ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦਾ ਤਿਉਹਾਰ ਅੱਜ ਲੋਕਾਂ ਨੇ ਬੜੀ ਚਾਵਾਂ ਨਾਲ ਮਨਾਇਆ। ਜਲੰਧਰ ਸ਼ਹਿਰ ਵਿੱਚ ਤਿੰਨ ਦਰਜਨ ਤੋਂ ਵੱਧ ਥਾਵਾਂ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਗਏ। ਜਲੰਧਰ ਦੇ ਸਾਂਈਦਾਸ ਸਕੂਲ ਦੇ ਮੈਦਾਨ ਵਿੱਚ ਰਾਵਣ ਦਾ 80 ਫੁੱਟ ਉੱਚਾ ਪੁਤਲਾ ਬਣਾਇਆ ਗਿਆ ਸੀ। ਸੂਰਜ ਛਿੱਪਣ ’ਤੇ ਇਨ੍ਹਾਂ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਜਲੰਧਰ ਦੇ ਕਸਬਿਆਂ ਅਤੇ ਵੱਡੇ ਪਿੰਡਾਂ ਵਿੱਚ 65 ਦੇ ਕਰੀਬ ਥਾਵਾਂ ’ਤੇ ਦਸਹਿਰਾ ਮਨਾਇਆ ਗਿਆ।
ਅੰਮ੍ਰਿਤਸਰ (ਟਨਸ): ਦੁਰਗਿਆਨਾ ਮੰਦਰ ਕਮੇਟੀ ਵੱਲੋਂ ਦਸਹਿਰਾ ਗਰਾਊਂਡ ਵਿੱਚ ਦਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਦੁਰਗਿਆਨਾ ਕਮੇਟੀ ਵੱਲੋਂ ਮਨਾਏ ਗਏ ਦਸਹਿਰੇ ਮੌਕੇ ਵਿਧਾਇਕ ਡਾ. ਅਜੈ ਗੁਪਤਾ ਨੇ ਸ਼ਮੂਲੀਅਤ ਕੀਤੀ ਅਤੇ ਲੋਕਾਂ ਨੂੰ ਇਸ ਪਾਵਨ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਦਸਹਿਰਾ ਗਰਾਊਂਡ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬਣਾਏ ਗਏ ਵੱਡੇ ਪੁਤਲੇ ਅਗਨ ਭੇਟ ਕੀਤੇ ਗਏ। ਇਸ ਮੌਕੇ ਦੁਰਗਿਆਨਾ ਕਮੇਟੀ ਦੇ ਮੁਖੀ ਪ੍ਰੋਫੈਸਰ ਲਕਸ਼ਮੀਕਾਂਤਾ ਚਾਵਲਾ ਤੇ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
ਫਗਵਾੜਾ (ਪੱਤਰ ਪ੍ਰੇਰਕ): ਸ਼ਹਿਰ ’ਚ ਅੱਜ ਅੱਠ ਥਾਵਾਂ ’ਤੇ ਦਸਹਿਰਾ ਮਨਾਇਆ ਗਿਆ। ਬਾਬਾ ਗਧੀਆ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅਗਨ ਭੇਟ ਕੀਤਾ। ਹਨੂੰਮਾਨਗੜ੍ਹੀ ’ਚ ਕੇਂਦਰੀ ਰਾਜ ਮੰਤਰੀ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ।
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਵਿੱਚ ਅੱਜ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਈ ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ।
ਸ਼ਾਹਕੋਟ (ਪੱਤਰ ਪ੍ਰੇਰਕ): ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ’ਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਤਿੰਨੋ ਕਸਬਿਆਂ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਤੇ ਰਾਣਾ ਹਰਦੀਪ ਸਿੰਘ ਅਤੇ ਸਾਬਕਾ ਮੰਤਰੀ ਪੰਜਾਬ ਬ੍ਰਿਜ ਭੁਪਿੰਦਰ ਸਿੰਘ ਕੰਗ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵਾਰੋ-ਵਾਰੀ ਸ਼ਿਰਕਤ ਕੀਤੀ।
ਡੇਹਰੀਵਾਲ ਦੋਰਗਾ ’ਚ ਪੰਜਾਬੀ ਗਾਇਕਾਂ ਨੇ ਰੰਗ ਬੰਨ੍ਹਿਆ
ਧਾਰੀਵਾਲ (ਪੱਤਰ ਪ੍ਰੇਰਕ): ਨੇੜਲੇ ਪਿੰਡ ਡੇਹਰੀਵਾਲ ਦਰੋਗਾ ਵਿੱਚ ਡਰਾਮੈਟਿਕ ਕਲੱਬ ਪਿੰਡ ਡੇਹਰੀਵਾਲ ਦੋਰਗਾ ਵੱਲੋਂ ਸਮੂਹ ਨਗਰ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ‘ਰਾਮ ਲੀਲਾ ਸਟੇਡੀਅਮ’ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਮੇਲੇ ’ਚ ਪੰਜਾਬੀ ਗਾਇਕ ਜੋੜੀ ਰਾਏ ਜੁਝਾਰ ਤੇ ਸ਼ਰਨ ਕੌਰ ਅਤੇ ਗਾਇਕ ਯਾਸਿਰ ਹੁਸੈਨ ਨੇ ਦਰਸ਼ਕ ਕੀਲੇ। ਉਥੇ ਹੀ ਮਿੱਲ ਗਰਾਊਂਡ ਧਾਰੀਵਾਲ ਵਿੱਚ ਦਸਹਿਰੇ ਦਾ ਤਿਉਹਾਰ ਦਸਹਿਰਾ ਕਮੇਟੀ ਧਾਰੀਵਾਲ ਵੱਲੋਂ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।