For the best experience, open
https://m.punjabitribuneonline.com
on your mobile browser.
Advertisement

ਹਰ ਮਰਜ਼ ਦੀ ਦਵਾ ਚੇਤੰਨਤਾ

06:15 AM Mar 19, 2024 IST
ਹਰ ਮਰਜ਼ ਦੀ ਦਵਾ ਚੇਤੰਨਤਾ
Advertisement

ਡਾ. ਸੁਰਿੰਦਰ ਮੰਡ

Advertisement

ਇੱਕ ਪਾਸੇ ਭਾਜਪਾ ਦੀ ਅਗਵਾਈ ਵਾਲਾ 40 ਕੁ ਦੇ ਕਰੀਬ ਪਾਰਟੀਆਂ ਦਾ ਐੱਨਡੀਏ ਸਿਆਸੀ ਗੱਠਜੋੜ ਅਤੇ ਦੂਜੇ ਪਾਸੇ 25 ਕੁ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਫਰੰਟ ਦਰਮਿਆਨ 2024 ਦੀਆਂ ਲੋਕ ਸਭਾ ਚੋਣ ਦਾ ਮੁੱਖ ਮੁਕਾਬਲਾ ਹੋ ਰਿਹਾ ਦਿੱਸਦਾ ਹੈ। ਇਸ ਸੱਚਾਈ ਦੇ ਹੁੰਦਿਆਂ ਮੋਦੀ ਖੇਮੇ ਵੱਲੋਂ ‘ਏਕ ਅਕੇਲਾ ਸਭ ਪਰ ਭਾਰੀ’ ਦਾ ਪ੍ਰਚਾਰ ਅਤੇ ਦਾਅਵਾ ਕਰਨਾ ਝੂਠ ਹੈ ਕਿਉਂਕਿ ਢਾਣੀਬਾਜ਼ ਹੋਣਾ ਅੰਦਰੂਨੀ ਕਮਜ਼ੋਰੀ ਦੀ ਨਿਸ਼ਾਨੀ ਵੀ ਹੁੰਦੀ ਹੈ।
ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਵੀ ਤਕਰੀਬਨ ਮੁੜ ਕੇ ਫਿਰ ਹੋ ਚੁੱਕਾ ਹੈ, ਬਸ ਐਲਾਨਣ ਲਈ ਕਿਸਾਨ ਅੰਦੋਲਨ ਦੇ ਮੱਠਾ ਪੈਣ ਦੀ ਉਡੀਕ ਹੋ ਰਹੀ ਹੈ। ਜਿਵੇਂ ਪਹਿਲਾਂ ਮਹਾਰਾਸ਼ਟਰ ਦੀ ਸ਼ਿਵ ਸੈਨਾ, ਹਰਿਆਣਾ ਦੇ ਕੁਲਦੀਪ ਬਿਸ਼ਨੋਈ ਦੀ ਪਾਰਟੀ ਅਤੇ ਅਸਮ ਗਣ ਪ੍ਰੀਸ਼ਦ ਨੂੰ ਸਮਝੌਤੇ ਕਰਕੇ ਭਾਰਤੀ ਜਨਤਾ ਪਾਰਟੀ ਨਿਗਲੀ, ਠੀਕ ਓਸੇ ਤਰ੍ਹਾਂ ਭਾਜਪਾ ਦੀ ਹੁਣ ਅਕਾਲੀ ਦਲ, ਨਿਤੀਸ਼ ਕੁਮਾਰ ਦੀ ਜੇਡੀਯੂ, ਯੂ.ਪੀ. ਦੇ ਜੈਯੰਤ ਚੌਧਰੀ ਅਤੇ ਕਰਨਾਟਕ ਵਿੱਚ ਦੇਵਗੌੜਾ ਦੀ ਪਾਰਟੀ ਨੂੰ ਨਿਗਲ ਜਾਣ ਦੀ ਰਣਨੀਤੀ ਜਾਪਦੀ ਹੈ। ਇਸ ਦੀਆਂ ਅੰਨਾ ਡੀਐੱਮਕੇ ਅਤੇ ਆਂਧਰਾ ਪ੍ਰਦੇਸ਼ ਵਾਲੇ ਚੰਦਰ ਬਾਬੂ ਨਾਇਡੂ ਵੱਲ ਵੀ ਨਜ਼ਰਾਂ ਹਨ।
