ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਧਿਰਾਂ ਦੀ ਰੰਜਿਸ਼ ਕਾਰਨ ਹਸਪਤਾਲ ਬਣਿਆ ਲੜਾਈ ਦਾ ਮੈਦਾਨ

07:07 AM Jul 23, 2024 IST
ਹਸਪਤਾਲ ਵਿੱਚ ਨੌਜਵਾਨ ਦੀ ਕੁੱਟਮਾਰ ਕਰਦੇ ਹੋਏ ਹਮਲਾਵਰ।

ਸੁਭਾਸ਼ ਚੰਦਰ
ਸਮਾਣਾ, 22 ਜੁਲਾਈ
ਪਿੰਡ ਫ਼ਤਹਿਪੁਰ ਵਿੱਚ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਲੰਘੀ ਦੇਰ ਰਾਤ ਹੋਏ ਝਗੜੇ ਉਪਰੰਤ ਸਿਵਲ ਹਸਪਤਾਲ ਸਮਾਣਾ ਲਿਆਂਦੇ ਗਏ ਜ਼ਖਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਐਮਰਜੈਂਸੀ ਵਾਰਡ ਵਿੱਚ ਪਏ ਹਸਪਤਾਲ ਦੇ ਸਾਮਾਨ ਦੀ ਵੀ ਤੋੜ ਭੰਨ ਕੀਤੀ। ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਮਗਰੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਦੋਂਕਿ ਕੁਝ ਜ਼ਖ਼ਮੀ ਪਹਿਲਾਂ ਹੀ ਪਟਿਆਲਾ ਦੇ ਹਸਪਤਾਲ ਦਾਖ਼ਲ ਹੋ ਗਏ।
ਜ਼ਖ਼ਮੀਆਂ ਵਿੱਚ ਅੰਮ੍ਰਿਤਪਾਲ ਸਿੰਘ, ਬਲਰਾਜ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਸਿੰਘ, ਜਰਨੈਲ ਸਿੰਘ, ਕਾਲੀ ਅਤੇ ਰਾਜਿੰਦਰ ਸਿੰਘ ਸਾਰੇ ਵਾਸੀ ਪਿੰਡ ਫਤਹਿਪੁਰ ਸ਼ਾਮਲ ਹਨ।
ਪੁਲੀਸ ਅਤੇ ਹਸਪਤਾਲ ਸਟਾਫ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਪਿੰਡ ਫਤਿਹਪੁਰ ’ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਦੇ ਝਗੜੇ ’ਚ ਜ਼ਖ਼ਮੀ ਹੋਏ ਅੰਮ੍ਰਿਤਪਾਲ ਸਿੰਘ ਦੇ ਵਾਰਸ ਉਸ ਨੂੰ ਰਾਤ 1 ਵਜੇ ਤੋਂ ਬਾਅਦ ਸਿਵਲ ਹਸਪਤਾਲ ਲੈ ਕੇ ਆਏ ਤੇ ਉਸ ਨੂੰ ਐਮਰਜੈਂਸੀ ਵਾਰਡ ’ਚ ਦਾਖਲ ਕੀਤਾ ਗਿਆ। ਇਸ ਦੌਰਾਨ ਉੱਥੇ ਪਹੁੰਚੇ ਅੱਧੀ ਦਰਜਨ ਨੌਜਵਾਨਾਂ ਨੇ ਜ਼ਖਮੀ ਅੰਮ੍ਰਿਤਪਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਐਮਰਜੈਂਸੀ ਵਾਰਡ ’ਚ ਦੋਵੇਂ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ, ਜਿਸ ਦੌਰਾਨ ਵਾਰਡ ਦੀਆਂ ਖਿੜਕੀਆਂ ਦੇ ਸ਼ੀਸ਼ੇ, ਬੈੱਡ ਅਤੇ ਹੋਰ ਸਾਮਾਨ ਵੀ ਟੁੱਟ ਗਿਆ। ਝਗੜੇ ਕਾਰਨ ਸਹਿਮੇ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਪਰ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਟੀ ਪੁਲੀਸ ਦੇ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਲਈ ਮੁਲਾਜ਼ਮ ਪਟਿਆਲਾ ਗਏ ਹਨ।
ਜਾਂਚ ਉਪਰੰਤ ਕਸੂਰਵਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਹਸਪਤਾਲ ਦੇ ਸਟਾਫ਼ ਨੇ ਵੀ ਥਾਣਾ ਸਿਟੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ’ਚ ਵੜ ਕੇ ਹਮਲਾ ਕਰਨ ਤੇ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

Advertisement

Advertisement