For the best experience, open
https://m.punjabitribuneonline.com
on your mobile browser.
Advertisement

‘ਦੁਰਯੋਧਨ’ ਅਜੇ ਨਹੀਂ ਮਰਿਆ!

06:06 AM Oct 18, 2024 IST
‘ਦੁਰਯੋਧਨ’ ਅਜੇ ਨਹੀਂ ਮਰਿਆ
Advertisement

ਅਮਰਜੀਤ ਸਿੰਘ ਵੜੈਚ

Advertisement

ਦੁਰਯੋਧਨ ਪੈਦਾ ਹੋਇਆ ਸੀ ਤਾਂ ਗਧੇ ਵਾਂਗ ਹੀਂਗਿਆ ਸੀ। ਬ੍ਰਾਹਮਣਾਂ ਤੇ ਵਿਦੁਰ ਨੇ ਧ੍ਰਿਤਰਾਸ਼ਟਰ ਨੂੰ ਕਿਹਾ ਸੀ ਕਿ ਉਹ ਦੁਰਯੋਧਨ ਤੋਂ ਖਹਿੜਾ ਛੁਡਾ ਲਵੇ, ਨਹੀਂ ਤਾਂ ਦੁਰਯੋਧਨ ਕੁਲ਼ ਨਾਸ ਕਰ ਦੇਵੇਗਾ ਪਰ ਧ੍ਰਿਤਰਾਸ਼ਟਰ ਪੁੱਤਰ ਮੋਹ ’ਚ ਬੱਝ ਚੁੱਕਿਆ ਸੀ। ਦੁਰਯੋਧਨ ਨੇ ਮਾਮੇ ਸ਼ਕੁਨੀ ਨਾਲ਼ ਰਲ਼ ਕੇ ਆਪਣੇ ਚਚੇਰੇ ਭਰਾਵਾਂ ਪਾਂਡਵਾਂ ਤੋਂ ਬਦਲਾ ਲੈਣ ਲਈ ਪਾਂਡਵਾਂ ਦੀ ਪਤਨੀ ਦਰੋਪਦੀ ਦਾ ਦੁਸ਼ਾਸਨ ਤੋਂ ਚੀਰਹਰਨ ਕਰਵਾ ਦਿੱਤਾ ਸੀ।
ਚੀਰਹਰਨ ਲਈ ਦੁਰਯੋਧਨ ਹੀ ਨਹੀਂ ਬਲਕਿ ਦੁਸ਼ਾਸਨ ਵੀ ਦੋਸ਼ੀ ਸੀ ਜਿਸ ਨੇ ਦੁਰਯੋਧਨ ਦਾ ਹੁਕਮ ਮੰਨਣ ਸਮੇਂ ਜ਼ਰਾ ਵੀ ਨਹੀਂ ਸੋਚਿਆ ਕਿ ਉਹ ਇਸ ਪਾਪ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਣਗੇ। ਅੰਤ ਯੁੱਧ ਹੋਇਆ ਜੋ ਮਹਾਭਾਰਤ ਕਰ ਕੇ ਮਸ਼ਹੂਰ ਹੈ। ਪਾਂਡਵਾਂ ਦੇ ਸਭ ਤੋਂ ਤਾਕਤਵਰ ਭਰਾ ਭੀਮ ਨੇ ਮਹਾਭਾਰਤ ਦੇ ਆਖ਼ਿਰੀ, 18ਵੇਂ ਦਿਨ ਦੁਰਯੋਧਨ ਦੀਆਂ ਜਾਂਘਾਂ ’ਚ ਗਦਾ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਸੀ।
ਹੁਣ ਲੋਕਰਾਜ ਹੈ। ਸਰਕਾਰਾਂ, ਪੁਲੀਸ ਤੇ ਅਦਾਲਤਾਂ ਹਨ, ਹੁਣ ਵੀ ਜੇ ਬਿਲਕੀਸ ਬਾਨੋ, ਯੂਪੀ ਦੇ ਉਨਾਓ ਤੇ ਹਾਥਰਸ ’ਚ ਦਲਿਤ ਧੀਆਂ, ਕਠੂਆ ’ਚ ਛੋਟੀ ਬੱਚੀ, ਹੈਦਰਾਬਾਦ ’ਚ ਡਾਕਟਰ, ਕਾਰਗਿਲ ’ਚ ਲੜੇ ਮਨੀਪੁਰ ਦੇ ਫ਼ੌਜੀ ਦੀ ਧੀ, ਕੋਲਕਾਤਾ ’ਚ ਡਾਕਟਰ ਨਾਲ ਤੇ ਹੁਣ ਬਦਲਾਪੁਰ ’ਚ ਸਕੂਲੀ ਬੱਚੀਆਂ ਨਾਲ ਸ਼ਰਮਨਾਕ ਕਾਰਿਆਂ ਵਰਗੇ ਮਹਾ-ਦੁਖਾਂਤ ਵਾਪਰ ਰਹੇ ਹਨ ਤਾਂ ਸਵਾਲ ਤਾਂ ਇਨ੍ਹਾਂ ਸੰਸਥਾਵਾਂ ’ਤੇ ਹੀ ਉੱਠਣਗੇ।
ਪੰਜਾਬ ’ਚ 1997 ’ਚ ਮਹਿਲ ਕਲਾਂ ’ਚ ਇੱਕ ਨਾਬਾਲਗ ਵਿਦਿਆਰਥਣ ਦਾ ਚਾਰ ਸਰਦੇ-ਪੁੱਜਦੇ ਘਰਾਂ ਦੇ ਮੁੰਡਿਆਂ ਨੇ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ। ਉਸ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਹੀ ਬਾਅਦ ’ਚ ‘ਸਿਸਟਮ’ ਨੇ ਕਤਲ ਕੇਸ ’ਚ ਜੇਲ੍ਹ ਕਰਵਾ ਦਿੱਤੀ। ਬਿਲਕੀਸ ਬਾਨੋ ਬਲਾਤਕਾਰ ਕੇਸ ’ਚ 11 ਦੋਸ਼ੀਆਂ ਨੂੰ 15 ਅਗਸਤ 2022 ਨੂੰ ‘ਆਜ਼ਾਦੀ ਦਾ ਮਹਾਉਤਸਵ’ ਮਨਾਉਣ ਸਮੇਂ ਗੁਜਰਾਤ ਸਰਕਾਰ ਨੇ ਰਹਿੰਦੀ ਸਜ਼ਾ ਮੁਆਫ਼ ਕਰ ਕੇ ਰਿਹਾਅ ਕਰ ਦਿੱਤਾ। ਗੁਜਰਾਤ ’ਚ ਇਨ੍ਹਾਂ ਦੀ ਰਿਹਾਈ ਸਮੇਂ ਬਲਾਤਕਾਰੀਆਂ ਦੇ ਹਾਰ ਪਾਏ ਅਤੇ ਲੱਡੂ ਵੰਡੇ। ਜਦੋਂ ਮੀਡੀਆ ’ਚ ਰੌਲ਼ਾ ਪਿਆ ਤਾਂ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਹੁਕਮ ਰੱਦ ਕਰ ਕੇ ਦੋਸ਼ੀਆਂ ਨੂੰ ਮੁੜ ਜੇਲ੍ਹ ’ਚ ਬੰਦ ਕਰ ਦਿੱਤਾ। ਪਿਛਲੇ ਵਰ੍ਹੇ ਦਸੰਬਰ ’ਚ ਰਾਜਸਥਾਨ ’ਚ ਪਤੀ ਨੇ ਪਤਨੀ ਨੂੰ ਨਿਰਵਸਤਰ ਕਰ ਕੇ ਘੁਮਾਇਆ।
