ਈਡੀ ਵੱਲੋਂ ਮੇਰੇ ’ਤੇੇ ਛਾਪਾ ਮਾਰਨ ਦੀ ਤਿਆਰੀ, ਖੁੱਲ੍ਹੀਆਂ ਬਾਹਾਂ ਨਾਲ ਉਡੀਕ ਕਰ ਰਿਹਾਂ...ਚਾਹ-ਬਿਸਕੁਟ ਮੇਰੇ ਵੱਲੋਂ: ਰਾਹੁਲ ਗਾਂਧੀ
ਨਵੀਂ ਦਿੱਲੀ, 2 ਅਗਸਤ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸੰਸਦ ਵਿਚ ਦਿੱਤੀ ‘ਚੱਕਰਵਿਊ’ ਤਕਰੀਰ ਮਗਰੋਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉਨ੍ਹਾਂ ਖਿਲਾਫ਼ ਛਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ। ਗਾਂਧੀ ਨੇ ਕਿਹਾ ਕਿ ਉਹ ‘ਖੁੱਲ੍ਹੀਆਂ ਬਾਹਾਂ ਨਾਲ ਉਡੀਕ’ ਕਰ ਰਹੇ ਹਨ।
Apparently, 2 in 1 didn’t like my Chakravyuh speech. ED ‘insiders’ tell me a raid is being planned.
Waiting with open arms @dir_ed…..Chai and biscuits on me.
— Rahul Gandhi (@RahulGandhi) August 1, 2024
ਗਾਂਧੀ ਨੇ ਅੱਜ ਤੜਕੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸ਼ਾਇਦ, ਦੋ ਵਿਚੋਂ ਇਕ ਨੂੰ ਮੇਰੀ ਚੱਕਰਵਿਊ ਤਕਰੀਰ ਚੰਗੀ ਨਹੀਂ ਲੱਗੀ। ਈਡੀ ਵਿਚਲੇ ‘ਸੂਤਰਾਂ’ ਨੇ ਮੈਨੂੰ ਦੱਸਿਆ ਹੈ ਕਿ ਛਾਪੇ ਦੀ ਤਿਆਰੀ ਕੀਤੀ ਜਾ ਰਹੀ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਖੁੱਲ੍ਹੀਆਂ ਬਾਹਾਂ ਨਾਲ ਈਡੀ ਦੀ ਉਡੀਕ ਕਰ ਰਿਹਾ ਹਾਂ...ਚਾਹ ਤੇ ਬਿਸਕੁਟ ਮੇਰੇ ਵੱਲੋਂ।’’ ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚੱਲ ਰਹੀ ਬਹਿਸ ਦੌਰਾਨ ਕਿਹਾ ਸੀ ਕਿ ਡਰ ਦਾ ਮਾਹੌਲ ਬਣਾ ਕੇ ਛੇ ਜਣਿਆਂ ਦੇ ਧੜੇ ਨੇ ਅਭਿਮੰਨਿਊ ਵਾਂਗ ਪੂਰੇ ਹਿੰਦੂਸਤਾਨ ਨੂੰ ‘ਚੱਕਰਵਿਊ’ ਵਿਚ ਫਸਾਇਆ ਹੋਇਆ ਹੈ ਤੇ ਇੰਡੀਆ ਗੱਠਜੋੜ ਇਸ ‘ਚੱਕਰਵਿਊ’ ਨੂੰ ਤੋੜ ਦੇਵੇਗਾ। -ਪੀਟੀਆਈ