ਉਂਜ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਅਤੇ ਬਹੁਤੇ ਲੀਡਰਾਂ ਨੂੰ ਤਾਂ ਭਾਜਪਾ ਅੰਦਰੋਂ ਅੰਦਰੀ 25 ਸਾਲਾਂ ’ਚ ਖਾ ਚੁੱਕੀ ਹੈ, ਸਿਰਫ਼ ਚਿਹਰੇ-ਮੋਹਰੇ ਤੋਂ ਹੀ ਅਕਾਲੀ ਦਲ ਜਾਪ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬੀ ਅਣਖ ਤੇ ਵਿਚਾਰਧਾਰਾ ਮੁਰਝਾ ਗਈ ਹੈ। ਸਿੱਖੀ, ਪੰਜਾਬੀਅਤ ਅਤੇ ਤਮਾਮ ਇਤਿਹਾਸਕ ਵਿਰਾਸਤ ਦੀ ਆਰਐੱਸਐੱਸ ਨੁਮਾ ਵਿਆਖਿਆ ਦਾ ਅਕਾਲੀ ਦਲ ਮੋਹਰਾ ਅਤੇ ਪਲੈਟਫਾਰਮ ਬਣ ਗਿਆ ਹੈ। ਮੌਜੂਦਾ ਸਮੇਂ ਭਾਜਪਾ ਨਾਲ ਸਮਝੌਤਾ ਅਕਾਲੀਆਂ ਦੇ ਬਚੇ ਖੁਚੇ ਕਿਸਾਨੀ ਆਧਾਰ ਨੂੰ ਹੋਰ ਖੋਰੇਗਾ।
ਵਿਰੋਧੀ ਦਲਾਂ ਦੇ ‘ਇੰਡੀਆ ਫਰੰਟ’ ਨੇ ਜੇਕਰ ਸਿਆਸੀ ਲਚਕ ਤੇ ਫੁਰਤੀ ਸਿੱਖਣੀ ਹੈ ਤਾਂ ਮੋਦੀ ਤੋਂ ਸਿੱਖੇ। ਉਂਜ ਟੀ.ਵੀ ’ਤੇ ਬੜਾ ਸ਼ੋਰ ਸੁਣੀਂਦਾ ਹੈ ਕਿ ਫਿਰ ਮੋਦੀ ਸਰਕਾਰ ਆ ਰਹੀ ਹੈ ਕਿਉਂਕਿ ਇਸ ਨੇ ਫਲਾਣੀ ਫਲਾਣੀ ਇਮਾਰਤ ਬਣਾ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕੋ ਜਜ਼ਬਾਤੀ ਹੋ ਜਾਵੋ, ਹੋਰ ਕੁਝ ਨਾ ਸੋਚੋ ਪਰ ਜਾਪਦਾ ਹੈ ਕਿ ਭਾਜਪਾ ਨੇ 200 ਸੀਟਾਂ ਦੇ ਆਸ ਪਾਸ ਹੀ ਰਹਿਣਾ ਹੈ ਕਿਉਂਕਿ ਹਰੇਕ ਨੂੰ ਤਿੰਨ ਵੇਲੇ ਭੁੱਖ ਵੀ ਲੱਗਦੀ ਹੈ, ਮਹਿੰਗਾਈ ਨੇ ਲੱਕ ਤੋੜਿਆ ਪਿਆ ਹੈ, ਲੋਕਾਂ ਨੂੰ ਆਪਣੀ ਔਲਾਦ ਦੀ ਪੜ੍ਹਾਈ ਤੇ ਰੁਜ਼ਗਾਰ ਦੀ ਚਿੰਤਾ ਹੈ, ਬੇਇਲਾਜੇ ਮਰ ਰਹੇ ਹਨ, ਕਿਸਾਨੀ ਨੂੰ ਫ਼ਸਲਾਂ ਦਾ ਘੱਟੋ ਘੱਟ ਭਾਅ ਦੇਣ ਨੂੰ ਵੀ ਸਰਕਾਰ ਤਿਆਰ ਨਹੀਂ, ਮਜ਼ਦੂਰ ਡੰਗ ਖਾਣ ਤੇ ਕਮਾਉਣ ਨੂੰ ਤਰਸ ਰਹੇ ਹਨ, ਜਿਊਣ ਜੋਗੀ ਬੁਢਾਪਾ ਪੈਨਸ਼ਨ ਕਿਸੇ ਦੇ ਏਜੰਡੇ ਉੱਤੇ ਨਹੀਂ, ਪੈਨਸ਼ਨ ਤਾਂ ਸਰਕਾਰੀ ਮੁਲਾਜ਼ਮਾਂ ਦੀ ਵੀ ਬੰਦ ਕਰ ਦਿੱਤੀ ਗਈ, ‘ਅਗਨੀਵੀਰ’ ਨਾਲ ਮੋਦੀ ਨੇ ਫ਼ੌਜ ਪ੍ਰਤੀ ਖਿੱਚ ਵੀ ਖ਼ਤਮ ਕਰ ਦਿੱਤੀ ਹੈ। ਅਜਿਹੀ ਨਿਰਾਸ਼ਾ ਵਿੱਚ ਬਹੁਤੀ ਪੜ੍ਹੀ ਲਿਖੀ ਨੌਜਵਾਨੀ ਵਿਦੇਸ਼ ਜਾ ਰਹੀ ਹੈ।
ਦੇਸ਼ ਵਿੱਚ ਸਨਅਤੀਕਰਨ ਵਿਕਾਸ ਲਈ ਤਰਸ ਰਿਹਾ ਹੈ, ਖੇਤੀ ਆਧਾਰਿਤ ਜਾਂ ਰੁਜ਼ਗਾਰ-ਮੁਖੀ ਵਿਕਾਸ ਮਾਡਲ ਵੱਲ ਮੌਜੂਦਾ ਕੇਂਦਰ ਸਰਕਾਰ ਨੇ ਪਿੱਠ ਕੀਤੀ ਹੋਈ ਹੈ, ਵੱਡੇ ਕਾਰੋਬਾਰੀਆਂ ਤੋਂ ਚੋਣ ਫੰਡ ਲੈ ਕੇ ਉਨ੍ਹਾਂ ਨੂੰ ਗੱਫੇ ਦਿੱਤੇ ਗਏ, ਸਭ ਸਰਕਾਰੀ ਕੰਮ ਹਿੱਸਾ-ਪੱਤੀ ਲੈ ਕੇ ਠੇਕੇਦਾਰਾਂ ਹਵਾਲੇ, ਫ਼ਸਲੀ ਬੀਮਾ ਯੋਜਨਾ ਰਾਹੀਂ ਸਿੱਧੀ ਕਿਸਾਨੀ ਲੁੱਟ, ਮੰਡੀ ਤੰਤਰ ਉੱਤੇ ਬੇਲਗਾਮ ਵਪਾਰੀਆਂ ਦਾ ਕਬਜ਼ਾ, ਇੱਥੋਂ ਤੱਕ ਕਿ ਜਿਹੜੀ ਸਰਕਾਰ ਸਿਰਫ਼ ਪੰਜ ਸਾਲ ਦੇਸ਼ ਚਲਾਉਣ ਲਈ ਚੁਣੀ ਗਈ, ਉਹ ਦੇਸ਼ ਦੇ ਸਭ ਅਹਿਮ ਸਰਕਾਰੀ ਅਦਾਰੇ ਹੀ ਆਪਣੇ ਬੇਲੀਆਂ ਨੂੰ ਵੇਚਣ ਦੇ ਰਾਹੇ ਪੈ ਗਈ। ਕੇਂਦਰ ਸਰਕਾਰ ਦੇ ਸਿਰ ਚੜ੍ਹੇ ਕਰਜ਼ੇ ਦਾ ਵਿਆਜ ਕੁੱਲ ਬਜਟ ਦੇ ਤੀਜੇ ਹਿੱਸੇ ਤੋਂ ਵੀ ਵੱਧ ਹੈ। ‘ਤਰੱਕੀ’ ਤਾਂ ਏਨੀ ਹੋ ਚੁੱਕੀ ਹੈ ਕਿ ਦੇਸ਼ ਦੇ 85 ਕਰੋੜ ਲੋਕ ਮਹੀਨੇ ਦਾ ਪੰਜ ਕਿਲੋ ਆਟਾ ਲੈਣ ਲਈ ਮੰਗਤਿਆਂ ਵਾਂਗ ਹਰ ਮਹੀਨੇ ਝੋਲੀ ਫੈਲਾਉਂਦੇ ਹਨ। ਇਹ ‘ਵਿਕਾਸ’ ਦਾ ਮਤਲਬ ਨਹੀਂ ਹੈ। ਵਿਕਾਸ ਦਾ ਮਤਲਬ ਉਹ ਹੁੰਦਾ ਜਦੋਂ ਸਭ ਲੋਕਾਂ ਦੀ ਜ਼ਿੰਦਗੀ ਵਿੱਚ ਹਾਂ ਪੱਖੀ ਤਬਦੀਲੀ ਆਵੇ।