ਤਾਮਿਲਨਾਡੂ ਦੀ ਵਿਧਾਨ ਸਭਾ ’ਚ ਮਾਰਚ 1989 ’ਚ ਮੁੱਖ ਮੰਤਰੀ ਐੱਮ ਕਰੁਨਾਨਿਧੀ ਦੇ ਇੱਕ ਵਿਧਾਇਕ ਨੇ ਜੈਲਲਿਤਾ ਦੀ ਕਥਿਤ ਰੂਪ ’ਚ ਸਾੜੀ ਖਿੱਚੀ ਸੀ ਤੇ ਜੈਲਲਿਤਾ ਹੇਠਾਂ ਡਿੱਗ ਪਈ ਸੀ। ਯੂਪੀ ਦੇ ਸਾਬਕਾ ਮੁੱਖ ਮੰਤਰੀ ਐੱਨਡੀ ਤਿਵਾੜੀ ਨੂੰ 80 ਸਾਲਾਂ ਦੀ ਉਮਰ ’ਚ ਨਮੋਸ਼ੀ ਝੱਲਣੀ ਪਈ। ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ’ਤੇ ਵੀ ਮਹਿਲਾ ਆਈਏਐੱਸ ਅਧਿਕਾਰੀ ਨੂੰ ਛੇੜਛਾੜ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ।
ਮਹਿਲਾ ਪਹਿਲਵਾਨਾਂ ਨਾਲ਼ ਹੁੰਦੇ ਜਿਨਸੀ ਸ਼ੋਸ਼ਣ ਖ਼ਿਲਾਫ਼ ਵਿਨੇਸ਼ ਫੋਗਟ ਦੀ ਅਗਵਾਈ ’ਚ ਹੋਏ 2023 ਦੇ ਸੰਘਰਸ਼ ਦਾ ਕੇਂਦਰ ਬਿੰਦੂ ਯੂਪੀ ਦਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਸੀ। ਹਰਿਆਣੇ ’ਚ ਮਹਿਲਾ ਕੋਚ ਨੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਕਥਿਤ ਜਿਨਸੀ ਛੇੜਛਾੜ ਦੇ ਦੋਸ਼ ਲਾਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਐੱਮਪੀ ਚਰਨਜੀਤ ਸਿੰਘ ਚੰਨੀ ’ਤੇ ਵੀ ਮਹਿਲਾ ਉੱਚ ਅਧਿਕਾਰੀ ਨੂੰ ਕਥਿਤ ਅਸ਼ਲੀਲ ਵੱਟਸਐੱਪ ਸੁਨੇਹੇ ਭੇਜਣ ਦੇ ਦੋਸ਼ ਲੱਗੇ ਸਨ। ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ‘ਬੱਜਰ ਪਾਪ’ ਕਾਰਨ ਸਿੱਖ ਪੰਥ ’ਚੋਂ ਵੀ ਛੇਕ ਕੇ ਬਾਅਦ ’ਚ ‘ਤਨਖਾਹ’ ਵੀ ਲਾ ਦਿੱਤੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਤੇ ਤਤਕਾਲੀ ਵਿਧਾਇਕ ਗਗਨਦੀਪ ਸਿੰਘ ਬਰਨਾਲਾ ’ਤੇ ਵੀ ਬਲਾਤਕਾਰ ਦੇ ਦੋਸ਼ ਲੱਗੇ ਸਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ’ਤੇ ਵੀ ਵਿਦੇਸ਼ੀ ਟੂਰਿਸਟ ਕਾਤੀਆ ਨੂੰ ਕਥਿਤ ਅਗਵਾ ਕਰਨ ਦਾ ਦੋਸ਼ ਲੱਗਿਆ ਸੀ। ਇਸੇ ਵਰ੍ਹੇ ਵਲਟੋਹਾ ’ਚ ਵੀ ਦਿਨ-ਦਿਹਾੜੇ ‘ਚੀਰਹਰਨ’ ਕੀਤਾ ਗਿਆ ਸੀ।
2019 ਤੋਂ 2024 ਤੱਕ ਏਡੀਆਰ (ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰੀਫੌਰਮਜ਼) ਦੇ ਸਰਵੇਖਣ ਅਨੁਸਾਰ ਕੁੱਲ 151 ਸੰਸਦ ਮੈਂਬਰਾਂ ਤੇ ਵਿਧਾਇਕਾਂ ਉੱਪਰ ਬਲਾਤਕਾਰ ਜਾਂ ਔਰਤਾਂ ਨਾਲ਼ ਛੇੜਛਾੜ ਦੇ ਕੇਸ ਦਰਜ ਸਨ। ਇਨ੍ਹਾਂ ’ਚੋਂ 16 ਸੰਸਦ ਮੈਂਬਰ ਤੇ 135 ਵਿਧਾਇਕ ਹਨ। ਪੱਛਮੀ ਬੰਗਾਲ 25 ਨਾਲ਼ ਪਹਿਲੇ, ਆਂਧਰਾ ਪ੍ਰਦੇਸ਼ 21 ਨਾਲ਼ ਦੂਜੇ ਤੇ ਉਡੀਸ਼ਾ 17 ਕੇਸਾਂ ਨਾਲ਼ ਤੀਜੇ ਨੰਬਰ ’ਤੇ ਹੈ।
ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਤੇ ਰਾਜ ਸਭਾ ਦੇ ਮੌਜੂਦਾ ਮੈਂਬਰ ਰੰਜਨ ਗੋਗੋਈ ’ਤੇ ਵੀ ਮਹਿਲਾ ਕਰਮਚਾਰੀ ਨੇ ਉਸ ਨੂੰ ਤੰਗ ਕਰਨ ਦੇ ਦੋਸ਼ ਲਾਏ ਸਨ। ਜਸਟਿਸ ਗੋਗੋਈ ਨੂੰ ਬਾਅਦ ’ਚ ਜਾਂਚ ਮਗਰੋਂ ਕਲੀਨ ਚਿੱਟ ਮਿਲ਼ ਗਈ। ਪਿਛਲੇ ਵਰ੍ਹੇ ਯੂਪੀ ਦੀ ਮਹਿਲਾ ਜੱਜ ਨੇ ਵੀ ਚੀਫ ਜਸਟਿਸ ਆਫ ਇੰਡੀਆ ਨੂੰ ਖ਼ਤ ਲਿਖ ਕੇ ‘ਆਤਮ-ਹੱਤਿਆ’ ਕਰਨ ਦੀ ਇਜਾਜ਼ਤ ਮੰਗੀ ਸੀ। ਉਸ ਮਹਿਲਾ ਜੱਜ ਨੇ ਆਪਣੇ ਸੈਸ਼ਨਜ਼ ਜੱਜ ’ਤੇ ਕਥਿਤ ਸਰੀਰਕ ਸ਼ੋਸ਼ਣ ਦਾ ਦੋਸ਼ ਮੜ੍ਹਿਆ ਸੀ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾ ਰਾਮ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਜਿਸ ਕਾਰਨ ਇਹ ਦੋਵੇਂ ਹੀ ਸੀਖਾਂ ਪਿੱਛੇ ਹਨ। ਹਰਿਆਣੇ ਦੇ ਇੱਕ ਡੇਰੇ ਦੇ ਮੁਖੀ ਰਾਮਪਾਲ ਨੂੰ ਵੀ ਇਸ ਤਰ੍ਹਾਂ ਦੇ ਦੋਸ਼ਾਂ ਸਮੇਤ ਕਈ ਹੋਰਨਾਂ ਕੇਸਾਂ ’ਚ ਉਮਰ ਕੈਦ ਵੀ ਹੋਈ ਸੀ। ਸਵਾਮੀ ਨਿਤਿਆਨੰਦ ’ਤੇ ਵੀ ਵਿਦੇਸ਼ੀ ਲੜਕੀ ਨੇ ਬਲਾਤਕਾਰ ਦੇ ਦੋਸ਼ ਲਾਏ ਜੋ ਦੇਸ਼ ਛੱਡ ਕੇ ਭੱਜ ਗਿਆ ਸੀ। ਹਾਲ ਹੀ ਵਿੱਚ ਜਗਰਾਓਂ ਨੇੜੇ ਡੇਰੇ ਦੇ ਮੁਖੀ ਦੀ ਵੀਡੀਓ ਵੀ ਚਰਚਾ ’ਚ ਰਹੀ ਹੈ।
‘ਤਹਿਲਕਾ’ ਵੈੱਬਪੋਰਟਲ ਦੇ ਪੱਤਰਕਾਰ ਤਰੁਨ ਤੇਜਪਾਲ ਅਤੇ ਪੱਤਰਕਾਰ ਤੇ ਸਾਬਕਾ ਮੰਤਰੀ ਐੱਮਜੇ ਅਕਬਰ ਵੀ ਔਰਤਾਂ ਨਾਲ਼ ਕਥਿਤ ਛੇੜਛਾੜ ਦੇ ਦੋਸ਼ਾਂ ਕਾਰਨ ਸੁਰਖ਼ੀਆਂ ’ਚ ਰਹੇ। ਅਕਬਰ ’ਤੇ ਤਾਂ ਵਿਦੇਸ਼ੀ ਸਮੇਤ 11 ਔਰਤਾਂ ਨੇ ‘ਮੀ ਟੂ’ ਮੁਹਿੰਮ ਤਹਿਤ ਇਲਜ਼ਾਮ ਲਾਏ ਸਨ।
ਦਸੰਬਰ 2012 ’ਚ ਨਿਰਭੈ ਕਤਲ ਕਾਂਡ ਨੇ ਪੂਰੀ ਦੁਨੀਆ ’ਚ ਮੀਡੀਆ ਦੀਆਂ ਸੁਰਖ਼ੀਆਂ ’ਚ ਥਾਂ ਲਈ ਸੀ। ਉਸ ਮਗਰੋਂ ਕਾਨੂੰਨ ਵੀ ਬਣਿਆ ਤੇ ਦੋਸ਼ੀਆਂ ਨੂੰ ਫ਼ਾਂਸੀ ਵੀ ਹੋਈ ਪਰ ਬਲਾਤਕਾਰ ਨਹੀਂ ਘਟੇ। ਅੱਜ ਵੀ ਹਰ ਰੋਜ਼ 86 ਬਲਾਤਕਾਰ ਹੋ ਰਹੇ ਹਨ। ਆਜ਼ਾਦੀ ਦੇ ‘ਅੰਮ੍ਰਿਤਕਾਲ’ ਦੌਰਾਨ ਅੱਜ ਵੀ ਹਰ 16 ਮਿੰਟਾਂ ’ਤੇ ਕਿਸੇ ਇੱਕ ਭਾਰਤੀ ਨਾਰੀ ਦੀ ਆਬਰੂ ਲੀਰੋ-ਲੀਰ ਕਰ ਦਿੱਤੀ ਜਾਂਦੀ ਹੈ। ਇਹ ਅੰਕੜੇ ਪੁਲੀਸ ਕੋਲ ਦਰਜ ਕੇਸਾਂ ਦੇ ਹਨ। ਜੋ ਕੇਸ ਸਮਾਜਿਕ ਕਾਰਨਾਂ ਕਰ ਕੇ ਰਿਪੋਰਟ ਹੀ ਨਹੀਂ ਹੁੰਦੇ, ਉਨ੍ਹਾਂ ਦੀ ਗਿਣਤੀ ਕਈ ਗੁਣਾ ਹੋ ਸਕਦੀ ਹੈ। 2012 ਦੇ ਸਰਕਾਰੀ ਅੰਕੜਿਆਂ ਅਨੁਸਾਰ 24923 ਬਲਾਤਕਾਰ ਕੇਸ ਰਿਪੋਰਟ ਹੋਏ ਸਨ ਜੋ 2022 ’ਚ 31516 ਹੋ ਗਏ; ਭਾਵ, 26 ਫ਼ੀਸਦੀ ਇਜ਼ਾਫ਼ਾ।
ਅਦਾਲਤੀ ਘੁੰਮਣ-ਘੇਰੀਆਂ ’ਚ ਫਸਣ ਕਾਰਨ ਪੀੜਤ ਔਰਤਾਂ ਨਰਕ ਭੋਗਦੀਆਂ ਹਨ ਤੇ ਦੋਸ਼ੀ ਬਰੀ ਹੋ ਜਾਂਦੇ ਹਨ। ਹਾਲ ਹੀ ਵਿਚ ਰਾਜਸਥਾਨ ਦੀ ਅਜਮੇਰ ਅਦਾਲਤ ਨੇ 32 ਸਾਲਾਂ ਬਾਅਦ 87 ਲੜਕੀਆਂ ਨਾਲ਼ ਬਲਾਤਕਰ ਕਰਨ ਵਾਲ਼ੇ 18 ’ਚੋਂ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇਨ੍ਹਾਂ ਪੀੜਤਾਂ ’ਚੋਂ ਛੇ ਨੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਸਥਾਨਕ ਪੱਤਰਕਾਰ ਮਦਨ ਸਿੰਘ ਨੇ ਇਸ ਕਾਂਡ ਦਾ ਪਰਦਾਫ਼ਾਸ਼ ਕੀਤਾ ਸੀ, ਉਸ ਦਾ 1992 ’ਚ ਕਤਲ ਕਰ ਦਿੱਤਾ ਗਿਆ। ਰਾਮ ਰਹੀਮ ਵਾਲੇ ਕੇਸ ’ਚ ਪਰਦਾਫ਼ਾਸ਼ ਕਰਨ ਵਾਲੇ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ।
ਸਾਬਕਾ ਰਾਜ ਸਭਾ ਮੈਂਬਰ, ਸੀਪੀਆਈ (ਐੱਮ) ਦੀ ਪੋਲਿਟ ਬਿਊਰੋ ਮੈਂਬਰ ਤੇ ਨਾਰੀ ਸ਼ਕਤੀ ਲਹਿਰਾਂ ਨਾਲ਼ ਜੁੜੀ ਬਰਿੰਦਾ ਕਰਾਤ ਨੇ ਆਪਣੀ ਕਿਤਾਬ ‘ਹਿੰਦੂਤਵਾ ਐਂਡ ਵਾਇਲੈਂਸ ਅਗੇਂਸਟ ਵੁਮੈੱਨ’ ਵਿੱਚ ਲਿਖਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਚੰਦਰਯਾਨ ਮਿਸ਼ਨ ਦੀ ਸਫ਼ਲਤਾ ਲਈ ਇਸ ਮਿਸ਼ਨ ਨਾਲ਼ ਜੁੜੀਆਂ ਵਿਗਿਆਨਕ ਮਹਿਲਾਵਾਂ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਔਰਤਾਂ ’ਚ ਵਿਸ਼ਵਾਸ ਭਰਦਾ ਹੈ; ਇਸੇ ਤਰ੍ਹਾਂ ਜਦੋਂ ਉਹ ਬਿਲਕੀਸ, ਮਨੀਪੁਰ ਜਾਂ ਹਾਥਰਸ ’ਚ ਔਰਤਾਂ ਉੱਪਰ ਹੋਈਆਂ ਜ਼ਿਆਦਤੀਆਂ ਦੀਆਂ ਘਟਨਾਵਾਂ ’ਤੇ ‘ਚੁੱਪ’ ਰਹਿੰਦੇ ਹਨ ਤਾਂ ਔਰਤਾਂ ਦਾ ਮਨੋਬਲ ਡਿੱਗਦਾ ਹੈ ਤੇ ਬਲਾਤਕਾਰੀਆਂ ਦੇ ਹੌਸਲੇ ਹੋਰ ਵਧ ਜਾਂਦੇ ਹਨ।
