ਤਿਹਾੜ ਦੇ ਸ਼ੁਰੂਆਤੀ ਦਿਨ ਮੁਸ਼ਕਲ ਭਰੇ ਰਹੇ: ਸੰਜੈ ਸਿੰਘ
ਨਵੀਂ ਦਿੱਲੀ, 6 ਅਪਰੈਲ
‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਤਿਹਾੜ ਜੇਲ੍ਹ ’ਚ ਗੁਜ਼ਾਰੇ ਛੇ ਮਹੀਨਿਆਂ ਦੌਰਾਨ ਉਹ ‘ਦ੍ਰਿੜ੍ਹ ਅਤੇ ਦਲੇਰ’ ਰਹੇ। ਉਨ੍ਹਾਂ ਵਰਚੁਅਲੀ ਗੱਲਬਾਤ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਆਖ ਦਿੱਤਾ ਸੀ ਕਿ ਉਹ ਹੰਝੂ ਨਾ ਵਹਾਉਣ। ਰਾਜ ਸਭਾ ਮੈਂਬਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜ਼ਮਾਨਤ ਦਿੱਤੀ ਹੈ ਅਤੇ ਉਹ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆਏ ਸਨ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਸੰਜੈ ਸਿੰਘ ਨੇ ਕਿਹਾ,‘‘ਜੇਲ੍ਹ ਦੇ ਸ਼ੁਰੂਆਤੀ 11 ਦਿਨ ਬਹੁਤ ਮੁਸ਼ਕਲ ਸਨ। ਮੈਨੂੰ ਛੋਟੇ ਜਿਹੇ ਸੈੱਲ ’ਚ ਬੰਦ ਕੀਤਾ ਗਿਆ ਸੀ ਅਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ। ਮੈਂ ਪੁਲੀਸ ਸੁਰੱਖਿਆ ਹੇਠ ਸੀ। ਮੈਂ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਆਮ ਕੈਦੀਆਂ ਵਾਲੇ ਹੱਕ ਦਿੱਤੇ ਜਾਣ।’’ ਇਸ ਮਗਰੋਂ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਹੇਠ ਨਿਰਧਾਰਿਤ ਸਮੇਂ ’ਤੇ ਬਾਹਰ ਜਾਣ ਦੀ ਇਜਾਜ਼ਤ ਮਿਲੀ। ‘ਆਪ’ ਦੇ ਸੀਨੀਅਰ ਆਗੂ ਨੇ ਕਿਹਾ ਕਿ ਉਹ ਜੇਲ੍ਹ ਦੌਰਾਨ ਕਿਤਾਬਾਂ ਪੜ੍ਹਦੇ ਸਨ। ‘ਮੈਂ ਛੇ ਮਹੀਨਿਆਂ ’ਚ ਨੈਲਸਨ ਮੰਡੇਲਾ, ਮਹਾਤਮਾ ਗਾਂਧੀ, ਡਾਕਟਰ ਰਾਮ ਮਨੋਹਰ ਲੋਹੀਆ ਅਤੇ ਭਗਤ ਸਿੰਘ ਨੂੰ ਪੜ੍ਹਿਆ। ਮੈਂ ਛੇ ਮਹੀਨਿਆਂ ’ਚ ਇੰਨਾ ਪੜ੍ਹਿਆ ਜਿਨ੍ਹਾਂ ਮੈਂ ਛੇ ਸਾਲਾਂ ’ਚ ਨਹੀਂ ਪੜ੍ਹ ਸਕਿਆ ਸੀ।’ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ, ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਛੇਤੀ ਹੀ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਠੀਕ ਨਹੀਂ ਹੈ। ‘ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਿੱਤ ਪ੍ਰਤੀ ਆਸਵੰਦ ਹੁੰਦੇ ਤਾਂ ਫਿਰ ਉਨ੍ਹਾਂ ਕਾਂਗਰਸ ਦੇ ਖ਼ਾਤੇ ਜਾਮ ਨਹੀਂ ਕਰਨੇ ਸਨ ਅਤੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਸੀ ਪਰ ਉਹ ਡਰੇ ਹੋਏ ਹਨ ਕਿਉਂਕਿ ਭਾਜਪਾ ਚੋਣਾਂ ਹਾਰ ਰਹੀ ਹੈ। ਲੋਕ ਕੇਜਰੀਵਾਲ ਨਾਲ ਹਮਦਰਦੀ ਜਤਾ ਰਹੇ ਹਨ।’ ਲੋਕ ਸਭਾ ਚੋਣਾਂ ’ਚ ਪ੍ਰਚਾਰ ਬਾਰੇ ਸੰਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਜੀਅ-ਜਾਨ ਨਾਲ ਨਿਭਾਉਣਗੇ। -ਪੀਟੀਆਈ
ਤਿਹਾੜ ’ਚ ਵੀਵੀਆਈਪੀ ਕੈਦੀਆਂ ਨੂੰ ਬਹੁਤ ਸਾਵਧਾਨੀ ਨਾਲ ਰੱਖਣਾ ਪੈਂਦੈ: ਨੀਰਜ ਕੁਮਾਰ
ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਲਈ ਵੀਵੀਆਈਪੀ ਕੈਦੀ ‘ਵੱਡੀ ਸਮੱਸਿਆ’ ਹਨ। ਕੈਦੀਆਂ ਵਿੱਚ ‘ਬਲੇਡਬਾਜ਼ੀ’ ਅਤੇ ਹੋਰ ਹਮਲਿਆਂ ਦੀ ਸੰਭਾਵਨਾ ਕਾਰਨ ਉਨ੍ਹਾਂ ਨੂੰ ਬਹੁਤ ਸਾਵਧਾਨੀ ਰੱਖਣੀ ਪੈਂਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਕੈਬਨਿਟ ਮੰਤਰੀ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਸਮੇਤ ਕਈ ਹੋਈ ਵੀਵੀਆਈਪੀ ਸ਼ਖਸੀਅਤਾਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਕੁਮਾਰ ਨੇ ਡਾਇਰੈਕਟਰ ਜਨਰਲ (ਜੇਲ੍ਹਾਂ) ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੱਸਿਆ, “ਆਪਣੇ ਕਾਰਜਕਾਲ ਦੌਰਾਨ ਮੈਨੂੰ ਕਈ ਵੀਵੀਆਈਪੀਜ਼ ਦੀ ਸੰਭਾਲ ਕਰਨ ਦਾ ਮੌਕਾ ਮਿਲਿਆ। ਹੁਣ ਕੇਜਰੀਵਾਲ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਕਿਸੇ ਬੈਰੇਕ ਜਾਂ ਕਿਸੇ ਸੈੱਲ ’ਚ ਨਹੀਂ ਸਗੋਂ ਸੁਰੱਖਿਆ ਪਹਿਲੂ ਨੂੰ ਧਿਆਨ ’ਚ ਰੱਖ ਕੇ ਚੁਣੀ ਗਈ ਜਗ੍ਹਾ ’ਤੇ ਰੱਖਿਆ ਜਾਵੇਗਾ।’’ ਕੁਮਾਰ ਨੇ ਕਿਹਾ ਕਿ ਬਲੇਡਬਾਜ਼ੀ ਵਰਗੀਆਂ ਘਟਨਾਵਾਂ ਕਦੇ ਵੀ ਵਾਪਰ ਸਕਦੀਆਂ ਹਨ। ਜੇ ਸਾਵਧਾਨੀ ਨਹੀਂ ਰੱਖੀ ਗਈ ਤਾਂ ਹਮਲਾ ਹੋ ਸਕਦਾ ਹੈ।’’ -ਪੀਟੀਆਈ