‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਈਕੋ ਮੇਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਸਤੰਬਰ
ਨਗਰ ਨਿਗਮ ਲੁਧਿਆਣਾ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਈਕੋ-ਮੇਲਾ ਸਥਾਨਕ ਨਹਿਰੂ ਰੋਜ਼ ਗਾਰਡਨ ਵਿੱਚ ਲਾਇਆ ਗਿਆ। ਇਸ ਮੌਕੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਵੱਲੋਂ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਤੇ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਈਓ ਗਲਾਡਾ ਅੰਕੁਰ ਮਹਿੰਦਰੂ ਅਤੇ ਨਗਰ ਨਿਗਮ ਸਹਾਇਕ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ (ਜ਼ੋਨ ਡੀ) ਜਸਦੇਵ ਸਿੰਘ ਸੇਖੋਂ ਨੇ ਸ਼ਮੂਲੀਅਤ ਕੀਤੀ। ‘ਵੇਸਟ ਟੂ ਆਰਟ’ ਸਟਾਲ ਵੀ ਲਾਏ ਗਏ ਤਾਂ ਜੋ ਕੂੜੇ ਦੀ ਦੁਬਾਰਾ ਵਰਤੋਂ ਲਈ ਵੱਖ-ਵੱਖ ਤਕਨੀਕਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਗਿੱਲੇ ਘਰੇਲੂ ਕੂੜੇ ਨੂੰ ਘਰੇਲੂ ਖਾਦ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਸਟਾਲ ਵੀ ਲਾਏ ਗਏ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜੀਤ ਫਾਊਂਡੇਸ਼ਨ, ਹੈਲਪਿੰਗ ਹੈਂਡਜ਼ ਕਲੱਬ, ਕ੍ਰਿਏਟਿਵ ਐਂਟਰਪ੍ਰਾਈਜਿਜ਼, ਨੇਚਰਜ਼ ਫਰੈਂਡ, ਗਣੇਸ਼ ਹਰਬਲਜ਼, ਰੋਟਰੈਕਟ ਕਲੱਬ ਲੁਧਿਆਣਾ, ਭਾਈ ਘਨ੍ਹੱਈਆ ਜੀ ਸੈਲਫ ਹੈਲਪ ਗਰੁੱਪ ਸਮੇਤ ਹੋਰਨਾਂ ਨੇ ਆਪਣੇ ਸਟਾਲ ਲਾਏ। ਅਸ਼ਕੇ ਡਾਂਸ ਅਕੈਡਮੀ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸਵੱਛਤਾ ਅਤੇ ਕੂੜੇ ਦੇ ਪ੍ਰਬੰਧਨ ਬਾਰੇ ਨਿਵਾਸੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਨੁੱਕੜ ਨਾਟਕ’ ਪੇਸ਼ ਕੀਤਾ। ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਨਗਰ ਨਿਗਮ ਲੁਧਿਆਣਾ ਦੇ ਦੋ ਦਰਜਨ ਦੇ ਕਰੀਬ ਸਫ਼ਾਈ ਕਰਮਚਾਰੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।