ਪੂਰਬੀ ਲੱਦਾਖ: ਭਾਰਤ ਅਤੇ ਚੀਨ ਐੱਲਏਸੀ ’ਤੇ ਗਸ਼ਤ ਬਾਰੇ ਸਹਿਮਤ
ਨਵੀਂ ਦਿੱਲੀ, 21 ਅਕਤੂਬਰ
ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸਸੀ) ਦੇ ਨਾਲ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਬਣੇ ਜਮੂਦ ਦਰਮਿਆਨ ਭਾਰਤ ਨੇ ਅੱਜ ਐਲਾਨ ਕੀਤਾ ਕਿ ਐੱਲਏਸੀ ਉੱਤੇ ਟਕਰਾਅ ਵਾਲੇ ਬਾਕੀ ਖੇਤਰਾਂ ਵਿਚ ਪੈਟਰੋਲਿੰਗ (ਸੁਰੱਖਿਆ ਬਲਾਂ ਦੀ ਗਸ਼ਤ) ਨੂੰ ਲੈ ਕੇ ਚੀਨ ਨਾਲ ਸਹਿਮਤੀ ਬਣ ਗਈ ਹੈ। ਮਸਲੇ ਦੇ ਹੱਲ ਲਈ ਦੋਵਾਂ ਧਿਰਾਂ ਦਰਮਿਆਨ ਪਿਛਲੇ ਕੁਝ ਹਫ਼ਤਿਆਂ ਤੋਂ ਗੱਲਬਾਤ ਦਾ ਲੜੀਵਾਰ ਅਮਲ ਜਾਰੀ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ਼ਾਰਾ ਕੀਤਾ ਕਿ ਇਸ ਸਹਿਮਤੀ ਨਾਲ ਜਿੱਥੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਟਕਰਾਅ ਘਟੇਗਾ, ਉਥੇ 2020 ਮਗਰੋਂ ਉੱਠੇ ਮਸਲਿਆਂ ਦਾ ਹੱਲ ਵੀ ਨਿਕਲੇਗਾ। ਮੰਨਿਆ ਜਾਂਦਾ ਹੈ ਕਿ ਇਹ ਸਹਿਮਤੀ ਮੁੱਖ ਤੌਰ ’ਤੇ ਡੈਪਸਾਂਗ ਤੇ ਡੈਮਚੋਕ ਇਲਾਕਿਆਂ ਵਿਚ ਗਸ਼ਤ ਬਾਰੇ ਹੈ।
ਵਿਦੇਸ਼ ਸਕੱਤਰ ਨੇ ਪੱਤਰਕਾਰਾਂ ਨਾਲ ਸੰਖੇਪ ਮਿਲਣੀ ਦੌਰਾਨ ਕਿਹਾ, ‘‘ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤ ਤੇ ਚੀਨ ਦੇ ਡਿਪਲੋਮੈਟ ਤੇ ਫੌਜੀ ਅਧਿਕਾਰੀ ਵੱਖ ਵੱਖ ਮੰਚਾਂ ਉੱਤੇ ਇਕ ਦੂਜੇ ਦੇ ਸੰਪਰਕ ’ਚ ਹਨ। ਦੋਵਾਂ ਧਿਰਾਂ ਵਿਚਾਲੇ ਹੋਈ ਵਿਚਾਰ ਚਰਚਾ ਦੇ ਸਿੱਟੇ ਵਜੋਂ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਪੈਟਰੋਲਿੰਗ ਪ੍ਰਬੰਧਾਂ ਨੂੰ ਲੈ ਕੇ ਦੋਵਾਂ ਧਿਰਾਂ ’ਚ ਸਹਿਮਤੀ ਬਣੀ ਹੈ। ਇਸ ਸਹਿਮਤੀ ਨਾਲ ਦੋਵਾਂ ਮੁਲਕਾਂ ਦੇ ਸੁਰੱਖਿਆ ਬਲਾਂ ’ਚ ਟਕਰਾਅ ਘਟੇਗਾ ਤੇ ਉਨ੍ਹਾਂ ਮਸਲਿਆਂ ਦਾ ਹੱਲ ਨਿਕਲੇਗਾ, ਜੋ ਇਨ੍ਹਾਂ ਖੇਤਰਾਂ ਵਿਚ 2020 ਤੋਂ ਉਭਰੇ ਹਨ।’’ ਮਿਸਰੀ ਨੇ ਕਿਹਾ, ‘‘ਅਸੀਂ ਇਸ ਨੂੰ ਲੈ ਕੇ ਅਗਲਾ ਕਦਮ ਪੁੱਟਣ ਜਾ ਰਹੇ ਹਾਂ।’’ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ਵਿਚ ਐੱਲਏਸੀ ਦੇ ਨਾਲ ਮਈ 2020 ਤੋਂ ਤਣਾਅ ਬਣਿਆ ਹੋਇਆ ਹੈ ਤੇ ਸੁਰੱਖਿਆ ਬਲਾਂ ਦੀ ਗਸ਼ਤ ਨੂੰ ਲੈ ਕੇ ਦੋਵਾਂ ਧਿਰਾਂ ਨੇ ਟਕਰਾਅ ਵਾਲੇ ਕਈ ਖੇਤਰਾਂ ’ਚੋਂ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਇਆ ਹੈ।ਜੂਨ 2020 ਵਿਚ ਗਲਵਾਨ ਵਾਦੀ ’ਚ ਹਿੰਸਕ ਝੜਪ ਦੌਰਾਨ ਦੋਵੇਂ ਪਾਸੇ ਹੋਏ ਜਾਨੀ ਨੁਕਸਾਨ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤੇ ਵਿਗੜ ਗਏ ਸਨ। -ਪੀਟੀਆਈ
