ਰਜਬਾਹੇ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਰੋਸ ਵਧਿਆ
ਸੁਖਦੇਵ ਸਿੰਘ
ਅਜਨਾਲਾ, 9 ਜੂਨ
ਇਥੋਂ ਨੇੜਲੇ ਪਿੰਡ ਰੱਖ ਓੁਠੀਆਂ, ਧਰਮਕੋਟ ਸਮੇਤ ਹੋਰ ਪਿੰਡਾਂ ਦੇ ਖੇਤਾਂ ਵਿੱਚੋਂ ਅਜਨਾਲਾ ਰਜਬਾਹਾ ਨੂੰ ਨਹਿਰੀ ਵਿਭਾਗ ਵੱਲੋਂ ਪੱਕਾ ਕਰਨ ਸਮੇਂ ਜ਼ਮੀਨ ਦੀ ਕੁਦਰਤੀ ਢਲਾਣ ਅਨੁਸਾਰ ਬਰਸਾਤੀ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਆਉਣ ਵਾਲੇ ਬਰਸਾਤੀ ਸਮੇਂ ਦੌਰਾਨ ਆਪਣੀਆਂ ਫਸਲਾਂ ਇੱਕ ਵਾਰ ਫਿਰ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਜਦ ਕਿ ਕਿਸਾਨਾਂ ਵੱਲੋਂ ਰਜਬਾਹੇ ਹੇਠੋਂ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਸਾਲਾਂ ਤੋਂ ਵੱਖ-ਵੱਖ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ ਪਰ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਪ੍ਰਭਾਵਿਤ ਕਿਸਾਨ ਬਾਜ਼ ਸਿੰਘ ਓੁਠੀਆਂ, ਦਲਜੀਤ ਸਿੰਘ, ਸੂਬਾ ਸਿੰਘ, ਨਿਸ਼ਾਨ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਰੱਖ ਓੁਠੀਆਂ, ਧਰਮਕੋਟ ਆਦਿ ਜ਼ਮੀਨਾਂ ਵਿੱਚੋਂ ਪੂਰਬ ਤੋਂ ਪੱਛਮ ਵੱਲ ਅਜਨਾਲਾ ਰਜਬਾਹਾ ਲੰਘਦਾ ਹੈ ਅਤੇ ਇਸੇ ਖੇਤਰ ਪਾਣੀ ਦੀ ਕੁਦਰਤੀ ਢਲਾਣ ਦੱਖਣ ਤੋਂ ਉੱਤਰ ਵਾਲੇ ਹੈ ਜਿਸ ਕਾਰਨ ਇਹ ਰਜਬਾਹਾ ਬਣਨ ਨਾਲ ਬਰਸਾਤੀ ਪਾਣੀ ਅੱਗੇ ਰੁਕਾਵਟ ਖੜ੍ਹੀ ਹੋਣ ਕਰਕੇ ਦੱਖਣ ਦਿਸ਼ਾ ਵਿੱਚ ਸਥਿਤ ਪਿੰਡ ਰੱਖ ਓੁਠੀਆਂ, ਧਰਮਕੋਟ ਆਦਿ ਦੀਆਂ ਜ਼ਮੀਨਾਂ ਵਿੱਚ ਪਾਣੀ ਭਰਨ ਨਾਲ ਅਕਸਰ ਹੀ ਫਸਲਾਂ ਖਰਾਬ ਹੋ ਜਾਂਦੀਆਂ ਹਨ। ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਜਗਦੀਸ਼ ਰਾਜ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਜਗ੍ਹਾ ‘ਤੇ ਉਹ ਖੁਦ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕਾ ਦੇਖਣ ਜਾਣਗੇ ਅਤੇ ਬਣਦਾ ਹੱਲ ਕਰ ਦਿੱਤਾ ਜਾਵੇਗਾ।