ਪ੍ਰਾਜੈਕਟ ‘ਨਵੀਂਆਂ ਰਾਹਾਂ’ ਅਧੀਨ ਈ-ਰਿਕਸ਼ੇ ਵੰਡੇ
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਸਿੱਖਿਆ ਤੋਂ ਵਾਂਝੇ ਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਕੂਲਾਂ ਤੱਕ ਪਹੁੰਚਾਉਣ ਦਾ ਟੀਚਾ ਹਾਸਲ ਕਰਨ ਲਈ ਪ੍ਰਾਜੈਕਟ ‘ਨਵੀਂਆਂ ਰਾਹਾਂ’ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਦੋ ਈ-ਰਿਕਸ਼ੇ ਵੰਡੇ ਗਏ। ਇੱਥੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿੱਚ ਸਮਾਗਮ ਦੌਰਾਨ ‘ਪੜ੍ਹਨਾ ਹੈ- ਪੜ੍ਹਾਉਣਾ ਹੈ, ਸਭ ਨੂੰ ਨਾਲ ਲੈ ਕੇ ਜਾਣਾ ਹੈ’ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਇਹ ਰਿਕਸ਼ੇ ਦਿੰਦਿਆਂ ਦੱਸਿਆ ਕਿ ਐੱਸ.ਸੀ. ਕਾਰਪੋਰੇਸ਼ਨ ਅਤੇ ਮਾਧਵ ਕੇ.ਆਰ.ਜੀ. ਐਨਵਾਇਰਮੈਂਟਲ ਸੋਲਿਊਸ਼ਨ ਪ੍ਰਾਈਵੇਟ ਲਿਮੀਟਡ ਪਿੰਡ ਅਕਾਲਗੜ੍ਹ, ਭਾਦਸੋਂ ਵੱਲੋਂ ਸੀ.ਐੱਸ.ਆਰ. ਫੰਡ ਤਹਿਤ 1 ਲੱਖ 18 ਹਜ਼ਾਰ ਰੁਪਏ ਦੇ ਸਹਿਯੋਗ ਨਾਲ 2 ਲੱਖ 36 ਹਜ਼ਾਰ ਰੁਪਏ ਨਾਲ ਖਰੀਦੇ ਗਏ ਦੋ ਈ-ਰਿਕਸ਼ੇ ਲੋੜਵੰਦ ਲਾਭਪਾਤਰੀਆਂ ਨੂੰ ਦਿੱਤੇ ਗਏ ਹਨ।
ਏਡੀਸੀ ਜੌਹਲ ਨੇ ਕਿਹਾ ਕਿ ਇਸ ਉੱਦਮ ਨਾਲ ਸਲੱਮ ਏਰੀਏ ਦੇ 35 ਵਿਦਿਆਰਥੀਆਂ ਨੂੰ ਨੇੜਲੇ ਸਕੂਲਾਂ ਤੱਕ ਮੁਫ਼ਤ ਲੈ ਕੇ ਜਾਣ ਲਈ ਸਹਾਇਤਾ ਮਿਲੀ ਹੈ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ, ਜ਼ਿਲ੍ਹਾ ਜੇਲ੍ਹ, ਨਾਭਾ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਇਸ ਮੌਕੇ ਮਾਧਵ ਕੇਆਰਜੀ ਦੇ ਨੁਮਾਇੰਦੇ ਜੀ.ਐੱਮ. ਐੱਚ.ਆਰ. ਵਿਜੇ ਮੋਹਨ, ਸੀ.ਐੱਸ.ਆਰ. ਇੰਚਾਰਜ ਗੁਰਮੀਤ ਸਿੰਘ ਤੋਂ ਇਲਾਵਾ ਡੀ.ਪੀ.ਐੱਮ. ਰੀਨਾ ਰਾਣੀ, ਜ਼ਿਲ੍ਹਾ ਐੱਮ.ਆਈ.ਐੱਮ. ਰਵਿੰਦਰ ਸਿੰਘ, ਬੀਪੀਐੱਮ ਵਰੁਣ ਪਰਾਸ਼ਰ, ਪ੍ਰਿੰਸੀਪਲ ਸੁਮਨ ਲਤਾ ਅਤੇ ਹੋਰ ਮੋਹਤਬਰ ਮੌਜੂਦ ਸਨ।