ਪਰਵਾਸੀ ਭਾਰਤੀਆਂ ਦੀ ਕਮਾਈ
ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵਸਦੇ ਭਾਰਤੀਆਂ ਵੱਲੋਂ ਕਮਾਈ ਕਰ ਕੇ ਦੇਸ਼ ਵਿੱਚ ਆਪਣੇ ਪਰਿਵਾਰਾਂ ਅਤੇ ਵਾਰਸਾਂ ਲਈ ਧਨ ਭੇਜਿਆ ਜਾਂਦਾ ਹੈ ਅਤੇ ਇਸ ਮਾਮਲੇ ਵਿੱਚ ਭਾਰਤ ਨੂੰ ਕਿਸੇ ਵੀ ਦੇਸ਼ ਦੇ ਮੁਕਾਬਲੇ ਜਿ਼ਆਦਾ ਧਨ ਪ੍ਰਾਪਤ ਹੁੰਦਾ ਹੈ। ਸਾਲ 2022 ਵਿੱਚ ਪਰਵਾਸੀ ਭਾਰਤੀਆਂ ਨੇ 111 ਅਰਬ ਡਾਲਰ ਦੀ ਕਮਾਈ ਆਪਣੇ ਦੇਸ਼ ਭੇਜੀ ਸੀ। ਇਹ ਅੰਕੜਾ ਦਰਸਾਉਂਦਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰਦੇ ਅਤੇ ਵਸਦੇ ਪਰਵਾਸੀ ਭਾਰਤੀਆਂ ਦਾ ਸਾਡੇ ਆਪਣੇ ਅਰਥਚਾਰੇ ਵਿੱਚ ਕਿੱਡਾ ਵੱਡਾ ਯੋਗਦਾਨ ਹੈ। ਪਰਵਾਸੀਆਂ ਬਾਰੇ ਕੌਮਾਂਤਰੀ ਸੰਗਠਨ ਦੀ ਸਾਲ 2024 ਦੀ ਆਲਮੀ ਪਰਵਾਸ ਰਿਪੋਰਟ ਵਿੱਚ ਭਾਰਤ, ਮੈਕਸਿਕੋ, ਚੀਨ, ਫਿਲਪੀਨਜ਼ ਅਤੇ ਫਰਾਂਸ ਜਿਹੇ ਦੇਸ਼ਾਂ ’ਤੇ ਝਾਤ ਪਵਾਈ ਗਈ ਹੈ ਜਿਨ੍ਹਾਂ ਦੇ ਪਰਵਾਸੀ ਸਭ ਤੋਂ ਵੱਧ ਧਨ ਕਮਾ ਕੇ ਆਪਣੇ ਮੂਲ ਦੇਸ਼ ਵਿੱਚ ਭੇਜਦੇ ਹਨ। ਇਸ ਮਾਮਲੇ ਵਿੱਚ ਭਾਰਤ ਦੀ ਸਥਿਤੀ ਵਿੱਚ ਬਿਹਤਰੀ ਹੁੰਦੀ ਰਹੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਪਰਵਾਸੀ ਭਾਰਤੀਆਂ ਦੀ ਆਪਣੀ ਸਰਜ਼ਮੀਨ ਨਾਲ ਸਾਂਝ ਲਗਾਤਾਰ ਬਣੀ ਹੋਈ ਹੈ।
ਇਸ ਪ੍ਰਾਪਤੀ ਦਾ ਜਸ਼ਨ ਮਨਾਉਂਦੇ ਹੋਏ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰਵਾਸੀ ਭਾਰਤੀਆਂ ਨੂੰ ਦਰਪੇਸ਼ ਚੁਣੌਤੀਆਂ ਵੱਲ ਵੀ ਢੁਕਵਾਂ ਧਿਆਨ ਦੇਈਏ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਹ ਗੱਲ ਆਖੀ ਗਈ ਹੈ ਕਿ ਪਰਵਾਸੀਆਂ ਨੂੰ ਵਿੱਤੀ ਸੋਸ਼ਣ, ਪਰਵਾਸ ਦੀਆਂ ਲਾਗਤਾਂ ਵਧਣ ਕਰ ਕੇ ਕਰਜ਼ੇ ਦੀ ਸਮੱਸਿਆ, ਬੇਗਾਨਗੀ ਦੀ ਭਾਵਨਾ ਅਤੇ ਕੰਮ-ਕਾਜ ਦੀਆਂ ਥਾਵਾਂ ’ਤੇ ਮਾੜੇ ਵਿਹਾਰ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲਫ਼ ਕੋਆਪਰੇਸ਼ਨ ਕੌਂਸਲ ਦੇ ਮੈਂਬਰ ਦੇਸ਼ਾਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪਰਵਾਸੀ ਭਾਰਤੀ ਕੰਮ ਕਰਦੇ ਹਨ ਅਤੇ ਰਹਿੰਦੇ ਹਨ, ਉੱਥੇ ਉਨ੍ਹਾਂ ਦੇ ਅਧਿਕਾਰਾਂ ਦੀਆਂ ਉਲੰਘਣਾ ਹੋਣ ਦੀਆਂ ਰਿਪੋਰਟਾਂ ਆਉਂਦੀਆਂ ਹਨ। ਕੋਵਿਡ-19 ਦੀ ਮਹਾਮਾਰੀ ਨੇ ਪਰਵਾਸੀ ਕਾਮਿਆਂ ਦੀਆਂ ਹਾਲਤਾਂ ਹੋਰ ਵੀ ਅਣਸੁਖਾਵੀਆਂ ਬਣਾ ਦਿੱਤੀਆਂ ਹਨ ਖ਼ਾਸ ਕਰ ਕੇ ਘੱਟ ਹੁਨਰਮੰਦ ਅਤੇ ਗ਼ੈਰ-ਰਸਮੀ ਖੇਤਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ। ਨੌਕਰੀਆਂ ਖੁੱਸਣ, ਤਨਖਾਹ ਦੀ ਰਕਮ ਚੋਰੀ ਹੋਣ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਕਰ ਕੇ ਬਹੁਤ ਸਾਰੇ ਪਰਵਾਸੀ ਕਾਮੇ ਡੂੰਘੀ ਅਸੁਰੱਖਿਆ ਦੇ ਮਾਹੌਲ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਕਰਜ਼ੇ ਦਾ ਬੋਝ ਵਧ ਜਾਂਦਾ ਹੈ ਜਿਸ ਕਰ ਕੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪਰਵਾਸ ਦੇ ਪੈਟਰਨ ਤਬਦੀਲ ਹੋ ਰਹੇ ਹਨ; ਖ਼ਾਸ ਤੌਰ ’ਤੇ ਪੁਰਸ਼ਾਂ ’ਚ ਪੁੱਠੇ ਅੰਦਰੂਨੀ ਪਰਵਾਸ ਨੇ ਕਿਰਤ ਪ੍ਰਣਾਲੀ ’ਚ ਵੱਡੀ ਤਬਦੀਲੀ ਦਾ ਸੰਕੇਤ ਦਿੱਤਾ ਹੈ ਜਿਸ ਦਾ ਅਸਰ ਪਰਵਾਸੀ ਕਾਮਿਆਂ ’ਤੇ ਨਿਰਭਰ ਉਦਯੋਗਾਂ ਉੱਤੇ ਪੈ ਰਿਹਾ ਹੈ।
ਇਸ ਰਿਪੋਰਟ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਤੀਸ਼ੀਲਤਾ ਦੇ ਰੁਝਾਨ ਦਾ ਵੀ ਖੁਲਾਸਾ ਹੋਇਆ ਹੈ ਅਤੇ ਚੀਨ ਤੇ ਭਾਰਤ ਇਸ ਮਾਮਲੇ ’ਚ ਪ੍ਰਮੁੱਖ ਮੁਲਕਾਂ ਵਜੋਂ ਉੱਭਰੇ ਹਨ। ਅਨਿਯਮਿਤ ਪਰਵਾਸ ਵੱਲੋਂ ਖੜ੍ਹੀਆਂ ਕੀਤੀਆਂ ਚੁਣੌਤੀਆਂ ਦੇ ਬਾਵਜੂਦ ਮਹਿਲਾ ਪਰਵਾਸੀਆਂ ’ਚ ਭਾਰਤ ਦਾ ਵੱਡਾ ਹਿੱਸਾ ਪਰਵਾਸ ਦੇ ਰੁਝਾਨਾਂ ਦੀ ਵੰਨ-ਸਵੰਨਤਾ ਨੂੰ ਦਰਸਾਉਂਦਾ ਹੈ। ਪਰਵਾਸ ਦੇ ਬਦਲਦੇ ਰੁਝਾਨਾਂ ਨੇ ਲੋੜ ਪੈਦਾ ਕੀਤੀ ਹੈ ਕਿ ਪਰਵਾਸੀਆਂ ਦੇ ਹੱਕਾਂ ਤੇ ਭਲਾਈ ਲਈ ਸਾਂਝੇ ਯਤਨ ਕੀਤੇ ਜਾਣ। ਟਿਕਾਊ ਵਿਕਾਸ ਤੇ ਸਮੁੱਚੀ ਖੁਸ਼ਹਾਲੀ ਲਈ ਕੰਮਕਾਜੀ ਥਾਵਾਂ ਉੱਤੇ ਸ਼ੋਸ਼ਣ, ਸਮਾਜਿਕ ਸੁਰੱਖਿਆ ਤੇ ਸੁਰੱਖਿਅਤ ਅਤੇ ਤਰਕਸੰਗਤ ਪਰਵਾਸ ਜਿਹੇ ਢਾਂਚਾਗਤ ਮੁੱਦਿਆਂ ਦੇ ਹੱਲ ’ਤੇ ਧਿਆਨ ਦੇਣ ਦੀ ਲੋੜ ਹੈ।