ED arrests sacked Punjab cop: ਪੰਜਾਬ ਪੁਲੀਸ ਦਾ ਬਰਤਰਫ਼ ਇੰਸਪੈਕਟਰ ਈਡੀ ਵੱਲੋਂ ਗ੍ਰਿਫ਼ਤਾਰ
ਦੀਪਕਮਲ ਕੌਰ
ਜਲੰਧਰ, 30 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਪੁਲੀਸ ਦੇ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ ਗ੍ਰਿਫ਼੍ਰਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਭਾਵੇਂ ਬੀਤੀ 24 ਅਕਤੂਬਰ ਨੂੰ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਬੁੱਧਵਾਰ ਨੂੰ ਹੀ ਸਾਂਝੀ ਕੀਤੀ ਹੈ।
ਜਾਣਕਾਰੀ ਮੁਤਾਬਕ ਮੁਹਾਲੀ ਸਥਿਤ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਇੰਦਰਜੀਤ ਨੂੰ ਉਸੇ ਦਿਨ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਸੀ। ਈਡੀ ਨੇ ਇੰਦਰਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ, ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਅਸਲਾ ਐਕਟ 1959 ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਆਧਾਰ ਉਤੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ।
ਇੰਦਰਜੀਤ ਸਿੰਘ ਬੜਾ ਲੰਬਾ ਸਮਾਂ ਜਲੰਧਰ ਤੇ ਕਪੂਰਥਲਾ ਦੇ ਸੀਆਈਏ ਥਾਣਿਆਂ ਵਿਚ ਤਾਇਨਾਤ ਰਿਹਾ ਹੈ। ਉਸ ਨੂੰ ਐੱਸਟੀਐੱਫ ਨੇ ਜੂਨ 2017 ਵਿਚ ਉਸ ਕੋਲੋਂ 4 ਕਿਲੋ ਹੈਰੋਇਨ ਅਤੇ ਇਕ ਏਕੇ-47 ਰਾਈਫਲ ਬਰਾਮਦ ਹੋਣ ਪਿੱਛੋਂ ਗ੍ਰਿਫ਼ਤਾਰ ਕੀਤਾ ਸੀ।
ਈਡੀ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਈ ਤਰ੍ਹਾਂ ਦੀਆਂ ਨਾਪਾਕ ਤੇ ਗ਼ੈਰਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸੀ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ। ਉਹ ਨਸ਼ੇ ਦੇ ਸਮਗਲਰਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕਰ ਕੇ ਉਨ੍ਹਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕਰਨ ਪਿੱਛੋਂ ਉਨ੍ਹਾਂ ਨੂੰ ਜ਼ਮਾਨਤ ਉਤੇ ਰਿਹਾਅ ਕਰਾਉਣ ਲਈ ਸੌਦੇਬਾਜ਼ੀ ਕਰ ਕੇ ਉਨ੍ਹਾਂ ਤੋਂ ਭਾਰੀ ਰਿਸ਼ਵਤਾਂ ਵਸੂਲਦਾ ਸੀ। ਉਹ ਇਨ੍ਹਾਂ ਤਸਕਰਾਂ ਦੇ ਪਰਿਵਾਰਾਂ ਤੋਂ ਵੀ ਕਈ ਤਰੀਕਿਆਂ ਨਾਲ ਜਬਰੀ ਵਸੂਲੀਆਂ ਕਰਦਾ ਸੀ।
ਉਸ ਨੇ ਸਮਗਲਰ ਗੁਰਜੀਤ ਸਿੰਘ (ਹੁਣ ਮ੍ਰਿਤਕ) ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 13 ਕਿਲੋ ਹੈਰੋਇਨ, 60 ਲੱਖ ਰੁਪਏ ਦੀ ਨਕਦੀ ਅਤੇ 19-20 ਤੋਲੇ ਸੋਨਾ ਬਰਾਮਦ ਕੀਤਾ ਸੀ। ਹਾਲਾਂਕਿ ਇਸ 'ਚੋਂ ਉਸ ਨੇ ਸਿਰਫ 36 ਲੱਖ ਰੁਪਏ ਦੀ ਬਰਾਮਦਗੀ ਹੀ ਦਿਖਾਈ ਸੀ ਅਤੇ ਬਾਕੀ 24 ਲੱਖ ਰੁਪਏ ਤੇ ਸੋਨਾ ਖ਼ੁਦ ਹੜੱਪ ਲਿਆ ਸੀ।
ਇਸ ਤੋਂ ਬਾਅਦ ਉਸ ਨੇ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਕਥਿਤ ਤੌਰ 'ਤੇ 39 ਲੱਖ ਰੁਪਏ ਹੜੱਪ ਲਏ। ਉਸ ਨੇ ਗੁਰਜੀਤ 'ਤੇ ਉਸਦੀ ਪਤਨੀ ਅਤੇ ਪਿਤਾ ਨੂੰ ਨਸ਼ੇ ਦੇ ਕੇਸ ਵਿੱਚ ਨਾ ਫਸਾਉਣ ਲਈ ਉਨ੍ਹਾਂ ਦਾ ਮਕਾਨ ਆਪਣੇ ਨਾਂ 'ਤੇ ਤਬਦੀਲ ਕਰਨ ਲਈ ਵੀ ਦਬਾਅ ਪਾਇਆ। ਬਾਅਦ ਵਿੱਚ ਉਸ ਨੇ ਮਕਾਨ ਨੰਬਰ 4, ਮੈਕਸ ਕਲੋਨੀ, ਛੇਹਰਟਾ, ਅੰਮ੍ਰਿਤਸਰ ਦੀ ਮਲਕੀਅਤ ਆਪਣੇ ਸਾਥੀ ਦੇ ਨਾਂ ’ਤੇ ਤਬਦੀਲ ਕਰਵਾ ਲਈ। ਈਡੀ ਇਸ ਮਾਮਲੇ 'ਚ ਮਕਾਨ ਅਤੇ 32.42 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਪਹਿਲਾਂ ਹੀ ਕੁਰਕ ਕਰ ਚੁੱਕੀ ਹੈ।
ਇੰਦਰਜੀਤ ਸਿੰਘ ਕੋਲੋਂ ਕਥਿਤ ਤੌਰ 'ਤੇ 3 ਕਿਲੋ ਸਮੈਕ, 16.5 ਲੱਖ ਰੁਪਏ ਨਕਦ, 3550 ਪੌਂਡ, ਇੱਕ ਟੋਇਟਾ ਇਨੋਵਾ ਕਾਰ ਅਤੇ ਇੱਕ ਮਹਿੰਦਰਾ ਸਕਾਰਪੀਓ ਕਾਰ ਵੀ ਐੱਸਟੀਐੱਫ, ਪੰਜਾਬ ਪੁਲੀਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਬਰਾਮਦ ਹੋਈ ਹੈ।