ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿਸਤੌਲ ਅਤੇ ਹੋਰ ਸਾਮਾਨ ਬਰਾਮਦ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 6 ਨਵੰਬਰ
ਸ਼ਹਿਰ ਥਾਣਾ ਪੁਲੀਸ ਵੱਲੋਂ ਕਰੀਬ 4 ਦਿਨ ਪਹਿਲਾਂ ਮਾਡਲ ਟਾਊਨ ਖੇਤਰ ਦੇ ਅਗਰਸੈਨ ਚੌਕ ਕੋਲ ਇਕ ਨੌਜਵਾਨ ’ਤੇ ਗੋਲੀ ਚਲਾਉਣ ਦੇ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਮੱਖਣ ਸਿੰਘ ਵਾਸੀ ਰਤੀਆ ਦਾ ਅੱਜ 4 ਦਿਨ ਦਾ ਪੁਲੀਸ ਰਿਮਾਂਡ ਸਮਾਪਤ ਹੋ ਗਿਆ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹਮਲੇ ਵਿੱਚ ਵਰਤਿਆ ਗਿਆ ਪਿਸਤੌਲ ਅਤੇ ਡੰਡਾ ਬਰਾਮਦ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਬਾਈਪਾਸ ’ਤੇ ਨਾਕੇ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਇਸ ਸਬੰਧੀ ਪਹਿਲਾਂ 4 ਮੁਲਜ਼ਮਾਂ ਸੁਮਿਤ, ਟਿੰਕੂ, ਗਗਨਦੀਪ ਅਤੇ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ, ਜਦੋਂ ਕਿ ਇਸ ਹੱਤਿਆ ਦੀ ਕੋਸ਼ਿਸ਼ ਦਾ ਮੁੱਖ ਮੁਲਜ਼ਮ ਮੱਖਣ ਅਤੇ ਉਸ ਦਾ ਇਕ ਹੋਰ ਸਾਥੀ ਕਾਲੂ ਫ਼ਰਾਰ ਚੱਲ ਰਿਹਾ ਸੀ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ 28 ਅਗਸਤ ਨੂੰ ਪਿੰਡ ਸੁਖਮਨਪੁਰ ਦੇ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਮੱਖਣ ਤੋਂ ਇਲਾਵਾ ਟਿੰਕੂ, ਸੁਮਿਤ, ਹੈਪੀ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਜੇਲ੍ਹ ’ਚ ਹੋਈ ਰੰਜਿਸ਼ ਨੂੰ ਲੈ ਕੇ ਹੀ ਜਗਸੀਰ ਸਿੰਘ ’ਤੇ ਉਦੋਂ ਫਾਇਰਿੰਗ ਕੀਤੀ ਸੀ, ਜਦੋਂ ਉਹ ਆਪਣੇ ਦੋਸਤ ਗੱਗੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਟਿੱਬਾ ਕਲੋਨੀ ਵਿਚ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੱਖਣ ਨੇ ਫਾਇਰਿੰਗ ਕੀਤੀ ਸੀ ਅਤੇ ਇਸ ਦੇ ਫੁਟੇਜ ਵੀ ਸਾਹਮਣੇ ਆਏ ਸੀ।
ਉਨ੍ਹਾਂ ਦੱਸਿਆ ਕਿ ਵਾਰਦਾਤ ਵੇਲੇ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਕਾਲੂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।