For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਸਿਆਸਤਦਾਨਾਂ ਖ਼ਿਲਾਫ਼ ਸਿਰਫ਼ 3 ਫੀਸਦੀ ਕੇਸ ਦਰਜ: ਮੋਦੀ

07:09 AM Apr 16, 2024 IST
ਈਡੀ ਵੱਲੋਂ ਸਿਆਸਤਦਾਨਾਂ ਖ਼ਿਲਾਫ਼ ਸਿਰਫ਼ 3 ਫੀਸਦੀ ਕੇਸ ਦਰਜ  ਮੋਦੀ
Advertisement

ਅਨੀਮੇਸ਼ ਸਿੰਘ
ਨਵੀਂ ਦਿੱਲੀ, 15 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ਵਿਰੋਧੀ ਆਗੂਆਂ, ਖਾਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀਆਂ ਗ੍ਰਿਫ਼ਤਾਰੀਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਦਾਅਵੇ ਦਾ ਬਚਾਅ ਕੀਤਾ ਕਿ ਕੇਂਦਰ ਸਰਕਾਰ ਵਿਰੋਧੀ ਧਿਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਦਰਜ ਕੁੱਲ ਕੇਸਾਂ ਵਿੱਚੋਂ ਸਿਰਫ਼ ਤਿੰਨ ਫ਼ੀਸਦੀ ਮਾਮਲੇ ਹੀ ਸਿਆਸੀ ਆਗੂਆਂ ਨਾਲ ਸਬੰਧਤ ਹਨ।
ਸ੍ਰੀ ਮੋਦੀ ਨੇ ਖ਼ਬਰ ਏਜੰਸੀ ‘ਏਐੱਨਆਈ’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਹੀ ‘ਪਾਪ ਦਾ ਡਰ’ ਹੋਵੇਗਾ ਅਤੇ ਇਮਾਨਦਾਰ ਵਿਅਕਤੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।
ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਪਿਛਲੇ ਮਹੀਨੇ ਕਥਿਤ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੋ ਰਹੀ ਆਲੋਚਨਾ ਦਰਮਿਆਨ ਆਈ ਹੈ।
ਇਸ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕੇ. ਕਵਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਦੇ ਇਸ ਦੋਸ਼ ਕਿ ਕਾਨੂੰਨਾਂ ਵਿਚ ਬਦਲਾਅ, ਜਿਸ ਕਰਕੇ ਚੋੋਣ ਕਮਿਸ਼ਨਰਾਂ ਦੀ ਚੋਣ ਸੰਭਵ ਹੋਈ, ਨਾਲ ਮੌਜੂਦਾ ਸਿਆਸੀ ਮਾਹੌਲ ਭਾਜਪਾ ਦੇ ਪੱਖ ਵਿਚ ਝੁਕਿਆ ਹੈ, ਦਾ ਜ਼ੋਰਦਾਰ ਬਚਾਅ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਕਾਨੂੰਨ ਵਿਰੋਧੀ ਧਿਰ ਦੇ ਨੁਮਾਇੰਦਿਆਂ ਦੀ ਭਾਗੀਦਾਰੀ ਵੀ ਯਕੀਨੀ ਬਣਾਉਂਦਾ ਹੈ। ਸ੍ਰੀ ਮੋਦੀ ਨੇ ਤਿੰਨ ਮੈਂਬਰੀ ਚੋਣ ਪੈਨਲ ਵਿੱਚ ਤੀਸਰੇ ਨੰਬਰ ’ਤੇ ਵਿਰੋਧੀ ਧਿਰ ਦੇ ਨੇਤਾ ਦੀ ਸ਼ਮੂਲੀਅਤ ਲਾਜ਼ਮੀ ਕਰਨ ਵਾਲੇ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਅਸਲ ਵਿੱਚ, ਅਸੀਂ ਸੁਧਾਰ ਕੀਤਾ ਹੈ। ਅੱਜ ਜਦੋਂ ਚੋਣ ਕਮਿਸ਼ਨ ਬਣਿਆ ਹੋਇਆ ਹੈ ਤਾਂ ਉਸ ਵਿੱਚ ਵਿਰੋਧੀ ਧਿਰ ਵੀ ਹੈ।’’ ਇਸ ਪੈਨਲ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਇੱਕ ਕੇਂਦਰੀ ਮੰਤਰੀ ਵੀ ਸ਼ਾਮਲ ਹੈ। ਚੋਣ ਬਾਂਡ ਸਕੀਮ ਰੱਦ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਇਮਾਨਦਾਰੀ ਨਾਲ ਘੋਖ ਕੀਤੀ ਜਾਵੇਗੀ ਤਾਂ ਹਰ ਇੱਕ ਨੂੰ ਪਛਤਾਵਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਬੇਹਿਸਾਬ ਨਕਦੀ ਜਾਂ ਅਪਰਾਧਕ ਗਤੀਵਿਧੀਆਂ ਰਾਹੀਂ ਪ੍ਰਾਪਤ ਧਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣ ਬਾਂਡ ਯੋਜਨਾ ‘ਕਾਲੇ ਧਨ’ ਦੀ ਵਰਤੋਂ ਖ਼ਿਲਾਫ਼ ਲੜਨ ਲਈ ਲਿਆਂਦੀ ਸੀ। ਉਂਜ ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਨ੍ਹਾਂ ਕਦੇ ਦਾਅਵਾ ਨਹੀਂ ਕੀਤਾ ਕਿ ਇਹ ਇਸ ਟੀਚੇ ਨੂੰ ਹਾਸਲ ਕਰਨ ਦਾ ਇੱਕੋ ਇਕ ਸਹੀ ਤਰੀਕਾ ਹੈ।
ਉਨ੍ਹਾਂ ਚੋਣ ਬਾਂਡ ਬਾਰੇ ‘ਝੂਠ’ ਫੈਲਾਉਣ ਲਈ ਵਿਰੋਧੀ ਧਿਰ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਦੌਰਾਨ ‘ਕਾਲੇ ਧਨ’ ਨੂੰ ਸੱਟ ਮਾਰਨ ਲਈ ਇਹ ਯੋਜਨਾ ਲਿਆਂਦੀ ਸੀ। ਉਨ੍ਹਾਂ ਇਸ ਆਲੋਚਨਾ ਦਾ ਵੀ ਜਵਾਬ ਦਿੱਤਾ ਕਿ ਉਨ੍ਹਾਂ ਦੀ ਪਾਰਟੀ (ਭਾਜਪਾ) ਚੋਣ ਬਾਂਡਾਂ ਰਾਹੀਂ ਹਜ਼ਾਰਾਂ ਕਰੋੜ ਰੁਪਏ ਪ੍ਰਾਪਤ ਕਰਨ ਵਾਲੀ ਸਭ ਤੋਂ ਵੱਡੀ ਲਾਭਪਾਤਰੀ ਹੈ। ਉਨ੍ਹਾਂ ਕਿਹਾ, ‘‘ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਕਾਲੇ ਧਨ ਕਾਰਨ ਚੋਣਾਂ ਦੌਰਾਨ ਖ਼ਤਰਨਾਕ ਖੇਡ ਖੇਡੀ ਜਾਂਦੀ ਹੈ। ਇਹ ਪੈਸਾ ਚੋਣਾਂ ਵਿੱਚ ਖਰਚਿਆ ਜਾਂਦਾ ਹੈ..  