ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ
ਭਗਵਾਨ ਦਾਸ ਸੰਦਲ
ਦਸੂਹਾ, 11 ਦਸੰਬਰ
ਇਥੋਂ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਇਕ ਸਾਲ ਤੋਂ ਗਾਇਨਾਕੋਲਾਜਿਸਟ ਡਾਕਟਰ ਨਾ ਹੋਣ ਕਾਰਨ ਔਰਤਾਂ ਪ੍ਰੇਸ਼ਾਨ ਹਨ। ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ ਡਾ. ਕੁਲਦੀਪ ਕੌਰ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਡਾ. ਪੂਜਾ ਨੇ ਅਹੁਦਾ ਸੰਭਾਲਿਆ ਸੀ ਪਰ ਜਲਦ ਹੀ ਉਨ੍ਹਾਂ ਦਾ ਤਬਾਦਲਾ ਹੋ ਗਿਆ ਜਿਸ ਮਗਰੋਂ ਹੁਣ ਤੱਕ ਕੋਈ ਗਾਇਨਾਕੋਲਾਜਿਸਟ ਮਹਿਲਾ ਡਾਕਟਰ ਨੂੰ ਨਿਯੁਕਤ ਨਹੀਂ ਕੀਤਾ ਗਿਆ ਜਿਸ ਕਾਰਨ ਜਣੇਪੇ ਲਈ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਖੱਜਲ ਹੋਣਾ ਪੈ ਰਿਹਾ ਹੈ। ਇਸ ਹਸਪਤਾਲ ਵਿੱਚ ਕਰੀਬ 300 ਦੇ ਕਰੀਬ ਪਿੰਡਾਂ ਦੇ ਹਜ਼ਾਰਾਂ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਹੈ। ਭਾਰਤੀ ਮਜ਼ਦੂਰ ਸੰਘ ਦੇ ਆਗੂ ਵਿਜੇ ਕਾਮਰੇਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਕਾਲੜਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਲੇਡੀਜ਼ ਡਾਕਟਰ ਸਣੇ ਹੋਰ ਅਮਲੇ ਦੀਆਂ ਖਾਲੀ ਅਸਾਮੀਆਂ ਭਰਨ ਦਾ ਮੁੱਦਾ ਉਨ੍ਹਾਂ ਸਿਹਤ ਵਿਭਾਗ ਦੀ ਉੱਚ ਪੱਧਰੀ ਬੈਠਕ ਵਿੱਚ ਚੁੱਕਿਆ ਹੈ ਤੇ ਜਲਦ ਹਸਪਤਾਲ ’ਚ ਮਹਿਲਾ ਡਾਕਟਰ ਦੀ ਨਿਯੁਕਤੀ ਹੋਵੇਗੀ।