2020 ਤੋਂ ਪਹਿਲਾਂ ਵਾਲੀ ਗਸ਼ਤ ਦੀ ਸਥਿਤੀ ਬਹਾਲ ਹੋਵੇਗੀ: ਜੈਸ਼ੰਕਰ
ਨਵੀਂ ਦਿੱਲੀ:
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਬਣੀ ਸਹਿਮਤੀ ਮਗਰੋਂ ਪੂਰਬੀ ਲੱਦਾਖ ਵਿਚ ਐੱਲਏਸੀ ਨਾਲ ਪੈਟਰੋਲਿੰਗ ਪੁਆਇੰਟਾਂ ਉੱਤੇ 2020 ਤੋਂ ਪਹਿਲਾਂ ਵਾਲੀ ਗਸ਼ਤ ਦੀ ਸਥਿਤੀ ਬਹਾਲ ਹੋਵੇਗੀ। ਦੋਵਾਂ ਧਿਰਾਂ ਦੇ ਰੁਖ਼ ਵਿਚ ਇਹ ਨਰਮੀ ਅਜਿਹੇ ਮੌਕੇ ਆਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕ ਤੋਂ ਰੂਸ ਦੇ ਸ਼ਹਿਰ ਕਜ਼ਾਨ ਵਿਚ ਸ਼ੁਰੂ ਹੋ ਰਹੇ ਬਰਿੱਕਸ ਸਿਖਰ ਸੰਮੇਲਨ ਤੋਂ ਇਕਪਾਸੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਵੱਲੋਂ 2020 ’ਚ ਕੀਤੀਆਂ ਟਿੱਪਣੀਆਂ ਨੇ ‘ਸਾਨੂੰ ਬੇਹੱਦ ਕਮਜ਼ੋਰ ਕੀਤਾ: ਕਾਂਗਰਸ
ਨਵੀਂ ਦਿੱਲੀ:
ਪੂਰਬੀ ਲੱਦਾਖ ਵਿਚ ਐੱਲਏਸੀ ਦੇ ਨਾਲ ਗਸ਼ਤ ਨੂੰ ਲੈ ਕੇ ਚੀਨ ਨਾਲ ਸਹਿਮਤੀ ਬਣਨ ਦੇ ਸਰਕਾਰ ਦੇ ਦਾਅਵਿਆਂ ਦਰਮਿਆਨ ਕਾਂਗਰਸ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਸਰਹੱਦੀ ਹਾਲਾਤ ਬਾਰੇ ਸੰਸਦ ਵਿਚ ਵਿਚਾਰ ਚਰਚਾ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ। ਕਾਂਗਰਸ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2020 ਵਿਚ ਕੀਤੀਆਂ ਟਿੱਪਣੀਆਂ ਨੇ ‘ਸਾਨੂੰ (ਦੇਸ਼) ਬੇਹੱਦ ਕਮਜ਼ੋਰ ਕੀਤਾ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਸਾਨੂੰ ਭਾਰਤ ਤੇ ਚੀਨ ਦਰਮਿਆਨ ਬਣੀ ਸਹਿਮਤੀ ਦੇ ਮੁਕੰਮਲ ਵੇਰਵਿਆਂ ਦੀ ਉਡੀਕ ਹੈ, ਇਥੇ ਇਹ ਯਾਦ ਕਰਵਾਉਣਾ ਵਾਜਬ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਇਕ ਵਾਰ ਵੀ ਸੰਸਦ ਵਿਚ ਸਰਹੱਦੀ ਹਾਲਾਤ ਬਾਰੇ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੀ ਦੇਸ਼ ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਵੱਲੋਂ 19 ਜੂਨ 2020 ਵਿਚ ਕੀਤੀਆਂ ਟਿੱਪਣੀਆਂ ਨੂੰ ਭੁੱਲ ਸਕਦਾ ਹੈ, ਜਿਸ ਨੇ ਸਾਨੂੰ ਬੇਹੱਦ ਕਮਜ਼ੋਰ ਕੀਤਾ।’’ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨੇ ਉਦੋਂ ਚੀਨ ਵੱਲੋਂ ਸਰਹੱਦ ’ਤੇ ਕੀਤੀ ਉਲੰਘਣਾ ਨੂੰ ‘ਕਲੀਨ ਚਿੱਟ’ ਦਿੱਤੀ ਸੀ।