ਸਰਕਾਰ ਦੀ ਬੇਰੁਖ਼ੀ ਕਾਰਨ ਵੱਡੀ ਗਿਣਤੀ ਵੈਟਰਨਰੀ ਡਾਕਟਰ ਵਿਦੇਸ਼ ਵਸੇ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 21 ਸਤੰਬਰ
ਪੰਜਾਬ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਪਸ਼ੂ ਪਾਲਣ ਵਿਭਾਗ ਵਿੱਚ ਤਾਇਨਾਤ ਵੱਡੀ ਗਿਣਤੀ ਵੈਟਰਨਰੀ ਅਫ਼ਸਰ ਨੌਕਰੀਆਂ ਛੱਡ ਕੇ ਵਿਦੇਸ਼ਾਂ ’ਚ ਉਡਾਰੀ ਮਾਰ ਚੁੱਕੇ ਹਨ ਅਤੇ ਬਾਕੀ ਡਾਕਟਰਾਂ ਨੇ ਵੀ ਆਪਣਾ ਰੁਖ਼ ਬਾਹਰਲੇ ਮੁਲਕਾਂ ਵੱਲ ਕੀਤਾ ਹੋਇਆ ਹੈ।
ਪੰਜਾਬ ਰਾਜ ਵੈਟਰਨਰੀ ਕੌਂਸਲ ਦੇ ਮੈਂਬਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਦਾ ਵੱਡਾ ਕਾਰਨ ਪਿਛਲੀ ਕਾਂਗਰਸ ਸਰਕਾਰ ਦੇ ਆਖ਼ਰੀ ਸਮੇਂ ਦੌਰਾਨ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਦਾ ਮੁੱਢਲਾ ਤਨਖ਼ਾਹ ਸਕੇਲ 56,100 ਰੁਪਏ ਤੋਂ ਘਟਾ ਕੇ 47,600 ਰੁਪਏ ਕਰਨਾ ਅਤੇ ਡਾਇਨੈਮਿਕ ਅਸ਼ੋਰਡ ਕੈਰੀਅਰ ਪ੍ਰੋਗੈਰਸ਼ਨ ਸਕੀਮ (ਡੀਏਸੀਪੀ) ਅਧੀਨ ਤਰੱਕੀ ਸਕੇਲ ਬਹਾਲ ਕਰਨ ਬਾਰੇ ਹਾਲੇ ਤੱਕ ਕੋਈ ਕਦਮ ਨਾ ਚੁੱਕਣਾ ਹੈ। ਇਹੀ ਨਹੀਂ, ‘ਆਪ’ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ। ਪਸ਼ੂ ਹਸਪਤਾਲਾਂ ਵਿੱਚ ਸਟਾਫ਼ ਅਤੇ ਦਵਾਈਆਂ ਦੀ ਵੱਡੀ ਘਾਟ ਹੈ। ਆਗੂਆਂ ਕਿਹਾ ਕਿ ਪੰਜਾਬ ਦੇ ਪੰਜਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਜ ਦੇ ਕੁੱਲ 11 ਕੈਟਾਗਰੀ ਦੇ ਕਲਾਸ ‘ਏ’ ਅਫ਼ਸਰਾਂ, ਜਿਨ੍ਹਾਂ ਵਿੱਚ ਵੈਟਰਨਰੀ ਅਫ਼ਸਰ ਵੀ ਸ਼ਾਮਲ ਹਨ, ਨੂੰ ਬਣਦਾ ਸਕੇਲ ਨਹੀਂ ਦਿੱਤਾ ਗਿਆ। ਇਸ ਸਬੰਧੀ ਛੇਵੇਂ ਤਨਖ਼ਾਹ ਕਮਿਸ਼ਨਰ ਦੇ ਲਾਗੂ ਹੋਣ ਮਗਰੋਂ ਵੀ ਸਰਕਾਰ ਨੇ ਫ਼ੈਸਲਾ ਲੈਣ ਤੋਂ ਹੱਥ ਪਿੱਛੇ ਖਿੱਚ ਲਏ ਹਨ। ਡਾ. ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਅਫ਼ਸਰਾਂ ਦੇ ਬਰਾਬਰ ਤਨਖ਼ਾਹ ਦੇਣ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ।