ਵਿੱਚ ਸਮਾ ਗਈ। ਦਰਿਆ ਦਾ ਰਾਹ ਵੀ ਸ਼ਾਇਦ ਕਿਸੇ ਪਹਾੜ ਨੇ ਮਿੱਥਿਆ ਹੋਇਆ ਸੀ। ਸੋ, ਦੋਵਾਂ ਨੇ ਰਲ਼ ਕੇ ਇੱਕ ਝੀਲ ਵਸਾ ਲਈ ਤੇ ਉਸ ਝੀਲ ਦੇ ਕੰਢੇ ’ਤੇ ਇੱਕ ਸ਼ਹਿਰ ਜੰਮ ਪਿਆ। ਦੁਨੀਆ ਨੂੰ ਇੱਕ ਨਦੀ ਤਾਈਂ ਬੜਾ ਕੰਮ ਪਿਆ।
ਨਦੀ ਨੇ ਸ਼ਹਿਰ ਲਈ ਵਕ਼ਤ ਉਬਾਲਿਆ, ਹਰ ਪਲ ਸੰਭਾਲਿਆ ਤੇ ਬੜੇ ਲਾਡਾਂ ਨਾਲ ਸ਼ਹਿਰ ਨੂੰ ਪਾਲਿਆ। ... ਪਰ ਵੱਡੇ ਹੁੰਦੇ ਸ਼ਹਿਰ ਦੀਆਂ ਲੋੜਾਂ ਬਹੁਤ ਸਨ, ਤੇ ਦੁਨੀਆ ਨੂੰ ਸਹੂਲਤਾਂ ਦੀਆਂ ਥੋੜਾਂ ਬਹੁਤ ਸਨ। ਸੋ ਸ਼ਹਿਰ ਨੇ ਰਸਮਾਂ ਦਾ ਕਿਹਾ ਮੰਨ ਲਿਆ ਤੇ ਨਦੀ ਦਾ ਪਾਣੀ ਬੰਨ੍ਹ ਲਿਆ।
ਬੰਨ੍ਹ ਪੱਥਰਾਂ ਦੇ ਵੀ ਹੋ ਸਕਦੇ ਨੇ ਤੇ ਮੋਹ ਦੀਆਂ ਤੰਦਾਂ ਦੇ ਵੀ।
ਕੋਇਲ ਅਜੇ ਗਾ ਰਹੀ ਸੀ, ਕਹਾਣੀ ਸੁਣਾ ਰਹੀ ਸੀ, ਪਰ ਮੈਨੂੰ ਜਾਣਾ ਪਿਆ। ਦਫਤਰ ਦੀ ਘੜੀ ਬੁਲਾ ਰਹੀ ਸੀ। ਮੈਨੂੰ ਖ਼ਿਆਲ ਆਇਆ, ਕੁਝ ਬੰਨ੍ਹ ਕਰਮਾਂ ਦੇ ਵੀ ਹੁੰਦੇ ਨੇ ਤੇ ਕਰਜ਼ਿਆਂ ਦੇ ਵੀ। ਮੇਰੇ ਜ਼ਿਹਨ ਵਿੱਚ ਇਸ ਸ਼ਹਿਰ ਦਾ ਕੋਈ ਮੌਸਮ ਅੜਿਆ ਸੀ, ਅਗਲੇ ਪਿਛਲੇ ਕਰਮਾਂ ਦਾ ਕੋਈ ਕਰਜ਼ਾ ਚੜ੍ਹਿਆ ਸੀ। ਮੈਨੂੰ ਵੀ ਇਸ ਸ਼ਹਿਰ ਨੇ ਇੱਥੇ ਬੰਨ੍ਹ ਲਿਆ ਸੀ ਤੇ ਮੈਂ ਵੀ ਇਹ ਜਨਮਾਂ ਦਾ ਧੋਖਾ ਮੰਨ ਲਿਆ ਸੀ। ਤੁਰਿਆ ਫਿਰਦਾ ਹਾਂ, ਪਰ ਕ਼ਿਸਮਤ ਅੱਗੇ ਝੁਕਿਆ ਹੋਇਆ ਹਾਂ। ਮੈਂ ਵੀ ਖੌਰੇ ਕਦ ਤੋਂ ਇੱਥੇ ਰੁਕਿਆ ਹੋਇਆ ਹਾਂ।
ਕਿਸੇ ਥਾਂ ’ਤੇ, ਕਿਸੇ ਮੋੜ ’ਤੇ, ਕਿਸੇ ਲੋੜ ’ਤੇ ਰੁਕਣਾ ਪੈ ਵੀ ਸਕਦਾ ਹੈ, ਤੇ ਜੇ ਰੁਕਣਾ ਜ਼ਰੂਰੀ ਹੋਵੇ ਤਾਂ ਰੁਕ ਵੀ ਜਾਣਾ ਚਾਹੀਦਾ ਹੈ। ਪਰ ਰੁਕਣਾ ਤੇ ਰੁਕੇ ਰਹਿਣਾ ਦੋ ਵੱਖ ਵੱਖ ਗੱਲਾਂ ਨੇ। ਰੁਕਣਾ ਜ਼ਰੂਰਤ ਹੋ ਸਕਦੀ ਹੈ, ਪਰ ਰੁਕੇ ਰਹਿਣਾ ਸਿਰਫ਼ ਮਜਬੂਰੀ ਹੁੰਦੀ ਹੈ ਤੇ ਮਜਬੂਰ ਕਰ ਸਕਣ ਦਾ ਹੱਕ ਅਸੀਂ ਆਪ ਹੀ ਦੂਜਿਆਂ ਨੂੰ ਦੇ ਦਿੰਦੇ ਹਾਂ।
ਤਸਵੀਰਾਂ ਦੇ ਹਾਸਿਆਂ ਪਿੱਛੇ ਕਈ ਦਰਦ ਲੁਕ ਜਾਂਦੇ ਨੇ। ਇੱਕੋ ਥਾਂ ’ਤੇ ਰੁਕੀਆਂ ਨਦੀਆਂ ਸੁੱਕ ਜਾਂਦੀਆਂ ਨੇ ਤੇ ਮਜਬੂਰੀਆਂ ’ਤੇ ਖੜ੍ਹੇ ਰਿਸ਼ਤੇ ਆਖ਼ਰ ਮੁੱਕ ਜਾਂਦੇ ਨੇ।
ਇੱਕ ਆਵਾਜ਼ ਆਈ। ਪਤਾ ਨਹੀਂ ਮਸਜਿਦ ਤੋਂ ਜਾਂ ਮੰਦਰ ਤੋਂ, ਬਾਹਰ ਤੋਂ ਜਾਂ ਅੰਦਰ ਤੋਂ, ਜਾਂ ਖ਼ੌਰੇ ਕੋਈ ਚਿੜੀ ਹੱਸ ਰਹੀ ਸੀ ਤੇ ਗੱਲ ਨਵੀਂ ਇੱਕ ਦੱਸ ਰਹੀ ਸੀ।
ਰਿਸ਼ਤਿਆਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ, ਬਸ ਸਫ਼ਰ ਹੁੰਦਾ ਹੈ।
ਨਦੀਆਂ ਦੀ ਮੰਜ਼ਿਲ ਕਿਨਾਰੇ ਨਹੀਂ ਹੁੰਦੇ, ਸਮੁੰਦਰ ਹੁੰਦਾ ਹੈ ਤੇ ਉਸ ਤੱਕ ਪਹੁੰਚਣ ਦਾ ਰਾਹ ਹਰ ਨਦੀ ਦੇ ਅੰਦਰ ਹੁੰਦਾ ਹੈ।
ਜਿੱਥੇ ਵੀ, ਜਿੰਨਾ ਕੁ ਵੀ ਰਾਹ ਮਿਲੇ, ਵਗਣਾ ਚਾਹੀਦਾ ਹੈ। ਜੇ ਜਿਉਂਦੇ ਹੋ ਤਾਂ ਜਿਉਂਦੇ ਲੱਗਣਾ ਚਾਹੀਦਾ ਹੈ।
ਪਤਾ ਨਹੀਂ ਇਹ ਗੱਲ ਮੈਂ ਨਦੀ ਨੂੰ ਕਹੀ ਕਿ ਨਦੀ ਨੇ ਮੈਨੂੰ, ਪਰ ਸ਼ਾਇਦ ਹਵਾ ਨੇ ਸੁਣ ਲਈ ਤੇ ਦੋਵਾਂ ਨੂੰ ਨਾਲ ਲੈ ਕੇ ਤੁਰ ਪਈ।
ਸ਼ਹਿਰ ਸੁੱਤਾ ਹੋਇਆ ਸੀ
ਨਦੀ ਵਗ ਰਹੀ ਸੀ
ਬਿਲਕੁਲ ਮੇਰੇ ਵਰਗੀ ਲੱਗ ਰਹੀ ਸੀ...।
ਸੰਪਰਕ: 98156-38668