ਕਰਾਤ ਨੇ ਕਿਤਾਬ ਦੀ ਸ਼ੁਰੂਆਤ ਇਸ ਘਟਨਾ ਨਾਲ ਕੀਤੀ ਹੈ ਕਿ 15 ਅਗਸਤ 2022 ਨੂੰ ਜਦੋਂ ਲਾਲ ਕਿਲੇ ’ਤੇ ਪੀਐੱਮ ਮੋਦੀ ਨੇ ਬੜਾ ਭਾਵੁਕ ਹੁੰਦਿਆਂ ਗੱਚ ਭਰ ਕੇ ਕਿਹਾ ਸੀ ਕਿ ਅਸੀਂ ਆਪਣੀ ਰੋਜ਼ਮੱਰਾ ਬੋਲਚਾਲ ’ਚ ਔਰਤਾਂ ਲਈ ਗ਼ਲਤ ਸ਼ਬਦ ਵਰਤ ਰਹੇ ਹਾਂ, ਕੀ ਅਸੀਂ ਇਸ ਵਰਤਾਰੇ ਤੋਂ ਛੁਟਕਾਰਾ ਪਾਉਣ ਲਈ ਸਹੁੰ ਨਹੀਂ ਖਾ ਸਕਦੇ? ਪਰ ਕੁਝ ਘੰਟਿਆਂ ਮਗਰੋਂ ਮੋਦੀ ਜੀ ਦੇ ਆਪਣੇ ਰਾਜ ਗੁਜਰਾਤ ’ਚ ਸਰਕਾਰ ਬਿਲਕੀਸ ਬਾਨੋ ਕਾਂਡ ਦੇ ਬਲਾਤਕਾਰੀ 11 ਦੋਸ਼ੀਆਂ ਨੁੰ ਮੁਆਫ਼ੀ ਦੇ ਕੇ ਰਿਹਾਅ ਕਰਨ ਦੀ ਤਿਆਰੀ ਕਰ ਰਹੀ ਸੀ।
ਜਦੋਂ ਮਹਾਰਾਸ਼ਟਰ ’ਚ ਛਤਰਪਤੀ ਸ਼ਿਵਾਜੀ ਦਾ ਢਾਈ ਕਰੋੜ ਰੁਪਏ ਤੋਂ ਵੱਧ ਦਾ ਬੁੱਤ ਡਿੱਗਦਾ ਹੈ ਤਾਂ ਪ੍ਰਧਾਨ ਮੰਤਰੀ ਕੌਮ ਤੋਂ ਮੁਆਫ਼ੀ ਮੰਗਦੇ ਹਨ। ਮਹਿਲਾ ਪਹਿਲਵਾਨਾਂ ਦੇ ਸੰਘਰਸ਼, ਮਨੀਪੁਰ, ਹਾਥਰਸ, ਉਨਾਓ ਆਦਿ ’ਤੇ ਪੀਐੱਮ ਦੀ ਚੁੱਪ ਦੇ ਕੀ ਅਰਥ ਹਨ? ਧ੍ਰਿਤਰਾਸ਼ਟਰ (ਜੋ ਅੰਨ੍ਹਾ ਸੀ) ਵੀ ਚੀਰਹਰਨ ਵਾਲ਼ੇ ਦੁਖਾਂਤ ’ਤੇ ਖ਼ਾਮੋਸ਼ ਰਿਹਾ ਸੀ।
ਸ਼ਹਿਰਾਂ ’ਚ ਨਾਰੀ ਦੇ ਸ਼ੋਸ਼ਣ ਨੂੰ ਮਹਾਨਗਰਾਂ ਦਾ ਮੀਡੀਆ ਹਮੇਸ਼ਾ ‘ਅੱਖਾਂ ’ਤੇ ਚੁੱਕ’ ਲੈਂਦਾ ਹੈ ਪਰ ਦੂਰ ਦੁਰਾਡੇ ਹੁੰਦੇ ਅਜਿਹੇ ਕਾਰਿਆਂ ਦੀਆਂ ਪੀੜਤਾਂ ਮੀਡੀਆ ਲਈ ‘ਟੀਆਰਪੀ’ ਨਹੀਂ ਬਣਦੀਆਂ। ਭਾਰਤੀ ਨਾਰੀ ਦੇ ਜੀਵਨ ’ਚ ਮਹਾਭਾਰਤ ਵਰਗਾ 18ਵਾਂ ਦਿਨ ਕਦੋਂ ਆਵੇਗਾ? ‘ਦੁਰਯੋਧਨਾਂ’ ਦਾ ‘ਵਧ’ ਕਰਨ ਲਈ ‘ਭੀਮ’ ਕੌਣ ਬਣੇਗਾ? ਬਕੌਲ ਮਰਹੂਮ ਅਟਲ ਬਿਹਾਰੀ ਵਾਜਪਾਈ, “ਰਾਜੇ ਨੂੰ ‘ਰਾਜ ਧਰਮ’ ਨਿਭਾਉਣਾ ਚਾਹੀਦਾ ਹੈ।”
ਸੰਪਰਕ: 94178-01988

Advertisement

Advertisement
Author Image

joginder kumar

View all posts

Advertisement