ਇਸ ਤੋਂ ਕੋਈ ਇਨਕਾਰ ਨਹੀਂ ਕਰਦਾ। ਮੇਰੀ ਪਾਰਟੀ ਵੀ ਖਰਚ ਕਰਦੀ ਹੈ.. ਸਾਰੀਆਂ ਪਾਰਟੀਆਂ ਅਤੇ ਸਾਰੇ ਉਮੀਦਵਾਰ ਖਰਚ ਕਰਦੇ ਹਨ, ਅਤੇ ਇਹ ਪੈਸਾ ਲੋਕਾਂ ਤੋਂ ਲਿਆ ਜਾਂਦਾ ਹੈ। ਮੈਂ ਕੋਸ਼ਿਸ਼ ਕਰਨੀ ਚਾਹੁੰਦਾ ਸੀ ਕਿ ਸਾਡੀਆਂ ਚੋਣਾਂ ਇਸ ਕਾਲੇ ਧਨ ਤੋਂ ਕਿਵੇਂ ਮੁਕਤ ਹੋ ਸਕਦੀਆਂ ਹਨ? ਦਾਨ ਦੇਣ ਵਾਲੇ ਲੋਕਾਂ ਲਈ ਪਾਰਦਰਸ਼ਤਾ ਕਿਵੇਂ ਬਣਾਈ ਜਾ ਸਕਦੀ ਹੈ? ਇਹ ਮੇਰੇ ਮਨ ਵਿੱਚ ਇੱਕ ਸ਼ੁੱਧ ਵਿਚਾਰ ਸੀ।’’
ਉਨ੍ਹਾਂ ਕਿਹਾ, ‘‘ਅਸੀਂ ਕੋਈ ਰਾਹ ਤਲਾਸ਼ ਰਹੇ ਸੀ। ਸਾਨੂੰ ਇੱਕ ਛੋਟਾ ਜਿਹਾ ਰਸਤਾ ਮਿਲਿਆ.. ਅਸੀਂ ਕਦੇ ਦਾਅਵਾ ਨਹੀਂ ਕੀਤਾ ਕਿ ਇਹ ਪੂਰੀ ਤਰ੍ਹਾਂ ਸਹੀ ਹੈ।’’ ਸ੍ਰੀ ਮੋਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਚੈਨਲ ’ਤੇ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਤਮਿਲ ਨਿਊਜ਼ ਚੈਨਲ ਨੂੰ ਕਿਹਾ ਸੀ, ‘‘ਕੋਈ ਸਿਸਟਮ ਸੰਪੂਰਨ ਨਹੀਂ ਹੁੰਦਾ... ਕਮੀਆਂ ਨੂੰ ਸੁਧਾਰਿਆ ਜਾ ਸਕਦਾ ਹੈ।’’ ਹਾਲਾਂਕਿ, ਉਨ੍ਹਾਂ ਏਐੱਨਆਈ ਨੂੰ ਕਿਹਾ ਕਿ ਚੋਣ ਬਾਂਡ ਰਾਹੀਂ 16 ਕੰਪਨੀਆਂ ਤੋਂ ਪ੍ਰਾਪਤ ਰਕਮ ਦਾ 63 ਫੀਸਦੀ ਹਿੱਸਾ ਭਾਜਪਾ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਨੂੰ ਗਿਆ ਹੈ। ਉਨ੍ਹਾਂ ਸਵਾਲ ਕੀਤਾ, ‘‘ਕੀ ਵਿਰੋਧੀ ਧਿਰ ਨੂੰ ਚੰਦਾ ਦੇਣ ਦਾ ਕੰਮ ਭਾਜਪਾ ਕਰੇਗੀ? 63 ਫੀਸਦੀ ਵਿਰੋਧੀਆਂ ਦੇ ਖਾਤੇ ਵਿੱਚ ਗਏ ਅਤੇ ਤੁਸੀਂ ਸਾਡੇ ’ਤੇ ਦੋਸ਼ ਲਗਾ ਰਹੇ ਹੋ?’’ ਉਨ੍ਹਾਂ ਕਿਹਾ, ‘‘ਇਹ ਹੈ ਚੋਣ ਬਾਂਡਾਂ ਦੀ ਸਫਲ ਕਹਾਣੀ। ਚੋਣ ਬਾਂਡ ਸੀ... ਇਸ ਲਈ ਤੁਹਾਨੂੰ (ਪੈਸੇ ਦਾ) ਪਤਾ ਚੱਲ ਰਿਹਾ ਹੈ ਕਿ ਕਿਸ ਕੰਪਨੀ ਨੇ ਕਿੰਨਾ, ਕਿੱਥੇ ਦਿੱਤਾ। ਕੀ ਇਹ ਚੰਗਾ ਸੀ ਜਾਂ ਮਾੜਾ ਇਹ ਬਹਿਸ ਦਾ ਮੁੱਦਾ ਹੋ ਸਕਦਾ ਹੈ।’’ ਉਨ੍ਹਾਂ ਕਾਂਗਰਸ ਪਾਰਟੀ ਦੇ 2024 ਲੋਕ ਸਭਾ ਚੋਣਾਂ ਦੇ ਮੈਨੀਫੈਸਟੋ ਨੂੰ ਮੁਸਲਿਮ ਲੀਗ ਦੀ ਛਾਪ ਕਰਾਰ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×