ਇੱਕ ਹੋਰ ਪੱਖ ਹੈ ਸਰਕਾਰ ਅਤੇ ਉਸ ਦੇ ਮੀਡੀਆ ਵੱਲੋਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਗੰਭੀਰ ਮੁੱਦਿਆਂ ’ਤੇ ਵਿਚਾਰ ਚਰਚਾ ਜਾਂ ਫ਼ਿਕਰਮੰਦੀ ਕਰਨ ਦੀ ਬਜਾਏ, ਧਰਮ ਆਧਾਰਿਤ ਨਫ਼ਰਤੀ ਗੱਲਾਂ ਨੂੰ ਹਵਾ ਦੇ ਕੇ ਆਪਣੇ ਫਾਇਦੇ ਦੇਖਣੇ। ਉਨ੍ਹਾਂ ਨੇ ਡਰ ਪੈਦਾ ਕਰਨਾ ਅਤੇ ਵੋਟਾਂ ਲੈਣ ਨੂੰ ਹੀ ਆਪਣਾ ਮੂਲ ਏਜੰਡਾ ਬਣਾਇਆ ਹੋਇਆ ਹੈ। ਇੰਜ ਵਕਤੀ ਵੋਟ ਲਾਭ ਲਈ ਅੱਗ ਨਾਲ ਖੇਡਿਆ ਜਾ ਰਿਹਾ ਹੈ। ਇਸ ਤੋਂ ਜਾਪਦਾ ਹੈ ਕਿ ਮੁਲਕ ਦੇ ਵੱਕਾਰ ਅਤੇ ਅਮਨ ਸ਼ਾਂਤੀ ਦੀ ਕਿਸੇ ਨੂੰ ਕੋਈ ਫ਼ਿਕਰ ਹੀ ਨਹੀਂ। ਕੇਂਦਰ ਸਰਕਾਰ ਦਾ ਆਪਣਾ ਸਾਬਕਾ ਰਾਜਪਾਲ ਸਤਪਾਲ ਮਲਿਕ ਕਈ ਵਾਰ ਕਹਿ ਚੁੱਕਾ ਹੈ ਕਿ ਮੋਦੀ ਸਰਕਾਰ ਭਾਵੁਕ ਕਰਕੇ ਚੋਣ ਜਿੱਤਣ ਲਈ ਕੋਈ ਵੀ ਵੱਡੀ ਵਾਰਦਾਤ ਖ਼ੁਦ ਕਰਵਾ ਸਕਦੀ ਹੈ। ਉਹ ਵਾਰ ਵਾਰ ਕਹਿ ਰਿਹਾ ਹੈ ਕਿ ‘‘ਜੇ ਮੋਦੀ ਤੀਜੀ ਵਾਰ ਜਿੱਤ ਗਿਆ ਤਾਂ ਇਸ ਤੋਂ ਬਾਅਦ ਕੋਈ ਚੋਣ ਨਹੀਂ ਹੋਵੇਗੀ।’’ ਇਸ ਤੋਂ ਇਲਾਵਾ ਗੁੱਝਾ ਏਜੰਡਾ ਤਾਂ ਅਮਰੀਕੀ ਤਰਜ਼ ਉੱਤੇ ਰਾਸ਼ਟਰਪਤੀ ਪ੍ਰਣਾਲੀ ਲਿਆਉਣ ਦਾ ਵੀ ਝਾਉਲਾ ਜਿਹਾ ਪਾਉਂਦਾ ਹੈ ਤਾਂ ਕਿ ਇੱਕ ਬੰਦਾ ਹੀ ਸਭ ਉੱਤੇ ਭਾਰੂ ਹੋਇਆ ਰਹੇ। ਮਨਸ਼ਾ ਤਾਂ ਇੰਗਲੈਂਡ-ਅਮਰੀਕਾ ਵਾਂਗ ਦੋ-ਪਾਰਟੀ ਸਿਸਟਮ ਬਣਾ ਦੇਣ ਦੀਆਂ ਗੋਂਦਾਂ ਗੁੰਦਣ ਦੀ ਵੀ ਲੱਗਦੀ ਹੈ ਤਾਂ ਕਿ ਅਦਲ ਬਦਲ ਕੇ ਵੱਡੀਆਂ ਪਾਰਟੀਆਂ ਵਾਰੀ ਬੰਨ੍ਹ ਲੈਣ। ਸ਼ਾਇਦ ਤਾਂ ਹੀ ਸੰਘੀ ਢਾਂਚੇ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਕੇਂਦਰ ਨੂੰ ਅਸੀਮ ਤਾਕਤਾਂ ਦੇਣ ਦਾ ਰੁਝਾਨ ਜ਼ੋਰ ਫੜ ਰਿਹਾ ਹੈ। ਵੇਖਿਆ ਗਿਆ ਹੈ ਕਿ ਕਿਸੇ ਸਿਰਫਿਰੇ ਆਗੂ ਵਿੱਚ ਤਾਨਾਸ਼ਾਹੀ ਰੁਝਾਨ ਜਦੋਂ ਝੱਖੜ ਵਾਂਗ ਝੁੱਲਦਾ ਹੈ ਤਾਂ ਉਹ ਕੇਵਲ ਵਿਰੋਧੀਆਂ ਲਈ ਹੀ ਤਬਾਹੀ ਨਹੀਂ ਬਣਦਾ ਸਗੋਂ ਆਪਣੇ ਸਿਰਕੱਢ ਸਾਥੀਆਂ ਨੂੰ ਵੀ ਰਗੜ ਸੁੱਟਦਾ ਹੈ। ਫਿਰ ਸਦੀਆਂ ਤੱਕ ਕਈ ਪੀੜ੍ਹੀਆਂ ਜ਼ਖਮ ਹੰਢਾਉਂਦੀਆਂ ਹਨ। ਇਸੇ ਲਈ ਜ਼ਰੂਰੀ ਹੈ ਕਿ ਜਾਗਰੂਕ ਲੋਕ ਕਦੀ ਕਿਸੇ ਬੰਦੇ ਨੂੰ ਮੁਲਕ ਤੇ ਧਰਮ ਨਾਲੋਂ ਵੱਡਾ ਹੋਣ ਦਾ ਭਰਮ ਨਾ ਪਾਲਣ ਦੇਣ।
ਰਾਜਨੀਤੀ ਬੁਰੀ ਨਹੀਂ, ਰਾਜਨੀਤੀ ਨੇ ਹੀ ਕਿਸੇ ਮੁਲਕ ਦੀ ਅਗਵਾਈ ਕਰਨੀ ਹੈ ਤੇ ਤਰੱਕੀ ਨੂੰ ਦਿਸ਼ਾ ਦੇਣੀ ਹੈ। ਬਸ ਲੋੜ ਹੈ ਲੋਕਾਂ ਨੂੰ ਚੇਤੰਨ ਹੋਣ ਦੀ, ਆਪਣਾ ਭਲਾ ਬੁਰਾ ਪਛਾਣਨ ਦੀ। ਲੀਡਰਾਂ ਨੂੰ ਆਖਣ ਕਿ ਉਹ ਸਾਡੀ ਖੁਸ਼ਹਾਲੀ ਦੀ ਗੱਲ ਕਰਨ ਤੇ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰਨ। ਪਾਠ ਪੂਜਾ ਅਸੀਂ ਆਪੇ ਜਿਵੇਂ ਸਾਡਾ ਜੀਅ ਕਰੂ ਅਸੀਂ ਕਰ ਲਵਾਂਗੇ, ਤੁਸੀਂ ਇੰਨੇ ਵੱਡੇ ਵਿਚੋਲੇ ਨਾ ਬਣੋ। ਰੱਬ ਲਈ ਸਭ ਇੱਕ ਬਰਾਬਰ ਹੈ।
ਸੰਪਰਕ: 94173 24543

Advertisement

Advertisement
Author Image

joginder kumar

View all posts

Advertisement