ਈਡੀ ਵੱਲੋਂ ਹਿਮਾਚਲ ਦੇ ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ
ਸ਼ਿਮਲਾ:
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਆਯੁਸ਼ਮਾਨ ਭਾਰਤ ਯੋਜਨਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿੱਚ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਆਰਐੱਸ ਬਾਲੀ ਦੇ ਟਿਕਾਣਿਆਂ, ਕੁਝ ਨਿੱਜੀ ਹਸਪਤਾਲਾਂ ਅਤੇ ਉਨ੍ਹਾਂ ਦੇ ਪ੍ਰੋਮੋਟਰਾਂ ’ਤੇ ਛਾਪੇ ਮਾਰੇ ਗਏ।
ਅੱਜ ਸਵੇਰ ਤੋਂ ਨਗਰੋਟਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਲੀ ਦੇ ਟਿਕਾਣਿਆਂ, ਕਾਂਗੜਾ ਵਿਚਲੇ ਫੋਰਟਿਸ ਹਸਪਤਾਲ (ਬਾਲੀ ਦੀ ਕੰਪਨੀ ਹਿਮਾਚਲ ਹੈਲਥਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਪ੍ਰੋਮੋਟਿਡ), ਕਾਂਗੜਾ ਵਿੱਚ ਬਾਲਾਜੀ ਹਸਪਤਾਲ ਅਤੇ ਇਸ ਦੇ ਪ੍ਰੋਮੋਟਰ ਰਾਜੇਸ਼ ਸ਼ਰਮਾ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ। ਬਾਲੀ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦਾ ਚੇਅਰਮੈਨ ਅਤੇ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਬੋਰਡ ਦਾ ਉਪ ਚੇਅਰਮੈਨ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਛੇ ਸੀਟਾਂ ’ਤੇ ਭਾਜਪਾ ਦੀ ਹੋਈ ਹਾਰ ਦੀ ਨਿਰਾਸ਼ਾ ਵਜੋਂ ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। -ਪੀਟੀਆਈ