ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਂਝ ਦਾ ਪ੍ਰਤੀਕ ਦਸਹਿਰਾ

11:07 AM Oct 21, 2023 IST

ਪਰਮਜੀਤ ਕੌਰ ਸਰਹਿੰਦ
Advertisement

ਸਾਡਾ‌ਮੁਲਕ ਵੰਨ-ਸੁਵੰਨੇ ਤਿੱਥ-ਤਿਓਹਾਰਾਂ‌ ਵਾਲਾ ਮੁਲਕ ਹੈ। ਇਸ ਵਿੱਚ ਪੰਜਾਬ ਤਿੱਥ-ਤਿਓਹਾਰਾਂ‌ ਤੋਂ ਇਲਾਵਾ ਮੇਲੇ-ਮੁਸਾਹਵਿਆਂ, ਛਿੰਜਾਂ-ਘੋਲ, ਖੇਡਾਂ, ਧਾਰਮਿਕ ਦਿਨਾਂ ’ਤੇ ਹੁੰਦੇ ਜੋੜ ਮੇਲਿਆਂ ਦੇ ਨਾਲ ਮੱਸਿਆ, ਪੁੰਨਿਆਂ ਤੇ ਨਿੱਕੇ-ਮੋਟੇ ਖੇਤਰੀ ਪੇਂਡੂ ਤਿਓਹਾਰਾਂ ਵਾਲਾ ਰੌਣਕੀਲਾ ਸੂਬਾ ਹੈ। ਇਨ੍ਹਾਂ ਦਿਨ-ਤਿਓਹਾਰਾਂ ਵਿੱਚ ਦਸਹਿਰਾ-ਦੀਵਾਲੀ ਪੰਜਾਬ ਵਿੱਚ ਹੀ ਨਹੀਂ ਤਕਰੀਬਨ ਪੂਰੇ ਭਾਰਤ ਵਿੱਚ ਮਨਾਏ ਜਾਂਦੇ ਹਨ। ਸਾਡੇ ਪੇਂਡੂ ਪੰਜਾਬੀ ਭਾਈਚਾਰੇ ਵਿੱਚ ਹਰ ਤਿਓਹਾਰ ਆਪਣੇ ਢੰਗ ਜਾਂ ਪੁਰਖਿਆਂ ਦੀਆਂ ਚਲਾਈਆਂ ਰੀਤਾਂ ਨਾਲ ਮਨਾਉਣ ਦਾ ਰਿਵਾਜ ਪ੍ਰੱਚਲਿਤ ਹੈ। ਬਦਲਦੇ ਸਮੇਂ ਨਾਲ ਭਾਵੇਂ ਕਾਫ਼ੀ ਫ਼ਰਕ ਪਿਆ ਹੈ, ਪਰ ਪੇਂਡੂ‌ ਸੁਆਣੀਆਂ ਅਜੇ ਵੀ ਉਹ ਪਿਰਤਾਂ ਨਿਭਾਉਂਦੀਆਂ ਹਨ।
ਦਸਹਿਰੇ ਦਾ‌ ਤਿਓਹਾਰ ਅਕਤੂਬਰ ਦੇ ਅਖ਼ੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਹੁੰਦਾ ਹੈ। ਪੁਆਧ ਅਤੇ ਇਸ ਦੇ ਨੇੜਲੇ ਮਾਲਵੇ ਦੇ ਸਾਡੇ ਪਿੰਡਾਂ ਵਿੱਚ ਬਹੁਤੇ ਤਿਓਹਾਰ ਜਾਂ ਰੀਤੀ-ਰਿਵਾਜ ਮਿਲਦੇ-ਜੁਲਦੇ ਹਨ। ਇਸ ਖਿੱਤੇ‌ ਵਿੱਚ ਦਸਹਿਰੇ ਤੋਂ ਗਿਆਰਾਂ ‌ਦਿਨ ਪਹਿਲਾਂ ਘਰਦੀਆਂ ਸੁਆਣੀਆਂ ਕੱਚੇ-ਪੱਕੇ ਪੁਰਾਣੇ ਭਾਂਡਿਆਂ ਵਿੱਚ ਜੌਂ ਬੀਜਦੀਆਂ ਹਨ ਜਨਿ੍ਹਾਂ ਨੂੰ ‘ਗਨਗੌਰਾਂ’ ਕਿਹਾ ਜਾਂਦਾ ਹੈ। ਕੁਝ ਲੋਕ ਮੱਸਿਆ ਨੂੰ ਤੇ ਕੁਝ ਪਹਿਲੇ ਨਰਾਤੇ ਵਾਲੇ ਦਿਨ ਜੌਂ ਬੀਜਦੇ ‌ਹਨ। ਜੌਂ ਘਰ ਦੇ ਮਰਦਾਂ ਦੀ ਗਿਣਤੀ ਮੁਤਾਬਕ ਭਾਂਡਿਆਂ ਵਿੱਚ ਬੀਜੇ ਜਾਂਦੇ ਹਨ ਤੇ ਇੱਕ ਵੱਡੇ ਭਾਂਡੇ ਜਾਂ ਮਿੱਟੀ‌ ਦੇ ਕੰਢੀਰੇ ਵਿੱਚ ਵਾਧੂ ਜੌਂ ‌ਬੀਜੇ‌ ਜਾਂਦੇ ਹਨ ਇਸ ਨੂੰ ‘ਦੁਸਹਿਰਾ’ ਕਿਹਾ ਜਾਂਦਾ ਹੈ। ਇਸ‌ ਦਿਨ ਕਈ ਘਰਾਂ ਵਿੱਚ‌ ‘ਸਾਂਝੀ ਤੇ ਬਰੋਟਾ’ ਵੀ ਲਾਇਆ ਜਾਂਦਾ। ਦਸਹਿਰੇ ਤੱਕ ਇਹ ਜੌਂ ਜਾਂ ਗਨਗੌਰਾਂ ਹਰੀਆਂ-ਭਰੀਆਂ ਤੇ ਦੋ- ਢਾਈ‌ ਗਿੱਠ‌ ਲੰਮੀਆਂ ਹੋ ਜਾਂਦੀਆਂ ਹਨ। ਦਸਹਿਰੇ ਤੋਂ ਇੱਕ ਦਿਨ ਪਹਿਲਾਂ ਸਵੇਰੇ ਜਲਦੀ ਇਨ੍ਹਾਂ ਨੂੰ ਚੱਕਲੀਆਂ ਭਾਵ ਜੜ੍ਹਾਂ ਦੀ ਮਿੱਟੀ ਸਮੇਤ ਭਾਂਡਿਆਂ ਵਿੱਚੋਂ ਕੱਢ ਕੇ ਪਿੰਡ ਦੇ ਛੱਪੜ-ਛੱਪੜੀ‌ ਜਾਂ ਨੇੜੇ ਵਗਦੇ ਕਿਸੇ ਨਦੀ-ਨਾਲੇ ਵਿੱਚ ਤਾਰ‌ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਥੋੜ੍ਹੇ ਜਿਹੇ ਜੌਂ ਘਰ ਵਾਪਸ ਲਿਆਏ ਜਾਂਦੇ ਹਨ। ਸਿਰਫ਼ ‘ਦਸਹਿਰੇ’ ਵਾਲੀ ਗਨਗੌਰ ਨੂੰ ਉਸੇ‌ ਤਰ੍ਹਾਂ ਘਰ‌ ਰੱਖਿਆ‌ ਜਾਂਦਾ। ਗਨਗੌਰਾਂ ਪਾਣੀ ਵਿੱਚ ਵਹਾਉਣ ਮੌਕੇ ਗਲੀ-ਗੁਆਂਢ ਦੇ ਬੱਚੇ ਇਕੱਠੇ ਹੋ ਕੇ ਜਾਂਦੇ ਤੇ‌ ਕੋਈ‌ ਵੱਡੀ‌ ਔਰਤ‌ ਜਾਂ ਮਰਦ ਸੁਰੱਖਿਆ ਪੱਖੋਂ ਨਾਲ ਜਾਂਦੇ।‌ ਸਾਂਝੀ-ਬਰੋਟੇ ਦੀਆਂ ਕੁਝ ਟਿੱਕੀਆਂ ਰੱਖ ਕੇ ਬਾਕੀ ਗਨਗੌਰਾਂ ਦੇ‌ ਨਾਲ ਹੀ ਪਾਣੀ ਵਿੱਚ ਵਹਾਇਆ ਜਾਂਦਾ। ਕੀੜਿਆਂ ਦੇ ਭੌਣ ’ਤੇ ਪਾਉਣ ਲਈ ਘਰੋਂ ਸ਼ੱਕਰ ਤੇ ਚੌਲ ਲਿਜਾਏ‌ਜਾਂਦੇ ਇਨ੍ਹਾਂ ਨੂੰ ‘ਤਿਲ ਚੌਲੀ’ ਕਿਹਾ ਜਾਂਦਾ। ਇਸ ਤਿਓਹਾਰ ਨੂੰ ਘਰਾਂ ਵਿੱਚ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਜ਼ਰੂਰ ਬਣਦੀਆਂ ਜਨਿ੍ਹਾਂ ਵਿੱਚ ਵਿਤ ਮੁਤਾਬਕ ਘਰ ਦਾ ਕੱਢਿਆ ਖੋਆ ਵੀ ਪਾ ਲਿਆ ਜਾਂਦਾ।
ਦਸਹਿਰੇ ਵਾਲੇ ਦਿਨ ਸਾਰੇ‌ ਘਰਾਂ ਵਿੱਚ ਸਾਦੇ ਫਿੱਕੇ ਉਬਲੇ ਹੋਏ‌ ਚੌਲ ਜ਼ਰੂਰ ਬਣਦੇ ਜੋ ਬਹੁਤੇ ਘਰਾਂ ਵਿੱਚ ਅੱਜ ਵੀ ਬਣਦੇ ਹਨ। ਚੌਲਾਂ ਦੀ ‘ਪਿੱਛ’ ਭਾਵ ਉੱਬਲਿਆ ਹੋਇਆ ਪਾਣੀ ਅਲੱਗ ਭਾਂਡੇ ਵਿੱਚ ਪਾਇਆ ਜਾਂਦਾ ਜਿਸ ਨੂੰ ਮਿੱਠਾ ਜਾਂ ਲੂਣ ਮਿਲਾ ਕੇ ਪੀਤਾ ਜਾਂਦਾ। ਪਿਛਲੇ ਸਮੇਂ ਸ਼ੌਕੀਨ ਮਰਦ-ਮੁੰਡੇ ਇਸ‌ ਪਾਣੀ ਨਾਲ ਪੱਗਾਂ ਨੂੰ ਮਾਵਾ (ਮਾਇਆ) ਲਾ ਲੈਂਦੇ। ਪਹਿਲੇ ਦਿਨ ਖੇਤਾਂ ਵਿੱਚੋਂ ਗੰਨੇ ਲਿਆਉਂਦੇ ਜੋ ਪਿੰਡਾਂ ਵਿੱਚ ਆਮ ਹੁੰਦੇ। ਦਸਹਿਰੇ ਤੋਂ ਪਹਿਲਾਂ ਖੇਤ ’ਚੋਂ ਗੰਨਾ‌ਨਹੀਂ ਸੀ ਪੁੱਟਿਆ ਜਾਂਦਾ। ਕੱਚੇ ਘਰਾਂ-ਵਿਹੜਿਆਂ‌ਦੇ ਜ਼ਮਾਨੇ ਵਿੱਚ ਕੱਚੀ ਥਾਂ ਨੂੰ ਗੋਹੇ-ਮਿੱਟੀ ਨਾਲ ਲਿੱਪਿਆ ਜਾਂਦਾ। ਇਸ ਥਾਂ ਗੋਹੇ ਦੀਆਂ ਪੰਜ ਪਾਥੀਆਂ ਪੱਥ ਕੇ ਰੱਖੀਆਂ ਜਾਂਦੀਆਂ। ਪਾਥੀ ਦੇ ਉੱਪਰ‌ ਤੇ ਆਲੇ ਦੁਆਲੇ ਥੋੜ੍ਹੀ- ਥੋੜ੍ਹੀ ਰੂੰ ਦੇ ਤੂੰਬੇ ਜਿਹੇ ਲਾਏ ਜਾਂਦੇ। ਇਨ੍ਹਾਂ ਦੇ ਉੱਪਰ ‘ਦਸਹਿਰੇ’ ਵਿੱਚੋਂ ਕੁਝ ਹਰੇ ਜੌਂ ਪੁੱਟ ਕੇ ਰੱਖੇ ਜਾਂਦੇ। ਇਨ੍ਹਾਂ ਦੇ ਉੱਤੇ ਦਹੀਂ-ਚੌਲ ਰਲਾ ਕੇ ਰੱਖੇ ਜਾਂਦੇ। ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਇਸ ਦੀ ਆਰਥਿਕਤਾ ਫ਼ਸਲ ਤੇ ਪਸ਼ੂ ਧਨ ਨਾਲ ਜੁੜੀ ਰਹੀ ਹੈ। ਇਸ ਲਈ ਇਸ ਥਾਂ ’ਤੇ ਮੌਸਮੀ ਫ਼ਸਲ, ਥੋੜ੍ਹੀ ਜਿਹੀ ਮੱਕੀ, ਮੂੰਗਫਲੀ ਆਦਿ ਤੇ ਪੰਜ-ਸੱਤ ਗੰਨੇ ਵੀ ਕੋਲ ਰੱਖੇ ਜਾਂਦੇ। ਇਸ ਮੌਕੇ ਸਾਰਾ ਪਰਿਵਾਰ ਇੱਥੇ ਮੱਥਾ ਟੇਕਦਾ। ਕੋਲ ਹੀ ਇੱਕ ਵੱਡਾ ਕੌਲ ਚੌਲਾਂ ਦਾ ਤੇ ਦਹੀਂ-ਬੂਰਾ ਰਲਾ ਕੇ ਰੱਖਿਆ ਜਾਂਦਾ। ਇਹ ਸਭ ਤੋਂ ਪਹਿਲਾਂ ਘਰ ਦੀਆਂ ਨਿੱਕੀਆਂ ਬਾਲੜੀਆਂ ਅਰਥਾਤ ਕੰਨਿਆਂ ਦੇਵੀਆਂ ਨੂੰ ਖਾਣ ਲਈ ਦਿੱਤੇ ਜਾਂਦੇ। ਘਰ ਵਿੱਚ ਧੀ ਨਾ ਹੋਣ‌ ’ਤੇ ਗਲੀ-ਗੁਆਂਢ ਵਿੱਚੋਂ ਬੱਚੀਆਂ ਬੁਲਾ‌ ਲੈਂਦੇ। ਆਪਣੀਆਂ ਜਾਂ ਦੂਜੀਆਂ ਬੱਚੀਆਂ ਨੂੰ ਪੰਜ-ਦਸ ਰੁਪਏ ਵੀ‌ ਦਿੱਤੇ ਜਾਂਦੇ ਹਨ। ਬੀਤੇ ਸਮੇਂ ਇਨ੍ਹਾਂ ਚੌਲਾਂ ਤੇ ਦਹੀਂ-ਬੂਰਾ ਖਾਣ‌ ਵਾਲੀਆਂ ਨੂੰ ਫ਼ਸਲ ਅਨੁਸਾਰ ਦਾਣੇ‌ ਹੀ ਦਿੱਤੇ‌ ਜਾਂਦੇ ਤੇ ਉਹ ਪਿੰਡ ਦੀ ਦੁਕਾਨ ਵਿੱਚ ਉਨ੍ਹਾਂ ਨੂੰ ਵੇਚ ਕੇ ਖਾਣ-ਪੀਣ ਦੀ ਜਾਂ ਕੋਈ ਹੋਰ ਮਨਪਸੰਦ ਚੀਜ਼ ਲੈ‌ ਲੈਂਦੀਆਂ। ਅਜੋਕੇ ਸਮੇਂ ਇਨ੍ਹਾਂ‌ਬੱਚੀਆਂ‌ਨੂੰ ਪੈਸੇ ਹੀ ਦਿੱਤੇ ਜਾਂਦੇ ਹਨ, ਦਾਣਿਆਂ ਵਾਲਾ ਜ਼ਮਾਨਾ ਬੀਤ ਗਿਆ ਹੈ ਤੇ ਕੰਨਿਆਂ ਦੇਵੀਆਂ ਵੀ ਸੰਗੇ ਸਰਫ਼ੇ ਦੀਆਂ ਹੀ‌ ਰਹਿ ਗਈਆਂ ਹਨ। ਇਨ੍ਹਾਂ ਰਸਮਾਂ ਦੇ ਨਾਲ ਕੋਲ ਰੱਖੀ ਗੋਹੇ-ਪਾਥੀ‌ ਦੀ ਅੱਗ‌ ਉੱਤੇ ਦੇਸੀ ਘਿਓ ਪਾਇਆ ਜਾਂਦਾ। ਉਪਰੰਤ ਅਕੀਦੇ ਅਨੁਸਾਰ ਭੋਜਨ ਸਮੱਗਰੀ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਸਥਾਨ ’ਤੇ ਭੇਜੀ ਜਾਂਦੀ। ਉਹ ਸਾਰਾ ਸਾਮਾਨ ਪਹਿਲਾਂ ਹੀ ਅਲੱਗ ਕੱਢ ਕੇ ਰੱਖਿਆ ਜਾਂਦਾ। ਇਸ ਵਿੱਚ ਖੀਰ ਤੇ ਕੜਾਹ ਵੀ ਸ਼ਾਮਲ ਹੁੰਦਾ। ਇਸ ਸਾਰੇ ਰਿੱਝੇ-ਪੱਕੇ‌ ਵਿੱਚੋਂ ਘਰ ਦੇ ਕਾਮੇ ਤੇ ਸਾਂਝੀ-ਸੀਰੀ ਨੂੰ ਵੀ ਹਿੱਸਾ‌ ਦਿੱਤਾ‌ ਜਾਂਦਾ।
ਇਸ ਪਿੱਛੋਂ ਕੁੜੀਆਂ ਲਈ ਬੜਾ ਚਾਅਮੱਤਾ ਵੇਲਾ ਆਉਂਦਾ, ਜਦੋਂ ਉਹ ਆਪਣੇ ਸਾਰੇ ਭਰਾਵਾਂ ਦੀਆਂ ਪੱਗਾਂ ਜਾਂ ਕੇਸਾਂ ਦੇ‌ ਜੂੜੇ ਵਿੱਚ ਹਰੇ-ਭਰੇ ਜੌਂ ਟੰਗਦੀਆਂ ਤੇ ਉਹ ਭੈਣਾਂ ਨੂੰ ਸ਼ਗਨ ਵੱਜੋਂ ਰੁਪਏ ਪੈਸੇ ਦਿੰਦੇ। ਕਈ ਕੁੜੀਆਂ ਤਾਏ-ਚਾਚਿਆਂ ਤੇ ਪਿਤਾ ਨੂੰ ਵੀ ਜੌਂ ‌ਦਿੰਦੀਆਂ ਤੇ ਉਹ‌ ਵੀ ਉਨ੍ਹਾਂ ਨੂੰ ਸ਼ਗਨ ਦਿੰਦੇ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਹੈ। ਇਹ ਸਾਰੇ ਕਾਰਜ ਪੂਰਾ ਕਰਕੇ ਪਰਿਵਾਰ ਵੀ ਖਾਣ-ਪੀਣ ਵੱਲ ਆਉਂਦਾ। ਬਹੁਤ ਸਾਰੇ ਘਰਾਂ ਵਿੱਚ ਸੁਆਣੀਆਂ ਆਪ‌ ਕੁਝ ਖਾਣ ਤੋਂ ਪਹਿਲਾਂ ਵਰਤੋਂ ਮੁਤਾਬਕ ‌ਸ਼ਰੀਕੇ-ਭਾਈਚਾਰੇ ਦੇ ਘਰਾਂ ਵਿੱਚ ਦਹੀਂ-ਬੂਰਾ ਤੇ‌ਚੌਲ ਭੇਜਦੀਆਂ ਜੋ ਕਈ ਬਾਰ ਇਸ ਸਮੱਗਰੀ ਦੀ ਅਦਲਾ-ਬਦਲੀ ਹੀ ਹੋ‌ ਨਿੱਬੜਦੀ, ਪਰ ਇਹ ਸਭ ਪ੍ਰੇਮ ਭਰੀ ਸਾਂਝ‌ਦਾ ਪ੍ਰਤੀਕ ਵੀ ਹੁੰਦਾ।
ਅੱਜ ਇਹ ਮੁਹੱਬਤੀ ਰੰਗ ਫਿੱਕੇ ਪੈ ਗਏ ਹਨ। ਇਹ ਸਾਂਝ ਕਿਸੇ ਵਿਰਲੇ ਟਾਵੇਂ ਪਰਿਵਾਰ ਵਿੱਚ ਰਹਿ ਗਈ ਹੈ। ਗਨਗੌਰਾਂ ਬੀਜਣ ਤੇ ਸਾਂਝੀ‌-ਬਰੋਟੇ ਲਾਉਣ ਦਾ ਰੁਝਾਨ ਵੀ ਘਟ ਰਿਹਾ ਹੈ। ਪਿੰਡਾਂ ਵਿੱਚੋਂ ਸ਼ਹਿਰ ਆ ਵਸੇ ਲੋਕ ਇਨ੍ਹਾਂ ਸੋਹਣੇ ਰੀਤੀ-ਰਿਵਾਜਾਂ ਤੋਂ ਨੱਕ ਵੱਟਣ ਲੱਗੇ ਹਨ। ਇਨ੍ਹਾਂ ਸਾਰੇ ਵਰਤਾਰਿਆਂ ਬਾਰੇ ਗੌਰ ਨਾਲ ਸੋਚਿਆ ਜਾਵੇ ਤਾਂ ਇਹ ਵਹਿਮ-ਭਰਮ ਨਹੀਂ ਬਲਕਿ ਸਾਰਥਿਕ ਸੋਚ ਦੇ ਪ੍ਰਤੀਕ ਵੀ ਜਾਪਦੇ ਹਨ। ਜੌਂ- ਗਨਗੌਰਾਂ ਨੂੰ ਖੇਤੀ ਦੇ ਕਿੱਤੇ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਥਾਂ ਨੂੰ ਗੋਹ-ਮਿੱਟੀ‌ਨਾਲ ਲਿੱਪਣਾ ਸਫ਼ਾਈ ਦਾ ਧਿਆਨ ਰੱਖਣਾ ਹੈ। ਗੋਹੇ ਦੀਆਂ ਪਾਥੀਆਂ ਨੂੰ ਸਜਾਉਣਾ ਤੇ ਖਾਣ-ਪੀਣ‌‌ ਵਾਲੀ ਸਮੱਗਰੀ ਰੱਖਣੀ ਪਸ਼ੂਆਂ ਦੀ ਸੁੱਖ ਮੰਗਣ‌ ਦੀ ਭਾਵਨਾ ਪ੍ਰਗਟਾਉਂਦਾ ਹੈ। ਨਿੱਕੀਆਂ ਬਾਲੜੀਆਂ ਨੂੰ ਆਦਰ ਨਾਲ ਕੁਝ ਖੁਆਉਣਾ ਤੇ ਸ਼ਗਨ‌ ਦੇਣਾ ਔਰਤ ਜਾਤੀ ਨੂੰ ਵਡਿਆਈ ਦੇਣ ਹੈ। ਅੱਗ ’ਤੇ ਘਿਓ‌ ਪਾਉਣਾ ਵਾਤਾਵਰਨ ਦੀ‌ ਸ਼ੁੱਧਤਾ ਵੱਲ ਇਸ਼ਾਰਾ ਕਰਦਾ ਹੈ। ਮਿਹਨਤਕਸ਼ ਲੋਕਾਂ ਨੂੰ ਭੋਜਨ ਦੇਣਾ ਹੋਰਾਂ ਨੂੰ ਦਹੀਂ- ਬੂਰਾ ਤੇ‌ ਚੌਲ ਵੰਡਣੇ, ਵੰਡ ਛਕਣ ਦੀ ਪਿਰਤ‌ ਨੂੰ ਚੱਲਦੀ‌ ਰੱਖਣਾ ਹੈ।
ਬੀਤੇ ਸਮੇਂ ਪੇਂਡੂ ਭਾਈਚਾਰਾ ਦਸਹਿਰੇ ਦੇ ਇਤਿਹਾਸਕ ਪੱਖ ਬਾਰੇ ਬਹੁਤਾ ਨਹੀਂ ਸੀ ਸੋਚਦਾ। ਉਨ੍ਹਾਂ ਸਿੱਧੇ ਸਾਦੇ ਲੋਕਾਂ ਨੂੰ ਸਿਰਫ਼ ‌ਜਲਦੇ ਰਾਵਣ ਤੇ‌ ਚੱਲਦੇ ਪਟਾਕੇ ਦੇਖਣ‌ ਦਾ ਚਾਅ ਹੁੰਦਾ ਜਾਂ ਦਸਹਿਰੇ ਦੇ ਮੇਲੇ ’ਤੇ ‌ਜਾ ਕੇ ਗਰਮ-ਗਰਮ ਜਲੇਬੀਆਂ ਅਤੇ ਪਕੌੜੇ ਖਾਣ ਦਾ। ਅੱਜ ਇਹ ਜਾਗਰੂਕ ਲੋਕ ਤਰਕ ਵੀ‌ ਕਰਦੇ‌ ਹਨ ਕਿ ਸਦੀਆਂ ਪਹਿਲਾਂ ਮਾਰੇ ਗਏ ਰਾਵਣ ਨੂੰ ਤਾਂ ਹੁਣ ਤੱਕ ਹਰ ਸਾਲ ਜਲਾਇਆ ਜਾਂਦਾ ਹੈ, ਪਰ ਅਜੋਕੇ ਰਾਵਣ ‌ਜਿਹੜੇ ਇੱਕ ਬੱਚੀ ਤੋਂ ‌ਲੈ‌ ਕੇ ਬਜ਼ੁਰਗ ਔਰਤਾਂ ਤੱਕ ਨੂੰ ਬੇਆਬਰੂ ਕਰਦੇ‌ ਤੇ ਮਾਰ ਵੀ ਦਿੰਦੇ ਹਨ ਉਨ੍ਹਾਂ ਰਾਵਣਾਂ ਨੂੰ ਕੌਣ ਟੱਕਰੇਗਾ? ਜਿਹੜੇ ਕਿਰਤੀਆਂ ਨੂੰ ਲੁੱਟਦੇ ਤੇ ਕੁੱਟਦੇ ਹਨ ‌ਉਨ੍ਹਾਂ ਦਾ ਹਿਸਾਬ ਕੌਣ ਕਰੇਗਾ? ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਮਾਰਨ ਵਾਲੇ ਰਾਵਣਾਂ ਨੂੰ ਕਦੋਂ ਜਲਾਇਆ ਜਾਵੇਗਾ?

ਸੰਪਰਕ: 98728-98599

Advertisement

Advertisement